ਮੱਥਾ ਟੇਕਣ ਜਾ ਰਹੇ ਕਪੂਰਥਲਾ ਦੇ ਨੌਜਵਾਨ ਹੋਏ ਹਾਦਸੇ ਦਾ ਸ਼ਿਕਾਰ, ਇਕ ਦੀ ਮੌਤ

06/25/2019 1:12:00 AM

ਕਪੂਰਥਲਾ (ਮਹਾਜਨ)— ਥਾਣਾ ਸਦਰ ਅਧੀਨ ਪੈਂਦੇ ਪਿੰਡ ਮਾਛੀਵਾਲ ਤੇ ਕਾਹਲਵਾਂ ਵਿਚਕਾਰ ਬੇਕਾਬੂ ਕਾਰ ਦੇ ਦਰੱਖਤ ਨਾਲ ਟਕਰਾਉਣ ਕਾਰਣ ਹੋਈ ਘਟਨਾ 'ਚ ਕਾਰ ਸਵਾਰ 4 ਲੋਕਾਂ ਦੇ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ। ਲੋਕਾਂ ਵਲੋਂ ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਜਲੰਧਰ ਦਾਖਲ ਕਰਵਾਇਆ ਗਿਆ ਹੈ। ਘਟਨਾ ਦੌਰਾਨ ਕਾਰ ਚਾਲਕ ਨੌਜਵਾਨ ਦੀ ਮੌਤ ਹੋ ਗਈ, 3 ਨੌਜਵਾਨ ਜ਼ਖਮੀ ਹੋ ਗਏ।
ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਸ਼ੁਭਮ (22) ਪੁੱਤਰ ਰਮੇਸ਼ ਕੁਮਾਰ ਨਿਵਾਸੀ ਪਿੰਡ ਚੂਹੜਵਾਲ ਕਪੂਰਥਲਾ ਦੇ ਰੂਪ ਵਜੋਂ ਹੋਈ ਹੈ। ਜ਼ਖਮੀ ਦੀ ਪਛਾਣ ਰਾਹੁਲ ਪੁੱਤਰ ਹਰਦੇਵ ਸਿੰਘ ਨਿਵਾਸੀ ਪਿੰਡ ਪਾਹੜਾ, ਕਰਤਾਰਪੁਰ ਜਲੰਧਰ ਦੇ ਰੂਪ 'ਚ ਹੋਈ ਹੈ। ਮਾਮੂਲੀ ਰੂਪ ਨਾਲ ਦੋ ਜ਼ਖਮੀਆਂ ਨੂੰ ਮੁਢਲੀ ਸਹਾਇਤਾ ਤੋਂ ਬਾਅਦ ਛੁੱਟੀ ਦਿੱਤੇ ਜਾਣ 'ਤੇ ਉਸਦਾ ਨਾਂ ਨਹੀਂ ਪਤਾ ਲੱਗ ਸਕਿਆ। ਥਾਣਾ ਸਦਰ ਦੇ ਪੁਲਸ ਜਾਂਚ ਅਧਿਕਾਰੀ ਅਵਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਜਲੰਧਰ ਦੇ ਸਿਵਲ ਹਸਪਤਾਲ ਰਾਹੀਂ ਸੋਮਵਾਰ ਸਵੇਰੇ ਸੂਚਨਾ ਮਿਲੀ ਸੀ ਕਿ ਕਪੂਰਥਲਾ ਨਿਵਾਸੀ ਨੌਜਵਾਨ ਦੀ ਦੁਰਘਟਨਾ 'ਚ ਮੌਤ ਹੋ ਗਈ ਹੈ ਤੇ ਇਕ ਨੌਜਵਾਨ ਦੀ ਲੱਤ ਟੁੱਟ ਗਈ ਹੈ ਜੋ ਜ਼ਖਮੀ ਹਾਲਤ 'ਚ ਸਿਵਲ ਹਸਪਤਾਲ 'ਚ ਇਲਾਜ ਅਧੀਨ ਹੈ। ਉਨ੍ਹਾਂ ਨੇ ਮੌਕੇ 'ਤੇ ਪਹੁੰਚ ਕੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ 'ਚ ਲੈ ਲਿਆ।
ਮ੍ਰਿਤਕ ਦੇ ਪਿਤਾ ਰਮੇਸ਼ ਕੁਮਾਰ ਪੁੱਤਰ ਜਗਤ ਰਾਮ ਨਿਵਾਸੀ ਪਿੰਡ ਚੂਹੜਵਾਲ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਤੇ ਉਸਦੇ ਦੋਸਤ ਨਕੋਦਰ ਸਥਿਤ ਧਾਰਮਕ ਸਥਾਨ 'ਚ ਐਤਵਾਰ ਨੂੰ ਮੱਥਾ ਟੇਕਣ ਗਏ ਸਨ। ਕਪੂਰਥਲਾ-ਨਕੋਦਰ ਮਾਰਗ ਸੜਕ 'ਚ ਵਾਇਆ ਸਿੱਧਵਾਂ ਦੋਨਾ ਆਉਂਦੇ ਹੋਏ ਪਿੰਡ ਮਾਛੀਪਾਲ ਤੇ ਕਾਹਲਵਾਂ ਰਾਹੀਂ ਅਚਾਨਕ ਕਾਰ ਦਾ ਸੰਤੁਲਨ ਵਿਗੜਨ ਕਾਰਨ ਦਰੱਖਤ ਨਾਲ ਟੱਕਰਾ ਗਈ, ਜਿਸ 'ਚ ਉਨ੍ਹਾਂ ਦੇ ਬੇਟੇ ਦੀ ਮੌਤ ਹੋ ਗਈ। ਦੁਰਘਟਨਾ ਸਮੇਂ ਉਸਦਾ ਬੇਟਾ ਕਾਰ ਚਲਾ ਰਿਹਾ ਸੀ, ਜਦਕਿ ਉਸਦਾ ਸਾਥੀ ਜ਼ਖਮੀ ਹੋ ਗਿਆ।
ਪੁਲਸ ਜਾਂਚ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਸ਼ੁਭਮ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਲਾਸ਼ ਨੂੰ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਦੇ ਹਵਾਲੇ ਕਰ ਦਿੱਤਾ ਤੇ ਦੁਰਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾਵੇਗੀ।


KamalJeet Singh

Content Editor

Related News