ਭਾਜਪਾ ਨੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਪੰਜਾਬ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
Thursday, May 05, 2022 - 06:23 PM (IST)
ਨਵਾਂਸ਼ਹਿਰ (ਤ੍ਰਿਪਾਠੀ)- ਪੰਜਾਬ ਵਿਚ ਲੱਗ ਰਹੇ ਅਣ-ਐਲਾਨੇ ਬਿਜਲੀ ਕੱਟ ਅਤੇ ਲਗਾਤਾਰ ਵਿਗੜ ਰਹੇ ਕਾਨੂੰਨ ਪ੍ਰਬੰਧਾਂ ਦੇ ਮੁੱਦੇ ਨੂੰ ਲੈ ਕੇ ਅੱਜ ਜ਼ਿਲ੍ਹਾ ਭਾਜਪਾ ਨੇ ਡਿਪਟੀ ਕਮਿਸ਼ਨਰ ਕੰਪਲੈਕਸ ਦੇ ਬਾਹਰ ਰੋਸ ਧਰਨਾ ਦੇ ਕੇ ਭਗਵੰਤ ਸਿੰਘ ਮਾਨ ਦੀ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਪੂਨਮ ਮਾਣਿਕ ਨੇ ਕਿਹਾ ਕਿ ਪੰਜਾਬ ਦੀ ਜਨਤਾ ਨਾਲ ਝੂਠੇ ਵਾਅਦੇ ਕਰਕੇ ਪੰਜਾਬ ਦੀ ਸੱਤਾ ’ਤੇ ਕਾਬਿਜ਼ ਹੋਈ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਮੋਰਚੇ ’ਤੇ ਨਾਕਾਮ ਸਿੱਧ ਹੋਈ ਹੈ। ਹਰ ਘਰ ਵਿਚ ਮੁਫਤ 300 ਯੂਨਿਟ ਬਿਜਲੀ ਦਾ ਵਾਅਦਾ ਕਰਨ ਵਾਲੀ ਸਰਕਾਰ ਹੁਣ ਜਿੱਥੇ ਇਸ ਵਾਅਦੇ ਤੋਂ ਪਿੱਛੇ ਹੱਟ ਕੇ ਨਵੀਆਂ ਸ਼ਰਤਾਂ ਇਸ ਵਿਚ ਜੋਡ਼ ਰਹੀ ਹੈ ਤਾਂ ਉੱਥੇ ਹੀ ਲੋਕਾਂ ਨੂੰ ਕੀਮਤ ਅਦਾ ਕਰਨ ’ਤੇ ਵੀ ਬਿਜਲੀ ਨਹੀਂ ਮਿਲ ਰਹੀ ਹੈ।
ਇਹ ਵੀ ਪੜ੍ਹੋ: ਸਿੱਖਿਆ ਮਹਿਕਮੇ ਦਾ ਵੱਡਾ ਫ਼ੈਸਲਾ, ਡਬਲ ਸ਼ਿਫ਼ਟ ’ਚ ਲੱਗਣਗੇ ਹੁਣ ਪੰਜਾਬ ਦੇ ਸਰਕਾਰੀ ਸਕੂਲ
ਖੇਤਰ ਵਿਚ ਪੈ ਰਹੀ ਅੱਤ ਦੀ ਗਰਮੀ ਵਿਚ ਲੱਗ ਰਹੇ ਲੰਬੇ- ਲੰਬੇ ਬਿਜਲੀ ਕੱਟ ਆਮ ਲੋਕਾਂ ਦੀਆਂ ਮੁਸ਼ਕਲਾਂ ਨੂੰ ਵਧਾ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਤੋਂ ਪੰਜਾਬ ਵਿਚ ਭਗਵੰਤ ਮਾਨ ਦੀ ਸਰਕਾਰ ਕਾਬਿਜ਼ ਹੋਈ ਹੈ, ਪੰਜਾਬ ਵਿਚ ਅਮਨ ਕਾਨੂੰਨ ਦੀ ਸਥਿਤੀ ਅਸਥਿਰ ਹੋ ਰਹੀ ਹੈ, ਜਿਸ ਦਾ ਉਦਾਹਰਣ ਹਾਲ ਵਿਚ ਵਾਪਰੇ ਹੱਤਿਆਵਾਂ ਅਤੇ ਪਟਿਆਲਾ ਵਿਖੇ ਹੋਈ ਘਟਨਾ ਤੋਂ ਸਾਹਮਣੇ ਆਉਂਦਾ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਪੰਜਾਬ ਦੇ ਹਿੱਤਾਂ ਨੂੰ ਕੇਜਰੀਵਾਲ ਦੇ ਕੋਲ ਗਹਿਣੇ ਰੱਖ ਕੇ ਅਤੇ ਰਿਮੋਟ ਕੰਟਰੋਲ ਬਣ ਕੇ ਸਰਕਾਰ ਚਲਾ ਰਹੇ ਹਨ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਕਿਹਾ ਕਿ ਬਿਜਲੀ ਵਿਚ ਲੱਗ ਰਹੇ ਲੰਬੇ ਕੱਟਾਂ ਨੂੰ ਬੰਦ ਕਰਕੇ ਲੋਕਾਂ ਨੂੰ ਲੋੜ ਮੁਤਾਬਕ ਬਿਜਲੀ ਉਪਲਬਧ ਕਰਵਾਈ ਜਾਵੇ, ਚੋਣਾਂ ਦੌਰਾਨ ਕੀਤੇ 300 ਯੂਨਿਟ ਮੁਫਤ ਬਿਜਲੀ ਦੇ ਵਾਅਦੇ ਨੂੰ ਬਿਨਾਂ ਸ਼ਰਤ ਲਾਗੂ ਕੀਤਾ ਜਾਵੇ, ਪੰਜਾਬ ਵਿਚ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਿਆ ਜਾਵੇ ਅਤੇ ਪੰਜਾਬ ਦੇ ਹਿੱਤਾਂ ਨਾਲ ਖਿਲਵਾੜ ਕਰਨਾ ਬੰਦ ਕੀਤਾ ਜਾਵੇ।
ਇਹ ਵੀ ਪੜ੍ਹੋ: ਜਲੰਧਰ ਦੇ ਚਿੱਕ-ਚਿੱਕ ਹਾਊਸ ਨੇੜੇ ਵਾਪਰਿਆ ਭਿਆਨਕ ਹਾਦਸਾ, ਔਰਤ ਦੀ ਹੋਈ ਦਰਦਨਾਕ ਮੌਤ
ਇਸ ਮੌਕੇ ਭਾਜਪਾ ਆਗੂ ਅਸ਼ੋਕ ਬਾਠ, ਐਡਵੋਕੇਟ ਰਾਜਵਿੰਦਰ ਲੱਕੀ, ਜਸਵੰਤ ਸਿੰਘ ਬਲਾਚੌਰ, ਸੰਜੀਵ ਰਾਣਾ, ਅਸ਼ਵਨੀ ਬਲੱਗਨ, ਹਿੰਮਤ ਤੇਜਪਾਲ ਅਤੇ ਪ੍ਰਿਤਪਾਲ ਬਜਾਜ ਨੇ ਵੀ ਆਪਣੇ ਵਿਚਾਰ ਰੱਖੇ। ਇਸ ਮੌਕੇ ਸਰੋਜ ਰਾਣੀ, ਪ੍ਰੋਮਿਲਾ ਸ਼ਰਮਾ, ਮੀਨਾ ਭਾਰਦਵਾਜ ਸਪਨਾ ਰਾਣੀ, ਸੰਜੀਵ ਰਾਣਾ, ਬਹਾਦਰ ਰਾਣਾ, ਸ਼ਿੰਗਾਰਾ ਸਿੰਘ, ਅਨਿਲ ਸਹਿਗਲ, ਅਹਿੰਸਾ ਪਾਠਕ ਆਦਿ ਮੌਜੂਦ ਸਨ।
ਇਹ ਵੀ ਪੜ੍ਹੋ: ਕਿਸਾਨੀ ਮਸਲੇ ਨੂੰ ਲੈ ਕੇ ਨਵਜੋਤ ਸਿੱਧੂ ਨੇ ਘੇਰੀ ਮਾਨ ਸਰਕਾਰ, ਆਖੀ ਇਹ ਗੱਲ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ