ਸਾਈਕਲ ''ਤੇ ਆਏ ਚੋਰ ਟਾਇਰ ਵਪਾਰੀ ਦੇ ਘਰੋਂ 17 ਤੋਲੇ ਗਹਿਣੇ ਤੇ ਲੱਖਾਂ ਦੀ ਨਕਦੀ ਲੁੱਟ ਕੇ ਫਰਾਰ

Friday, Apr 22, 2022 - 03:54 PM (IST)

ਸਾਈਕਲ ''ਤੇ ਆਏ ਚੋਰ ਟਾਇਰ ਵਪਾਰੀ ਦੇ ਘਰੋਂ 17 ਤੋਲੇ ਗਹਿਣੇ ਤੇ ਲੱਖਾਂ ਦੀ ਨਕਦੀ ਲੁੱਟ ਕੇ ਫਰਾਰ

ਜਲੰਧਰ (ਜ. ਬ.) : ਫਰੈਂਡਜ਼ ਕਾਲੋਨੀ 'ਚ ਸਾਈਕਲ 'ਤੇ ਆਏ 2 ਚੋਰ ਟਾਇਰ ਵਪਾਰੀ ਦੇ ਘਰੋਂ 17 ਤੋਲੇ ਸੋਨੇ ਦੇ ਗਹਿਣੇ ਅਤੇ ਲੱਖਾਂ ਰੁਪਏ ਦੀ ਨਕਦੀ ਲੈ ਗਏ। ਪੀੜਤ ਪਰਿਵਾਰ ਨੂੰ ਸ਼ੱਕ ਹੈ ਕਿ ਇਸ ਵਾਰਦਾਤ ਦੇ ਪਿੱਛੇ ਕਿਸੇ ਜਾਣਕਾਰ ਦਾ ਹੱਥ ਹੈ ਕਿਉਂਕਿ ਉਸ ਨੂੰ ਗਹਿਣਿਆਂ ਤੇ ਨਕਦੀ ਬਾਰੇ ਜਾਣਕਾਰੀ ਸੀ ਅਤੇ ਚੋਰਾਂ ਨੇ ਉਨ੍ਹਾਂ ਅਲਮਾਰੀਆਂ ਦੇ ਹੀ ਤਾਲੇ ਤੋੜੇ। ਥਾਣਾ ਨੰਬਰ 7 ਦੀ ਪੁਲਸ ਮਾਮਲੇ ਦੀ ਜਾਂਚ ਵਿਚ ਜੁਟੀ ਹੋਈ ਹੈ। ਵਪਾਰੀ ਗੁਰਚਰਨਪਾਲ ਸਿੰਘ ਵਾਸੀ ਫਰੈਂਡਜ਼ ਕਾਲੋਨੀ ਨੇ ਦੱਸਿਆ ਕਿ ਬੀਤੇ ਦਿਨੀਂ ਉਹ ਕਿਸੇ ਕੰਮ ਮੋਗਾ ਗਏ ਹੋਏ ਸਨ, ਜਦੋਂ ਕਿ ਉਨ੍ਹਾਂ ਦੀ ਪਤਨੀ ਦੁਪਹਿਰ 1.30 ਵਜੇ ਦੇ ਕਰੀਬ ਆਪਣੀ ਭੈਣ ਦੇ ਘਰ ਚਲੀ ਗਈ। ਉਨ੍ਹਾਂ ਦੇ ਬੱਚੇ ਵਿਦੇਸ਼ 'ਚ ਹਨ, ਜਿਸ ਕਾਰਨ ਘਰ ਨੂੰ ਤਾਲਾ ਲਾਇਆ ਹੋਇਆ ਸੀ। ਸ਼ਾਮ ਲਗਭਗ 6 ਵਜੇ ਜਦੋਂ ਉਹ ਵਾਪਸ ਮੁੜੇ ਤਾਂ ਦੇਖਿਆ ਕਿ ਘਰ ਦੇ ਮੇਨ ਗੇਟ ਦਾ ਤਾਲਾ ਲੱਗਾ ਹੋਇਆ ਸੀ ਪਰ ਲਾਬੀ ਵਾਲੇ ਦਰਵਾਜ਼ੇ ਦੀ ਚਿਟਕਣੀ ਪੇਚਾਂ ਤੋਂ ਖੋਲ੍ਹੀ ਹੋਈ ਸੀ।

ਇਹ ਵੀ ਪੜ੍ਹੋ : ਬੱਸਾਂ ਨੂੰ ਕਈ ਘੰਟੇ ਡੀਜ਼ਲ ਨਾ ਮਿਲਣ 'ਤੇ ਰੋਡਵੇਜ਼ ਡਿਪੂ-2 ਦੇ ਜੀ. ਐੱਮ. ਨੂੰ ਭੁਗਤਣਾ ਪਿਆ ਖਮਿਆਜ਼ਾ

PunjabKesari

ਉਨ੍ਹਾਂ ਦੱਸਿਆ ਕਿ ਚੋਰਾਂ ਨੇ ਅਲਮਾਰੀ ਦੇ ਤਾਲੇ ਤੋੜ ਕੇ 2 ਲੱਖ 25 ਹਜ਼ਾਰ ਰੁਪਏ, 2 ਚੂੜੀਆਂ, ਇਕ ਚੇਨ, 2 ਅੰਗੂਠੀਆਂ, ਇਕ ਡਾਇਮੰਡ ਸੈੱਟ ਅਤੇ 2 ਕੜੇ ਚੋਰੀ ਕਰ ਲਏ। ਇਹ ਗਹਿਣੇ 17 ਤੋਲੇ ਦੇ ਲਗਭਗ ਸਨ। ਪਰਿਵਾਰ ਨੇ ਜਦੋਂ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ ਤਾਂ ਦੇਖਿਆ ਕਿ ਸਾਈਕਲ 'ਤੇ ਸਵਾਰ 2 ਚੋਰ ਪਹਿਲਾਂ ਦੁਪਹਿਰ 3.30 ਵਜੇ ਆਏ ਤੇ ਗੇਟ ਦੇ ਨੇੜੇ ਖੜ੍ਹੇ ਰਹੇ। 4 ਵੱਜ ਕੇ 2 ਮਿੰਟ 'ਤੇ ਚੋਰ ਗੇਟ ਟੱਪ ਕੇ ਘਰ ਦੇ ਅੰਦਰ ਦਾਖਲ ਹੋਏ ਅਤੇ ਬੜੇ ਆਰਾਮ ਨਾਲ ਚੋਰੀ ਕਰਨ ਤੋਂ ਬਾਅਦ ਸਾਈਕਲ 'ਤੇ ਹੀ ਫਰਾਰ ਹੋ ਗਏ। ਇਸ ਸਬੰਧੀ ਥਾਣਾ ਨੰਬਰ 7 ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ ਹੈ। ਪੁਲਸ ਨੇ ਸੀ. ਸੀ. ਟੀ. ਵੀ. ਫੁਟੇਜ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਇੰਚਾਰਜ ਰਾਜੇਸ਼ ਸ਼ਰਮਾ ਦਾ ਕਹਿਣਾ ਹੈ ਕਿ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ : ਇਟਲੀ ਭੇਜਣ ਦੇ ਨਾਂ 'ਤੇ ਟੈਕਸੀ ਡਰਾਈਵਰ ਤੋਂ 4 ਲੱਖ ਰੁਪਏ ਲੈ ਕੇ ਮੁੱਕਰੇ ਮਾਂ-ਬੇਟੇ 'ਤੇ ਕੇਸ ਦਰਜ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Anuradha

Content Editor

Related News