ਕੈਨੇਡਾ ਤੋਂ ਆਏ ਪ੍ਰਾਪਰਟੀ ਕਾਰੋਬਾਰੀ ਨੂੰ ਤੱਲ੍ਹਣ ਰੋਡ ''ਤੇ ਘੇਰ ਕੇ ਕੀਤਾ ਹਮਲਾ

02/27/2020 11:44:04 AM

ਜਲੰਧਰ (ਮਹੇਸ਼)— ਕੈਨੇਡਾ ਤੋਂ ਆਏ ਪ੍ਰਾਪਰਟੀ ਕਾਰੋਬਾਰੀ ਹਰਦੀਪ ਸਿੰਘ ਪੁੱਤਰ ਜਸਵੰਤ ਸਿੰਘ ਨੂੰ ਤੱਲ੍ਹਣ ਰੋਡ 'ਤੇ ਘੇਰ ਕੇ ਕੁਝ ਲੋਕਾਂ ਨੇ ਉਸ 'ਤੇ ਹਮਲਾ ਕਰ ਦਿੱਤਾ। ਉਸ ਨੇ ਜਦੋਂ ਰੌਲਾ ਪਾਇਆ ਤਾਂ ਹਮਲਾਵਰ ਉਥੋਂ ਫਰਾਰ ਹੋ ਗਏ। ਦਿਹਾਤੀ ਪੁਲਸ ਦੇ ਥਾਣਾ ਪਤਾਰਾ 'ਚ ਲਿਖਤ ਸ਼ਿਕਾਇਤ 'ਚ ਹਰਦੀਪ ਸਿੰਘ ਨਿਵਾਸੀ ਟੈਗੋਰ ਪਾਰਕ ਪ੍ਰੋਫੈਸਰ ਕਾਲੋਨੀ ਮਕਸੂਦਾਂ ਜਲੰਧਰ ਨੇ ਕਿਹਾ ਕਿ ਉਹ ਬੀਤੇ ਦਿਨ ਦੁਪਹਿਰ ਦੇ ਲਗਭਗ 2 ਵਜੇ ਗੁਰਦਆਰਾ ਸ਼ਹੀਦਾਂ ਤੱਲ੍ਹਣ 'ਚ ਮੱਥਾ ਟੇਕਣ ਲਈ ਆਪਣੀ 'ਥਾਰ' ਗੱਡੀ 'ਚ ਜਾ ਰਿਹਾ ਸੀ, ਜਿਵੇਂ ਹੀ ਉਹ ਤੱਲ੍ਹਣ ਮੋੜ 'ਤੇ ਪੁੱਜਿਆ ਤਾਂ ਇਕ ਚਿੱਟੇ ਰੰਗ ਦੀ ਸਵਿਫਟ ਡਿਜ਼ਾਇਰ ਗੱਡੀ ਉਥੇ ਆਈ, ਜਿਸ 'ਚ 3-4 ਨੌਜਵਾਨ ਸਵਾਰ ਸਨ। 

ਉਨ੍ਹਾਂ ਨੇ ਗੱਡੀ ਵਿਚੋਂ ਥੱਲੇ ਉਤਰ ਕੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇੰਨਾ ਹੀ ਨਹੀਂ ਉਸ ਨੂੰ ਜਾਨ ਤੋਂ ਮਾਰਨ ਦੀ ਵੀ ਧਮਕੀ ਦਿੱਤੀ। ਹਰਦੀਪ ਸਿੰਘ ਨੇ ਕਿਹਾ ਕਿ ਉਸ ਦੇ ਰੌਲਾ ਪਾਉਣ 'ਤੇ ਡਿਜ਼ਾਇਰ ਸਵਾਰ ਨੌਜਵਾਨ ਉਥੋਂ ਆਪਣੀ ਗੱਡੀ ਲੈ ਕੇ ਫਰਾਰ ਹੋ ਗਏ। ਹਰਦੀਪ ਨੇ ਦੱਸਿਆ ਕਿ ਉਹ ਪ੍ਰਾਪਰਟੀ ਦਾ ਕੰਮ ਕਰਦਾ ਹੈ, ਉਸ ਦਾ ਪਰਿਵਾਰ ਕੈਨੇਡਾ ਵਿਚ ਸੈਟਲ ਹੈ। ਉਹ ਵੀ ਕੈਨੇਡਾ ਆਉਂਦਾ-ਜਾਂਦਾ ਰਹਿੰਦਾ ਹੈ। 

ਉਸ ਨੇ ਕਿਹਾ ਕਿ ਪਿਛਲੇ ਸਾਲ ਵੀ ਉਸ ਦੇ ਪਰਿਵਾਰ 'ਤੇ ਲਾਡੋਵਾਲੀ ਰੋਡ 'ਤੇ ਆਉਂਦੇ ਕੁਝ ਲੋਕਾਂ ਨੇ ਹਮਲਾ ਕਰ ਦਿੱਤਾ ਸੀ। ਉਸ ਨੇ ਕਿਹਾ ਕਿ ਉਸ ਨੂੰ ਘੇਰਣ ਵਾਲੇ ਲੋਕਾਂ ਦੀ ਕੋਈ ਜਾਣਕਾਰੀ ਨਹੀਂ ਹੈ। ਉਹ ਉਨ੍ਹਾਂ ਦੀ ਗੱਡੀ ਦਾ ਨੰਬਰ ਵੀ ਪੜ੍ਹ ਨਹੀਂ ਸਕਿਆ। ਉਸ ਨੇ ਕਿਹਾ ਕਿ ਉਸ ਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਹੈ। ਉਸ 'ਤੇ ਹਮਲਾ ਕਿਉਂ ਅਤੇ ਕਿਨ੍ਹਾਂ ਲੋਕਾਂ ਨੇ ਕੀਤਾ, ਬਾਰੇ ਵੀ ਉਹ ਕੁਝ ਵੀ ਨਹੀਂ ਕਹਿ ਸਕਦਾ। ਉਸ ਨੇ ਦੱਸਿਆ ਕਿ ਐੱਸ. ਐੱਚ. ਓ. ਪਤਾਰਾ ਦਲਜੀਤ ਸਿੰਘ ਨੇ ਉਸ ਦੀ ਗੱਲ ਪੂਰੀ ਤਰ੍ਹਾਂ ਸੁਣਨ ਤੋਂ ਬਾਅਦ ਉਸ ਦੀ ਲਿਖਤ ਸ਼ਿਕਾਇਤ ਨੂੰ ਜਾਂਚ ਲਈ ਏ. ਐੱਸ. ਆਈ. ਸੁਖਦੇਵ ਸਿੰਘ ਨੂੰ ਸੌਂਪ ਦਿੱਤਾ ਹੈ। ਹਰਦੀਪ ਨੇ ਪੁਲਸ ਪ੍ਰਸ਼ਾਸਨ ਨੂੰ ਕਿਹਾ ਕਿ ਉਸ ਨੂੰ ਘੇਰ ਕੇ ਹੱਥੋਪਾਈ ਕਰਨ ਅਤੇ ਧਮਕੀਆਂ ਦੇਣ ਵਾਲੇ ਲੋਕਾਂ ਨੂੰ ਫੜ ਕੇ ਉਨ੍ਹਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ।


shivani attri

Content Editor

Related News