ਸੀ. ਐੱਮ. ਕੰਪਨੀ ਨਾਲ ਲੱਖਾਂ ਦੀ ਠੱਗੀ ਮਾਰਨ ਵਾਲਾ ਗ੍ਰਿਫ਼ਤਾਰ
Tuesday, Dec 25, 2018 - 07:00 AM (IST)

ਲਾਂਬਡ਼ਾ, (ਵਰਿੰਦਰ)- ਐੱਸ. ਐੱਸ. ਪੀ. ਜਲੰਧਰ ਦਿਹਾਤੀ ਨਵਜੋਤ ਸਿੰਘ ਮਾਹਲ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਚਿਪਸ ਤੇ ਕੁਰਕਰੇ ਦਾ ਕੰਮ ਕਰਨ ਵਾਲੀ ਸੀ. ਐੱਮ. ਐਸੋਸੀਏਸ਼ਨ ਪ੍ਰਾਈਵੇਟ ਲਿਮ. ਮੋਹਾਲੀ ਕੰਪਨੀ ਦੇ ਮੈਨੇਜਰ ਰੋਹਿਤ ਸ਼ਰਮਾ ਪੁੱਤਰ ਰਮੇਸ਼ ਕੁਮਾਰ ਵਾਸੀ ਮੋਹਾਲੀ ਨੇ ਬੀਤੀ 27 ਨਵੰਬਰ ਨੂੰ ਥਾਣਾ ਮੁਖੀ ਲਾਂਬਡ਼ਾ ਪੁਸ਼ਪ ਬਾਲੀ ਨੂੰ ਸ਼ਿਕਾਇਤ ਦਿੱਤੀ ਸੀ ਕਿ ਵਿਸ਼ਾਲ ਸ਼ਰਮਾ ਪੁੱਤਰ ਅਸ਼ੋਕ ਸ਼ਰਮਾ ਵਾਸੀ ਨਿਊ ਪ੍ਰਿਥਵੀ ਨਗਰ ਥਾਣਾ ਰਾਮਾ ਮੰਡੀ ਜਲੰਧਰ ਉਨ੍ਹਾਂ ਦੀ ਉਕਤ ਕੰਪਨੀ ’ਚ ਬਤੌਰ ਸੇਲਜ਼ਮੈਨ ਕੰਮ ਕਰਦਾ ਸੀ | ਇਹ ਜਲੰਧਰ ਸ਼ਹਿਰ ’ਚ ਵੱਖ-ਵੱਖ ਹੋਲਸੇਲ ਦੀਆਂ ਦੁਕਾਨਾਂ ਤੋਂ ਆਰਡਰ ਲੈ ਕੇ ਮਾਲ ਸਪਲਾਈ ਕਰਦਾ ਸੀ ਅਤੇ ਬਾਅਦ ’ਚ ਉਨ੍ਹਾਂ ਦੁਕਾਨਾਂ ਤੋਂ ਕੰਪਨੀ ਦੀ ਪੇਮੈਂਟ ਇਕੱਠੀ ਕਰਨ ਦਾ ਵੀ ਕੰਮ ਕਰਦਾ ਸੀ|
ਕੰਪਨੀ ਵਲੋਂ ਜਦੋਂ ਮਾਰਕੀਟ ਦੀਆਂ ਦੁਕਾਨਾਂ ਨਾਲ ਹਿਸਾਬ-ਕਿਤਾਬ ਮਿਲਾਇਆ ਤਾਂ ਕਰੀਬ 9,35,274 ਰੁਪਏ ਦਾ ਫਰਕ ਨਿਕਲਿਆ| ਜਦ ਕਿ ਵਿਸ਼ਾਲ ਸ਼ਰਮਾ ਉਕਤ ਦੁਕਾਨਦਾਰਾਂ ਕੋਲੋਂ ਪੇਮੈਂਟ ਲੈ ਚੁੱਕਾ ਸੀ | ਜਾਂਚ ’ਚ ਪਤਾ ਲੱਗਾ ਕਿ ਉਸ ਨੇ ਕਰੀਬ 4-5 ਲੱਖ ਰੁਪਏ ਦੀ ਪੇਮੈਂਟ ਇਸੇ ਕੰਪਨੀ ਦੀ ਬ੍ਰਾਂਚ ਪਿੰਡ ਜਗਨ ਵਿਚ ਕੰਮ ਕਰ ਰਹੇ ਮੈਨੇਜਰ ਪ੍ਰੇਮ ਮਲਹੋਤਰਾ ਨੂੰ ਉਧਾਰ ਦੇ ਦਿੱਤੀ ਸੀ | ਕੰਪਨੀ ਦੇ ਪੈਸਿਆਂ ਨਾਲ ਧੋਖਾਦੇਹੀ ਕਰਨ ਸਬੰਧੀ ਅੱਜ ਪੁਲਸ ਵਲੋਂ ਮੁਲਜ਼ਮ ਵਿਸ਼ਾਲ ਸ਼ਰਮਾ ਨੂੰ ਗ੍ਰਿਫਤਾਰ ਕਰ ਲਿਆ ਗਿਆ | ਥਾਣਾ ਮੁਖੀ ਪੁਸ਼ਪ ਬਾਲੀ ਨੇ ਦੱਸਿਆ ਕਿ ਅੱਜ ਪੁਲਸ ਵਲੋਂ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰ ਕੇ ਉਸ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਪੈਸਿਆਂ ਦੀ ਹੇਰਾਫੇਰੀ ਸਬੰਧੀ ਹੋਰ ਬਾਰੀਕੀ ਨਾਲ ਤਫਤੀਸ਼ ਕੀਤੀ ਜਾਵੇਗੀ|