ਧਾਰਮਕ ਡੇਰੇ ਦੇ ਸੇਵਾਦਾਰਾਂ ਨੂੰ ਬੰਦੀ ਬਣਾ ਕੇ ਨਕਦੀ ਤੇ ਗਹਿਣੇ ਲੁੱਟੇ

Monday, Sep 10, 2018 - 01:53 AM (IST)

ਮੇਹਟੀਆਣਾ,   (ਸੰਜੀਵ)-  ਥਾਣਾ ਮੇਹਟੀਆਣਾ ਅਧੀਨ ਪੈਂਦੇ ਪਿੰਡ ਕਾਹਰੀ-ਸਾਹਰੀ ਵਿਖੇ ਲੁਟੇਰਿਆਂ ਵੱਲੋਂ ਇਕ ਧਾਰਮਕ  ਡੇਰੇ ਦੇ ਚਾਰ ਸੇਵਾਦਾਰਾਂ ਨੂੰ ਬੰਦੀ ਬਣਾ ਕੇ ਨਕਦੀ ਤੇ ਗਹਿਣੇ ਲੁੱਟਣ ਦੀ  ਖ਼ਬਰ  ਮਿਲੀ ਹੈ। ਲੁੱਟ ਬਾਰੇ ਜਾਣਕਾਰੀ ਦਿੰਦਿਆਂ ਸੇਵਾਦਾਰ ਸ਼ਾਂਤੀ ਦੇਵੀ ਉਰਫ਼ ਮਈਆ ਨੇ ਦੱਸਿਆ ਕਿ ਉਹ ਕਾਹਰੀ ਪਿੰਡ ਵਿਖੇ ਸਥਿਤ ਡੇਰਾ ਜੀਨ ਦਾਸ ਜੀ ਵਿਖੇ ਪਿਛਲੇ 16 ਸਾਲਾਂ ਤੋਂ ਸੇਵਾ ਨਿਭਾ ਰਹੀ ਹੈ। ਬੀਤੀ ਰਾਤ ਉਹ ਖੁਦ ਅਤੇ ਗੱਦੀਨਸ਼ੀਨ ਸ਼੍ਰੀ ਧਰਮ ਦਾਸ ਸਮੇਤ ਹੋਰ ਸ਼ਰਧਾਲੂ  ਡੇਰੇ  ਦੇ ਗੇਟ ਅੰਦਰੋਂ ਬੰਦ ਕਰ ਕੇ ਕਰੀਬ 10 ਵਜੇ ਵਰਾਂਡੇ ’ਚ ਸੌਂ ਗਏ। ਇਸ ਦੌਰਾਨ ਰਾਤ ਕਰੀਬ ਸਾਢੇ 12 ਵਜੇ 7-8  ਲੁਟੇਰੇ ਜਿਨ੍ਹਾਂ ਆਪਣੇ ਮੂੰਹ ਬੰਨ੍ਹੇ ਹੋਏ ਸਨ, ਡੇਰੇ ਦੀ ਕੰਧ ਟੱਪ ਕੇ ਅੰਦਰ ਦਾਖਲ ਹੋਏ। ਉਨ੍ਹਾਂ  ਸ਼ਾਂਤੀ ਦੇਵੀ ਨੂੰ ਡਰਾ-ਧਮਕਾ ਕੇ ਲਾਕਰ ਦੀ ਚਾਬੀ ਮੰਗੀ।   ਉਨ੍ਹਾਂ  ਲਾਕਰ  ਦੀ  ਚਾਬੀ  ਅਤੇ  ਉਸ ਦਾ ਮੋਬਾਇਲ ਖੋਹ ਲਿਆ। ਇਸ ਦੌਰਾਨ ਤਿੰਨ-ਚਾਰ ਲੁਟੇਰਿਆਂ ਜਿਨ੍ਹਾਂ  ਦੇ ਹੱਥਾਂ ’ਚ ਡਾਂਗਾਂ ਸਨ, ਨੇ ਡੇਰੇ ’ਚ ਮੌਜੂਦ ਚਾਰਾਂ ਸੇਵਾਦਾਰਾਂ ਨੂੰ ਬੰਦੀ ਬਣਾ ਲਿਆ ਅਤੇ ਚਾਬੀਆਂ ਲੈ ਕੇ ਕਮਰਿਆਂ ਦੇ ਲਾਕਰਾਂ ਦੀ ਫਰੋਲਾ-ਫਰਾਲੀ ਕਰਨ ਲੱਗ ਪੲੇ। ਲਗਭਗ ਤਿੰਨ ਘੰਟੇ ਦੀ ਤਸੱਲੀ ਮਗਰੋਂ ਸਾਰੇ ਸੇਵਾਦਾਰਾਂ ਨੂੰ ਇਕ ਕਮਰੇ ’ਚ ਬੰਦ ਕਰ ਕੇ ਤਡ਼ਕੇ ਤਿੰਨ ਵਜੇ ਲੁਟੇਰੇ ਫ਼ਰਾਰ ਹੋ ਗਏ। ਉਹ ਆਪਣੇ ਨਾਲ ਸ਼ਾਂਤੀ ਦੇਵੀ ਦਾ ਮੋਬਾਇਲ ਫੋਨ ਵੀ ਲੈ ਗਏ। ਸਵੇਰੇ ਕਰੀਬ ਪੰਜ ਵਜੇ ਕਮਰੇ ਅੰਦਰ ਡੱਕੇ ਸੇਵਾਦਾਰਾਂ ਨੇ ਦਰਵਾਜ਼ਾ ਤੋਡ਼ਿਆ ਅਤੇ ਬਾਹਰ ਆ ਕੇ ਰੌਲਾ ਪਾਇਆ। 
ਥਾਣਾ ਮੇਹਟੀਆਣਾ ਦੀ ਪੁਲਸ ਤੇ ਡੀ.ਐੱਸ.ਪੀ. ਨੇ ਸੂਚਨਾ ਮਿਲਦੇ ਹੀ ਭਾਰੀ ਪੁਲਸ ਸਮੇਤ ਮੌਕੇ ’ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ। ਐੱਸ.ਐੱਚ. ਓ. ਬਲਵਿੰਦਰ ਪਾਲ ਨੇ ਲੁਟੇਰਿਆਂ ਨੂੰ ਜਲਦ  ਗ੍ਰਿਫ਼ਤਾਰ ਕਰਨ ਦਾ ਭਰੋਸਾ ਦਿੱਤਾ। 
ਪ੍ਰਾਪਤ ਜਾਣਕਾਰੀ ਮੁਤਾਬਕ ਲੁਟੇਰੇ ਡੇਰੇ ’ਚੋਂ ਚਾਂਦੀ ਦੇ ਛਤਰ, ਇਕ ਸੋਨੇ ਦੀ ਨੱਥ, ਇਕ ਸੋਨੇ ਦਾ ਮੰਗਲ ਸੂਤਰ, ਪੰਜ ਤੋਲੇ ਚਾਂਦੀ ਦਾ ਸੈੱਟ ਤੇ ਹੋਰ ਗਹਿਣਿਆਂ ਸਮੇਤ ਲਗਭਗ ਇਕ ਲੱਖ ਰੁਪਏ ਦੀ ਨਕਦੀ ਲੁੱਟ ਕੇ ਲੈ ਗਏ।


Related News