ਮਾਲ ਬਾਹਰ ਖੜ੍ਹੀ ਕਾਰ ਦੇ ਸ਼ੀਸ਼ੇ ਤੋੜ ਕੇ ਨਕਦੀ, ਹੀਰੇ ਤੇ ਸੋਨੇ ਦੇ ਗਹਿਣੇ ਚੋਰੀ
Saturday, Dec 28, 2024 - 01:23 PM (IST)
ਚੰਡੀਗੜ੍ਹ (ਪ੍ਰੀਕਸ਼ਿਤ) : ਕਿਸੇ ਅਣਪਛਾਤੇ ਵਿਅਕਤੀ ਨੇ ਸ਼ਿਆਮ ਫੈਸ਼ਨ ਮਾਲ ਦੇ ਬਾਹਰ ਖੜ੍ਹੀ ਕਾਰ ਦਾ ਸ਼ੀਸ਼ਾ ਤੋੜ ਕੇ ਅੰਦਰੋਂ ਮੋਬਾਈਲ, ਨਕਦੀ, ਸੋਨੇ ਤੇ ਹੀਰਿਆਂ ਦੇ ਗਹਿਣੇ ਚੋਰੀ ਕਰ ਲਏ। ਸ਼ਿਕਾਇਤ ਤੋਂ ਬਾਅਦ ਪੁਲਸ ਨੇ ਪਰਚਾ ਦਰਜ ਕਰ ਲਿਆ ਹੈ। ਪੁਲਸ ਮੁਲਜ਼ਮ ਦੀ ਭਾਲ ਕਰ ਰਹੀ ਹੈ। ਜ਼ੀਰਕਪੁਰ ਦੇ ਸ਼ਿਵਾਲਿਕ ਵਿਹਾਰ ਦੇ 55 ਸਾਲਾ ਕਮਲੇਸ਼ ਨੇ ਪੁਲਸ ਨੂੰ ਦੱਸਿਆ ਕਿ ਵੀਰਵਾਰ ਸ਼ਾਮ ਕਰੀਬ 4.30 ਵਜੇ ਉਹ ਬੇਟੇ ਦੀ ਮੰਗੇਤਰ ਨਾਲ ਸੈਕਟਰ-34 ਸਥਿਤ ਸ਼ਿਆਮ ਫੈਸ਼ਨ ਮਾਲ ’ਚ ਖ਼ਰੀਦਦਾਰੀ ਕਰਨ ਗਏ ਸਨ।
ਉਨ੍ਹਾਂ ਕਾਰ ਸ਼ਿਆਮ ਫੈਸ਼ਨ ਮਾਲ ਨੇੜੇ ਕੱਚੀ ਪਾਰਕਿੰਗ ’ਚ ਖੜ੍ਹੀ ਕੀਤੀ ਸੀ। ਖ਼ਰੀਦਦਾਰੀ ਤੋਂ ਬਾਅਦ ਜਦੋਂ ਉਹ ਰਾਤ ਕਰੀਬ 9.30 ਵਜੇ ਕਾਰ ਦੇ ਕੋਲ ਪਹੁੰਚੇ ਤਾਂ ਦੇਖਿਆ ਕਿ ਸੱਜਾ ਸ਼ੀਸ਼ਾ ਟੁੱਟਿਆ ਸੀ ਤੇ ਅੰਦਰੋਂ ਕੋਈ ਅਣਪਛਾਤਾ ਵਿਅਕਤੀ ਪਰਸ ਚੋਰੀ ਕਰ ਕੇ ਲੈ ਗਿਆ ਸੀ। ਪਰਸ ’ਚ 45 ਹਜ਼ਾਰ ਰੁਪਏ, ਹੀਰੇ ਦੀ ਮੁੰਦਰੀ, ਏ. ਟੀ. ਐੱਮ. ਕਾਰਡ, ਮੋਬਾਇਲ ਤੇ ਸੋਨੇ ਦੀ ਚੇਨ ਸੀ। ਉਨ੍ਹਾਂ ਪੁਲਸ ਨੂੰ ਸ਼ਿਕਾਇਤ ਕੀਤੀ। ਇਸ ਦੇ ਆਧਾਰ ’ਤੇ ਸੈਕਟਰ-34 ਥਾਣਾ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਪੁਲਸ ਆਸਪਾਸ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਦੀ ਜਾਂਚ ਕਰ ਰਹੀ ਹੈ ਤਾਂ ਜੋ ਮੁਲਜ਼ਮ ਦੀ ਪਛਾਣ ਹੋ ਸਕੇ।