ਬੱਸ ਸਟੈਂਡ ਦੀ ਕੰਧ ਨਾਲ ਕਬਜ਼ਾ ਕਰ ਕੇ ਬੈਠੇ 80 ਦੁਕਾਨਦਾਰਾਂ ਨੂੰ ਵਾਰਨਿੰਗ ਜਾਰੀ

Friday, Oct 05, 2018 - 05:49 AM (IST)

ਬੱਸ ਸਟੈਂਡ ਦੀ ਕੰਧ ਨਾਲ ਕਬਜ਼ਾ ਕਰ ਕੇ ਬੈਠੇ 80 ਦੁਕਾਨਦਾਰਾਂ ਨੂੰ ਵਾਰਨਿੰਗ ਜਾਰੀ

ਜਲੰਧਰ,   (ਖੁਰਾਣਾ)—  ਨਗਰ ਨਿਗਮ ਦੇ ਤਹਿਬਾਜ਼ਾਰੀ ਵਿਭਾਗ ਨੇ ਅੱਜ ਸਾਲਾਂ ਬਾਅਦ ਐਕਸ਼ਨ  ਵਿਚ ਆਉਂਦਿਆਂ ਬੱਸ ਸਟੈਂਡ ਦੀ ਗੜ੍ਹਾ ਰੋਡ ਵਾਲੀ ਸਾਈਡ ’ਤੇ ਕੰਧ  ਨਾਲ ਕਬਜ਼ਾ ਕਰ ਕੇ  ਬੈਠੇ ਕਰੀਬ 80 ਦੁਕਾਨਦਾਰਾਂ ਨੂੰ ਵਾਰਨਿੰਗ ਜਾਰੀ ਕੀਤੀ। ਨਿਗਮ ਸਟਾਫ ਨੇ  ਸੁਪਰਡੈਂਟ ਮਨਦੀਪ ਸਿੰਘ ਦੀ ਅਗਵਾਈ ਵਿਚ ਪੂਰੇ ਇਲਾਕੇ ਵਿਚ ਲਾਊਡ ਸਪੀਕਰ ਨਾਲ ਮੁਨਾਦੀ ਕਰਵਾਈ, ਜਿਸ ਵਿਚ ਕਬਜ਼ਾਧਾਰੀ ਦੁਕਾਨਦਾਰਾਂ ਨੂੰ ਕਿਹਾ ਗਿਆ ਕਿ ਉਹ 3 ਦਿਨਾਂ  ਅੰਦਰ ਆਪਣੇ ਕਬਜ਼ੇ ਖਾਲੀ ਕਰ ਦੇਣ, ਨਹੀਂ ਤਾਂ ਨਿਗਮ ਕਾਰਵਾਈ ਕਰੇਗਾ। 
ਜ਼ਿਕਰਯੋਗ ਹੈ ਕਿ  ਗੜ੍ਹਾ ਰੋਡ ’ਤੇ ਬੱਸ ਸਟੈਂਡ ਦੀ ਕੰਧ ਦੇ ਨਾਲ-ਨਾਲ ਕਬਜ਼ੇ ਦਾ ਮਾਮਲਾ  ਕਈ ਸਾਲ ਪੁਰਾਣਾ  ਹੈ। ਪਹਿਲਾਂ ਨਿਗਮ ਟੀਮ ਨੇ ਇਥੇ ਵੱਡੇ ਪੱਧਰ ’ਤੇ ਕਾਰਵਾਈ ਕੀਤੀ ਸੀ ਪਰ ਉਸ ਸਮੇਂ  ਦੁਕਾਨਦਾਰ ਹਾਈ ਕੋਰਟ ਚਲੇ ਗਏ ਹਨ, ਜਿੱਥੇ ਉਹ ਕੇਸ ਹਾਰ ਗਏ।
 ਹਾਈ ਕੋਰਟ ਨੇ ਨਿਗਮ ਨੂੰ ਕਬਜ਼ੇ ਖਾਲੀ ਕਰਨ ਲਈ ਨਿਰਦੇਸ਼ ਦਿੱਤੇ ਹੋਏ ਹਨ ਪਰ ਕਈ ਸਾਲ ਇਸ ਫਾਈਲ ਨੂੰ ਦਬਾਈ ਰੱਖਿਆ  ਗਿਆ। ਹੁਣ ਸੁਪਰਡੈਂਟ ਮਨਦੀਪ ਸਿੰਘ ਮਿੰਟੂ ਨੇ ਪੁਰਾਣੀਆਂ ਫਾਈਲਾਂ ਨੂੰ ਫਰੋਲਦਿਆਂ  ਇਲਾਕੇ ਵਿਚ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਸ਼ੁਰੂ ਕੀਤੀ, ਜਿਸਦੇ ਤਹਿਤ ਅੱਜ ਮੁਨਾਦੀ  ਕਰਵਾਈ ਗਈ।
ਇਸ ਮੌਕੇ ਨਿਗਮ ਟੀਮ ਨੂੰ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ। ਇਕ  ਕਬਜ਼ਾਧਾਰੀ ਦੁਕਾਨਦਾਰ ਨੇ ਮੁਨਾਦੀ ਦਾ ਵਿਰੋਧ ਕਰਦਿਆਂ ਮਾਈਕ  ਦੇ ਨਾਲ ਲੱਗੀਆਂ ਤਾਰਾਂ  ਨੂੰ ਖਿੱਚ ਦਿੱਤਾ ਪਰ ਨਿਗਮ ਟੀਮ ਨੇ ਆਪਣਾ ਕੰਮ ਜਾਰੀ ਰੱਖਿਆ।
 


Related News