ਫਗਵਾੜਾ ਨਿਗਮ ਹਾਊਸ ਦੀ ਮੀਟਿੰਗ ਨੂੰ ਲੈ ਕੇ ਕਸੂਤੇ ਫਸ ਸਕਦੇ ਨੇ ਕਈ ਵੱਡੇ ਅਧਿਕਾਰੀ
Sunday, Dec 29, 2024 - 03:32 PM (IST)
ਫਗਵਾੜਾ (ਜਲੋਟਾ)-ਫਗਵਾੜਾ ਨਗਰ ਨਿਗਮ ਚੋਣਾਂ ਤੋਂ ਬਾਅਦ ਚੁਣੇ ਗਏ ਨਵੇਂ ਹਾਉਸ ਦੀ ਮੀਟਿੰਗ ਸਬੰਧੀ ਸਰਕਾਰੀ ਪੱਧਰ ’ਤੇ ਨੋਟੀਫਿਕੇਸ਼ਨ ਜਾਰੀ ਕਰਨ ’ਚ ਹੋ ਰਹੀ ਦੇਰੀ ਆਮ ਲੋਕਾਂ ’ਚ ਭਾਰੀ ਚਰਚਾ ਦਾ ਵਿਸ਼ਾ ਬਣਦੀ ਜਾ ਰਹੀ ਹੈ। ਇਸ ਦੇ ਨਾਲ ਹੀ ਇਹ ਮਾਮਲਾ ਕੁਝ ਵੱਡੇ ਅਧਿਕਾਰੀਆਂ ਲਈ ਵੱਡੀ ਸਮੱਸਿਆ ਬਣ ਸਕਦਾ ਹੈ, ਜਿਸ ’ਚ ਉਹ ਕਸੂਤੇ ਫਸ ਸਕਦੇ ਹਨ। ਸੂਤਰਾਂ ਮੁਤਾਬਕ ਸੱਤਾਧਾਰੀ ਪਾਰਟੀ ਦੇ ਕੁਝ ਸਿਆਸਤਦਾਨਾਂ ਦੇ ‘ਤੁਸ਼ਟੀਕਰਨ’ ਦੀ ਪ੍ਰਕਿਰਿਆ ’ਚ ਲੱਗੇ ਹੋਏ ਕੁਝ ਸੀਨੀਅਰ ਅਧਿਕਾਰੀਆਂ ਨੂੰ ਮਾਣਯੋਗ ਹਾਈ ਕੋਰਟ ਜਾ ਕੇ ਇਸ ਦਾ ਜਵਾਬ ਦੇਣਾ ਪੈ ਸਕਦਾ ਹੈ। ਅਜਿਹਾ ਇਸ ਲਈ ਕਿਉਂਕਿ ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਫਗਵਾੜਾ ਦੇ ਕੁਝ ਲੋਕ ਪੰਜਾਬ ਵਿਚ ਮਿਊਂਸਪਲ ਚੋਣਾਂ ਮੁਕੰਮਲ ਹੋਣ ਤੋਂ ਬਾਅਦ ਲੋਕ ਹਿੱਤ ਵਿਚ ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਨਾ ਕੀਤੇ ਜਾਣ ਦੇ ਮੁੱਦੇ ਨੂੰ ਮਾਣਯੋਗ ਹਾਈਕੋਰਟ ਵਿਚ ਲਿਜਾਣ ਦੀ ਤਿਆਰੀ ਕਰ ਰਹੇ ਹਨ।
ਇਹ ਵੀ ਪੜ੍ਹੋ- ਸੜਕਾਂ 'ਤੇ ਨਹੀਂ ਦੌੜਨਗੀਆਂ ਸਰਕਾਰੀ ਬੱਸਾਂ, ਪੰਜਾਬ ਬੰਦ ਦੀ ਕਾਲ ਦਰਮਿਆਨ ਹੋ ਗਿਆ ਵੱਡਾ ਐਲਾਨ
ਉਨ੍ਹਾਂ ਦੀ ਦਲੀਲ ਹੈ ਕਿ ਲੋਕਤੰਤਰ ਵਿਚ ਸਰਕਾਰੀ ਨਿਯਮਾਂ ਤਹਿਤ ਕਾਰਪੋਰੇਸ਼ਨ ਹਾਊਸ ਵਿਚ ਲੋਕਾਂ ਵਲੋਂ ਚੁਣੇ ਗਏ ਲੋਕ ਨੁਮਾਇੰਦਿਆਂ ਦੀ ਮੀਟਿੰਗ ਨਾ ਕਰਾਨਾ ਲੋਕਤੰਤਰੀ ਪ੍ਰਕਿਰਿਆ ਦੀ ਪੂਰੀ ਤਰ੍ਹਾਂ ਉਲੰਘਣਾ ਹੈ, ਜੋ ਲੋਕਤੰਤਰ ਦੇ ਬੁਨਿਆਦੀ ਸਿਧਾਂਤਾਂ ਦੇ ਵਿਰੁੱਧ ਹੈ। ਜ਼ਿਕਰਯੋਗ ਹੈ ਕਿ ਮਾਣਯੋਗ ਸੁਪਰੀਮ ਕੋਰਟ ਦੇ ਬੇਹਦ ਸਖ਼ਤ ਹੁਕਮਾਂ ਤੋਂ ਬਾਅਦ ਹੀ ਪੰਜਾਬ ’ਚ ਹਾਲ ਹੀ ’ਚ ਹੋਈਆ ਮਿਊਂਸਪਲ ਚੋਣਾਂ ਨੂੰ ਸਰਕਾਰ ਵੱਲੋਂ ਜਲਦਬਾਜ਼ੀ ’ਚ ਕਰਵਾਈਆਂ ਗਈਆਂ ਹੈ। ਅਜਿਹੇ ’ਚ ਜੇਕਰ ਹੁਣ ਸੂਬੇ ’ਚ ਸੱਤਾਧਾਰੀ ਪਾਰਟੀ ਦੇ ਕੁਝ ਵੱਡੇ ਸਿਆਸਤਦਾਨਾਂ ਦੇ ਕਥਿਤ ਇਸ਼ਾਰੇ ’ਤੇ ਕੁਝ ਸਰਕਾਰੀ ਅਧਿਕਾਰੀਆਂ ਵੱਲੋਂ ਨੋਟੀਫਿਕੇਸ਼ਨ ਨੂੰ ਅਧਿਕਾਰਤ ਤੌਰ ’ਤੇ ਰੋਕਣ ਜਾਂ ਦੇਰੀ ਕਰਨ ਦੀ ਰਾਜਨੀਤੀ ਕੀਤੀ ਜਾ ਰਹੀ ਹੈ ਤਾਂ ਅਜਿਹੇ ਸਰਕਾਰੀ ਬਾਬੂਆਂ ਲਈ ਕਈ ਮੁਸ਼ਕਲਾਂ ਖੜ੍ਹੀਆਂ ਹੋਣੀਆਂ ਲਾਜ਼ਮੀ ਹਨ। ਦੱਸ ਦੇਈਏ ਕਿ ਫਗਵਾੜਾ ’ਚ ‘ਆਪ’ ਦੇ ਇਕ ਵੱਡੇ ਰਾਜਨੇਤਾ ਨੇ ਕਿਹਾ ਹੈ ਕਿ ਜਦੋਂ ਤੱਕ 'ਆਪ' ਲਈ ਮੇਅਰ ਦੇ ਅਹੁਦੇ ਦਾ ਰਸਤਾ ਸੁਰੱਖਿਅਤ ਨਹੀਂ ਹੋ ਜਾਂਦਾ ਹੈ, ਉਦੋਂ ਤੱਕ ਨਿਗਮ ਹਾਊਸ ਲਈ ਕੋਈ ਨੋਟੀਫਿਕੇਸ਼ਨ ਨਹੀਂ ਹੋਣ ਵਾਲੀ ਹੈ।
ਇਸੇ ਦੌਰਾਨ ਨਗਰ ਨਿਗਮ ਚੋਣਾਂ ਮੁਕੰਮਲ ਹੋਣ ਤੋਂ ਬਾਅਦ ਫਗਵਾੜਾ ’ਚ ‘ਆਪ’ ਦੀ ਪ੍ਰਸਿੱਧੀ ਦਾ ਗ੍ਰਾਫ ਤੇਜ਼ੀ ਨਾਲ ਹੇਠਾਂ ਆ ਰਿਹਾ ਹੈ। ਆਮ ਜਨਤਾ ਬਹੁਤ ਦੁਖੀ ਅਤੇ ਪ੍ਰੇਸ਼ਾਨ ਹੈ ਕਿ ਲੋਕਤੰਤਰ ਵਿਚ ਚੋਣਾਂ ਹੋਣ ਤੋਂ ਬਾਅਦ ਨਿਗਮ ਹਾਊਸ ਦੇ ਨੋਟੀਫਿਕੇਸ਼ਨ ਨੂੰ ਬੇਲੋੜਾ ਰੋਕਿਆ ਜਾ ਰਿਹਾ ਹੈ, ਜਿਸ ਕਾਰਨ ਫਗਵਾੜਾ ਨੂੰ ਨਵਾਂ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਨਹੀਂ ਮਿਲ ਰਿਹਾ ਹੈ। ਲੋਕਾਂ ਨੇ ਕਿਹਾ ਹੈ ਕਿ ਜੇਕਰ ‘ਆਪ’ ’ਚ ਹਿੰਮਤ ਹੁੰਦੀ ਤਾਂ ਉਹ ਆਪਣੇ ਸਾਰੇ 50 ਵਾਰਡਾਂ ’ਚ ਜਿੱਤ ਹਾਸਲ ਕਰਕੇ ਸੱਤਾ ’ਚ ਆਉਂਦੀ ਜਾਂ ਬਹੁਮਤ ਦੇ ਦਮ ਨਾਲ ਸੱਤਾ ਸੰਭਾਲਦੀ। ਹੁਣ ਜੋਡ਼ਤੋਡ਼ ਦੀ ਰਾਜਨੀਤੀ ਕਿਉਂ ਹੋ ਰਹੀ ਹੈ? ਇਹ ਤਾਂ ਆਪ ਦੇ ਕੰਮ ਕਰਨ ਦੀ ਸ਼ੈਲੀ ਨਹੀਂ ਰਹੀ ਹੈ। ਫਗਵਾੜਾ ’ਚ ਲੋਕਾਂ ਨੇ ਕਾਂਗਰਸ ਦੇ ਹੱਕ ’ਚ ਆਪਣਾ ਫੈਸਲਾ ਦਿੱਤਾ ਹੈ। ‘ਆਪ’ ਨੂੰ ਲੋਕਤੰਤਰੀ ਕਦਰਾਂ ਕੀਮਤਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਵਿਰੋਧੀ ਧਿਰ ਵਿਚ ਬੈਠਣ ਦੀ ਆਦਤ ਵੀ ਪਾਉਣੀ ਚਾਹੀਦੀ ਹੈ।
ਇਹ ਵੀ ਪੜ੍ਹੋ- ਚਾਈਂ-ਚਾਈਂ ਭਰਾ ਦਾ ਜਨਮਦਿਨ ਮਨਾਉਣ ਲਈ ਬੱਸ 'ਚ ਆ ਰਹੀ ਸੀ ਭੈਣ, ਰਸਤੇ 'ਚ ਹੋਈ ਦਰਦਨਾਕ ਮੌਤ
ਭੰਬਲਭੂਸੇ ’ਚ ਫਸੇ ਅਕਾਲੀ ਦਲ (ਬ) ਅਤੇ ਭਾਜਪਾ, ਬਸਪਾ ਨੇ ਪੂਰੀ ਤਰ੍ਹਾਂ ਨਾਲ ਧਾਰੀ ਚੁੱਪ
ਫਗਵਾੜਾ ’ਚ ‘ਆਪ’ ਆਗੂ ਦਾਅਵਾ ਕਰਦੇ ਹਨ ਕਿ ਨਿਗਮ ’ਚ ਮੇਅਰ ਤਾਂ ਆਪ ਦਾ ਹੀ ਹੋਣ ਜਾ ਰਿਹਾ ਹੈ ਪਰ ਹੈਰਾਨੀ ਜਨਕ ਤੱਥ ਇਹ ਹੈ ਕਿ 14 ਦੇ ਅੰਕੜੇ ’ਤੇ ਫਸੀ ‘ਆਪ’ ਕੋਲ ਨਾ ਤਾਂ 50 ਵਾਰਡਾਂ ਵਾਲੇ ਨਿਗਮ ਹਾਊਸ ’ਚ ਬਹੁਮਤ ਲਈ 26 ਦਾ ਅੰਕੜਾ ਹਾਸਲ ਹੋ ਰਿਹਾ ਹੈ ਅਤੇ ਨਾ ਹੀ ਕੀਤੇ ਜਾ ਰਹੇ ਦਾਅਵਿਆਂ ਅਨੁਸਾਰ ਹੁਣ ਤੱਕ ਭਾਜਪਾ (4) ਜਾਂ ਸ਼੍ਰੋਮਣੀ ਅਕਾਲੀ ਦਲ (ਬੀ) (3) ਜਿਸਦੇ ਨਿਗਮ ਹਾਊਸ ’ਚ ਕੁੱਲ 7 ਕੌਂਸਲਰ ਹਨ ਨੇ ‘ਆਪ’ ਨੂੰ ਮੇਅਰ ਦੇ ਅਹੁਦੇ ਲਈ ਆਧਿਕਾਰਿਕ ਤੌਰ ’ਤੇ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਭਾਵ ਹਰ ਦਾਅਵਾ ਹਵਾ ਵਿੱਚ ਚੱਲ ਰਿਹਾ ਹੈ। ਦਿਲਚਸਪ ਗੱਲ ਇਹ ਹੈ ਕਿ ਫਗਵਾੜਾ ਵਿਚ ਭਾਜਪਾ ਦੇ ਅੰਦਰ ਦੋ ਵੱਡੇ ਧੜਿਆਂ ਵਿਚਾਲੇ ਜ਼ਬਰਦਸਤ ਗੁਟਬਾਜੀ ਦਾ ਖੇਡ ਚਲ ਰਿਹਾ ਹੈ।
ਫਗਵਾੜਾ ’ਚ ਭਾਜਪਾ ਦੀ ਹਾਲਤ ਕਿੰਨੀ ਚੰਗੀ ਹੈ, ਇਸ ਦਾ ਸਬੂਤ ਇਸ ਗੱਲ ਤੋਂ ਮਿਲਦਾ ਹੈ ਕਿ ਨਿਗਮ ਚੋਣਾਂ ’ਚ ਪਾਰਟੀ 50 ਵਾਰਡਾਂ ’ਚ ਭਾਜਪਾ ਦੇ ਉਮੀਦਵਾਰ ਤੱਕ ਨਹੀਂ ਖੜ੍ਹੇ ਕਰ ਸਕੀ ਹੈ ਅਤੇ ਇਹ ਅੰਕੜਾ 38 ’ਤੇ ਹੀ ਬਣਿਆ ਰਿਹਾ ਹੈ। ਇਨ੍ਹਾਂ 38 ਵਾਰਡਾਂ ’ਚ ਭਾਜਪਾ ਸਿਰਫ 4 ਵਾਰਡਾਂ ’ਚ ਹੀ ਜਿੱਤ ਹਾਸਲ ਕਰ ਸਕੀ ਹੈ, ਜਦਕਿ 34 ਵਾਰਡਾਂ 'ਚ ਭਾਜਪਾ ਨੂੰ ਫਗਵਾੜਾ ’ਚ ਹੁਣ ਤੱਕ ਦੀ ਸਭ ਤੋਂ ਕਰਾਰੀ ਅਤੇ ਸ਼ਰਮਨਾਕ ਹਾਰ ਤੋਂ ਸੰਤੁਸ਼ਟ ਹੋਣਾ ਪਿਆ ਹੈ। ਫਗਵਾੜਾ ’ਚ ਭਾਜਪਾ ਦੇ ਲਗਭਗ ਸਾਰੇ ਵੱਡੇ ਸਿਆਸਤਦਾਨ 34 ਵਾਰਡਾਂ ’ਚ ਚੋਣਾਂ ਹਾਰ ਗਏ ਹਨ।
ਇਸ ਤੋਂ ਬਾਅਦ ਭਾਜਪਾ ਲੀਡਰਸ਼ਿਪ ਪਾਰਟੀ ਨੂੰ ਮਜ਼ਬੂਤ ਕਰਨ ਅਤੇ ਨਿਗਮ 'ਚ ਹਾਰ ਦਾ ਆਤਮ-ਨਿਰੀਖਣ ਕਰਨ ਲਈ ਬੈਠਕਾਂ ਕਰਦੀ ਹੈ। ਇੱਥੇ ਧੜੇਬੰਦੀ ਦੀ ਅੱਗ ਬਰਕਰਾਰ ਹੈ ਅਤੇ ਭਾਜਪਾ ਦੇ ਦੋਵੇਂ ਧੜੇ ਵੱਖ-ਵੱਖ ਥਾਵਾਂ ’ਤੇ ਇਕੱਠੇ ਹੋ ਰਹੇ ਹਨ ਅਤੇ ਪਾਰਟੀ ਵਿੱਚ ਏਕਤਾ ਅਤੇ ਧੜੇਬੰਦੀ ਨੂੰ ਖਤਮ ਕਰਨ ਦੀਆਂ ਸਿਫਰ ਕਿਤਾਬੀ ਗੱਲਾ ਹੀ ਕਰ ਰਹੇ ਹਨ।
ਇਹ ਵੀ ਪੜ੍ਹੋ- ਪੰਜਾਬ 'ਚ 'ਲਾਕਡਾਊਨ', 9 ਘੰਟੇ ਰਹੇਗਾ ਸਭ ਕੁਝ ਬੰਦ
ਹਾਲੇ ਜਿੱਥੇ ਇਹ ਸਭ ਜਾਰੀ ਹੈ ਇਸੇ ਦੌਰਾਨ ਨਗਰ ਨਿਗਮ ਫਗਵਾੜਾ ’ਚ ‘ਆਪ’ ਦੇ ਮੇਅਰ ਦੇ ਅਹੁਦੇ ਦਾ ਸਮਰਥਨ ਕਰ ਰਹੇ ਪੰਜਾਬ ਭਾਜਪਾ ਦੇ ਇਕ ਵੱਡੇ ਸਿਆਸਤਦਾਨ ਨੇ ਇਹ ਗੱਲ ਕਰਕੇ ਸਭ ਨੂੰ ਹੈਰਾਨ ਕਰ ਦਿਤਾ ਹੈ ਕਿ ਭਾਜਪਾ ਫਗਵਾੜਾ ’ਚ ਆਪ ਨੂੰ ਖੁੱਲਾ ਸਮਰਥਨ ਦੇ ਸਕਦੀ ਹੈ। ਇਸ ਤੋਂ ਬਾਅਦ ਫਗਵਾੜਾ ਭਾਜਪਾ ’ਚ ਮੌਜੂਦ ਟਕਸਾਲੀ ਭਾਜਪਾ ਆਗੂਆਂ ’ਚ ਕਾਫੀ ਨਿਰਾਸ਼ਾ ਅਤੇ ਨਾਰਾਜ਼ਗੀ ਪਾਈ ਜਾ ਰਹੀ ਹੈ। ਕੁੱਝ ਭਾਜਪਾ ਨੇਤਾ ਸਵਾਲ ਕਰ ਰਹੇ ਹਨ ਕਿ ਭਾਜਪਾ ਦੀ ਸੂਬੇ ਚ ਟਾਪ ਲੀਡਰਸ਼ਿਪ ਇਸ ਤਰ੍ਹਾਂ ਕਿਵੇਂ ਸੋਚ ਸਕਦੀ ਹੈ? ਅਜਿਹੇ 'ਚ ਭਾਜਪਾ ਲੀਡਰਸ਼ਿਪ ਕਾਫੀ ਉਲਝਣ ’ਚ ਫਸੀ ਹੋਈ ਹੈ ਕਿਉਂਕਿ ‘ਆਪ’ ਦਾ ਸਮਰਥਨ ਕਰਨ ਦੇ ਸਿਆਸੀ ਪੱਧਰ ’ਤੇ ਬੇਹਦ ਖਰਾਬ ਨਤੀਜੇ ਨਿਕਲ ਸਕਦੇ ਹਨ। ਇਹੀ ਸਥਿਤੀ ਅਕਾਲੀ ਦਲ (ਬ) ਦੀ ਵੀ ਹੈ ਕਿਉਂਕਿ ਅਕਾਲੀ ਦਲ (ਬ), ਜਿਸ ਨੇ 50 ਵਾਰਡਾਂ ਵਿਚੋਂ ਸਿਰਫ 9 ਵਾਰਡਾਂ ਵਿਚ ਹੀ ਚੋਣ ਲੜੀ ਸੀ ਅਤੇ ਵੱਡੀਆਂ ਮੁਸ਼ਕਲਾਂ ਤੋਂ ਬਾਅਦ ਸਿਰਫ਼ 3 ਵਾਰਡਾਂ ਚ ਜਿੱਤ ਹਾਸਲ ਕੀਤੀ ਹੈ ।
ਫਗਵਾੜਾ ’ਚ ਅਕਾਲੀ ਦਲ (ਬ) ਦੀ ਹਾਲਤ ਇੰਨੀ ਖਰਾਬ ਹੈ ਕਿ ਉਹ 41 ਵਾਰਡਾਂ ’ਚ ਆਪਣੇ ਅਕਾਲੀ ਦਲ (ਬ) ਦੇ ਉਮੀਦਵਾਰ ਤੱਕ ਖੜ੍ਹੇ ਨਹੀਂ ਕਰ ਸਕੀ ਹੈ। ਅਜਿਹੇ ’ਚ ਅਕਾਲੀ ਦਲ (ਬ) ਨੂੰ ‘ਆਪ’ ਦਾ ਸਮਰਥਨ ਕਰਕੇ ਸਿਆਸੀ ਤੌਰ ’ਤੇ ਵੱਡਾ ਨੁਕਸਾਨ ਹੋਣ ਦਾ ਡਰ ਹੈ। ਸੂਤਰਾਂ ਮੁਤਾਬਕ ਟਕਸਾਲੀ ਅਕਾਲੀ ਆਗੂ ਇਸ ਤੋਂ ਬਿਲਕੁਲ ਵੀ ਖੁਸ਼ ਨਹੀਂ ਹਨ। ਹਾਲਾਂਕਿ ਫਗਵਾੜਾ ’ਚ ਅਕਾਲੀ ਦਲ (ਬ) ਦੀ ਕਮਾਨ ਸੰਭਾਲਣ ਵਾਲਾ ਇਕ ਵੱਡੇ ਅਖਾਲੀ ਨੇਤਾ ਜੀ ਅਣਜਾਣ ਕਾਰਨਾਂ ਕਰਕੇ ‘ਆਪ’-ਸ਼੍ਰੋਮਣੀ ਅਕਾਲੀ ਦਲ (ਬ) ਦਾ ਜ਼ੋਰਦਾਰ ਸਮਰਥਨ ਕਰ ਰਹੇ ਹਨ। ਇਨ੍ਹਾਂ ਦੀ ਇਹ ਕੀ ਸਿਆਸੀ ਮਜਬੂਰੀ ਹੈ, ਇਸ ਬਾਰੇ ਭੇਤ ਬਰਕਰਾਰ ਹੈ।
ਇਹ ਵੀ ਪੜ੍ਹੋ-ਪੰਜਾਬ ਬੰਦ ਦੀ ਕਾਲ ਵਿਚਾਲੇ ਕਿਸਾਨਾਂ ਦਾ ਇਕ ਹੋਰ ਵੱਡਾ ਐਲਾਨ
ਹੁਣ ਜਦੋਂ ਇਸ ਗੰਭੀਰ ਮੁੱਦੇ ਸਬੰਧੀ ਅਕਾਲੀ ਦਲ (ਬ) ਦੇ ਸੂਬਾ ਪੱਧਰੀ ਰਾਜਨੇਤਾ ਦੇ ਮੋਬਾਈਲ ਫੋਨ ’ਤੇ ਫੋਨ ਕੀਤਾ ਗਿਆ ਕਿ ਇਸ ਮਾਮਲੇ ’ਚ ਅਕਾਲੀ ਦਲ (ਬ) ਦਾ ਅਧਿਕਾਰਤ ਸਟੈਂਡ ਕੀ ਹੈ ਤਾਂ ਉਕਤ ਆਗੂ ਨੇ ਡਰਦੇ ਮਾਰੇ ਮੋਬਾਈਲ ਫੋਨ ਹੀ ਨਹੀਂ ਚੁੱਕਿਆ ਹੈ, ਕਿਉਂਕਿ ਇਸ ਨਾਲ ਅਕਾਲੀ ਦਲ (ਬ) ਨੂੰ ਸਿਆਸੀ ਤੌਰ ’ਤੇ ਵੱਡਾ ਘਾਟਾ ਹੁੰਦਾ ਹੋਇਆ ਸਾਫ ਦਿਖ ਰਿਹਾ ਹੈ। ਅਜਿਹੇ ’ਚ ਖ਼ਬਰ ਲਿਖੇ ਜਾਣ ਤੱਕ ਅੱਜ ਵੀ ਭਾਜਪਾ, ਅਕਾਲੀ ਦਲ (ਬ) ਨੇ ਮੇਅਰ ਦੇ ਅਹੁਦੇ ਲਈ ‘ਆਪ’ ਦਾ ਸਮਰਥਨ ਕਰਨ ਬਾਰੇ ਅਧਿਕਾਰਤ ਤੌਰ ’ਤੇ ਕੁਝ ਵੀ ਸਪੱਸ਼ਟ ਹੀ ਨਹੀਂ ਕੀਤਾ ਹੈ। ਇਸ ਦੇ ਨਾਲ ਹੀ ਬਸਪਾ ਜਿਸ ਨਾਲ ਕਾਂਗਰਸ ਪਾਰਟੀ ਨੇ ਨਿਗਮ ਚੋਣਾਂ ਤੋਂ ਪਹਿਲਾਂ ਗੱਠਜੋੜ ਕਰਦੇ ਹੋਏ ਚੋਣਾਂ ਲੜੀਆਂ ਹਨ। ਚੁੱਪਚਾਪ ਇਹ ਕਹਿ ਕੇ ‘ਆਪ’ ਤੋਂ ਲੰਬੀ ਦੂਰੀ ਬਣਾ ਕੇ ਰੱਖ ਰਹੀ ਹੈ ਕਿ ਉਹ ਤਾਂ ਪੂਰੀ ਤਰਾਂ ਨਾਲ ਕਾਂਗਰਸ ਦੇ ਨਾਲ ਹੈ। ਸੂਤਰਾ ਮੁਤਾਬਕ ‘ਆਪ’ ਜੇਕਰ ਆਪਣੀ ਪਾਰਟੀ ਦਾ ਮੇਅਰ ਬਣਾਉਦੀ ਹੈਂ ਤਾਂ ਬਸਪਾ ਨੂੰ ਇਸ ਨਾਲ ਸਿੱਧਾ ਘਾਟਾ ਹੈ ਕਿਉਂਕਿ ਜੋ ਕੁੱਝ ਉਸ ਨੂੰ 'ਆਪ' ਤੋਂ ਮਿਲਣਾ ਹੈ, ਉਹ ਹੀ ਕਾਂਗਰਸ ਪਾਰਟੀ ਉਸ ਨੂੰ ਪਹਿਲਾ ਹੀ ਦੇ ਚੁੱਕੀ ਹੈ ਪਰ ਫਗਵਾਡ਼ਾ ’ਚ ‘ਆਪ’ ਨੇਤਾ ਅਜੇ ਵੀ ਇਹੋਂ ਕਹਿ ਰਹੇ ਹਨ ਕਿ ਉਹ ਨਿਗਮ ’ਚ ਆਪਣਾ ਮੇਅਰ ਬਣਾਉਣਗੇ ਅਤੇ ਇੰਝ ਹੋਕੇ ਹੀ ਰਹੇਗਾ।
ਇਹ ਵੀ ਪੜ੍ਹੋ- ਕੜਾਕੇ ਦੀ ਠੰਡ ਦਰਮਿਆਨ ਸਿਹਤ ਮਹਿਕਮੇ ਵੱਲੋਂ ਐਡਵਾਈਜ਼ਰੀ ਜਾਰੀ, ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e