ਡੀ. ਸੀ. ਦੇ ਹੁਕਮ ਭੋਗਪੁਰ ’ਚ ਲਾਗੂ ਨਾ ਹੋਣ ’ਤੇ ਭਡ਼ਕੇ ਨੌਜਵਾਨ
Wednesday, Oct 24, 2018 - 06:03 AM (IST)

ਭੋਗਪੁਰ, (ਸੂਰੀ, ਪਾਬਲਾ)- ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਸ਼ੋਭਾ ਯਾਤਰਾ ਦੇ ਰਸਤਿਆਂ ’ਤੇ ਇਸ ਸਬੰਧ ’ਚ ਹੋਣ ਵਾਲੇ ਧਾਰਮਿਕ ਆਯੋਜਨਾਂ ਦੇ ਸਥਾਨਾਂ ਨੇਡ਼ੇ ਦੀਆਂ ਸ਼ਰਾਬ ਤੇ ਮੀਟ ਦੀਆਂ ਦੁਕਾਨਾਂ 23 ਅਕਤੂਬਰ ਨੂੰ ਬੰਦ ਰੱਖਣ ਸਬੰਧੀ ਡਿਪਟੀ ਕਮਿਸ਼ਨਰ ਜਲੰਧਰ ਵੱਲੋਂ ਜਾਰੀ ਕੀਤੇ ਗਏ ਹੁਕਮ ਭੋਗਪੁਰ ’ਚ ਲਾਗੂ ਨਾ ਹੋ ਸਕੇ, ਜਿਸ ਕਾਰਨ ਸ਼ੋਭਾ ਯਾਤਰਾ ’ਚ ਸ਼ਾਮਲ ਸੇਵਕ ਨੌਜਵਾਨਾਂ ਦੇ ਰੋਸ ਨੂੰ ਦੇਖਦਿਆਂ ਭੋਗਪੁਰ ’ਚ ਇਕ ਸ਼ਰਾਬ ਦਾ ਠੇਕਾ ਬੰਦ ਹੋ ਗਿਆ। ਹੁਸ਼ਿਆਰਪੁਰ ਜ਼ਿਲੇ ਦੇ ਪਿੰਡ ਬਗਿਆਡ਼ੀ ਦੇ ਭਗਵਾਨ ਵਾਲਮੀਕਿ ਮੰਦਰ ਤੋਂ ਸ਼ਰੂ ਹੋਈ ਸ਼ੋਭਾ ਯਾਤਰਾ ਵੱਖ-ਵੱਖ ਪਿੰਡਾਂ ਤੋਂ ਹੁੰਦੀ ਹੋਈ ਜਦੋਂ ਪਿੰਡ ਮੋਗਾ ਵਾਲੇ ਪਾਸੇ ਤੋਂ ਭੋਗਪੁਰ ’ਚ ਦਾਖਲ ਹੋਈ ਤਾਂ ਸ਼ਹਿਰ ਦੇ ਬੁੱਲ੍ਹੋਵਾਲ ਚੌਕ ਨੇਡ਼ਲੇ ਠੇਕੇ ਨੂੰ ਛੱਡ ਕੇ ਆਦਮਪੁਰ ਰੋਡ ਅਤੇ ਜੀ. ਟੀ. ਰੋਡ ਦੇ ਠੇਕੇ ਸ਼ਰੇਆਮ ਖੁੱਲ੍ਹੇ ਰਹੇ।
ਦੱਸਣਯੋਗ ਹੈ ਕਿ ਇਸ ਸ਼ੋਭਾ ਯਾਤਰਾ ਨੂੰ ਲੈ ਕੇ ਭੋਗਪੁਰ ਪੁਲਸ ਵੱਲੋਂ ਭਾਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਤੇ ਭਾਰੀ ਗਿਣਤੀ ’ਚ ਪੁਲਸ ਮੁਲਾਜ਼ਮ ਸ਼ੋਭਾ ਯਾਤਰਾ ਨਾਲ ਚੱਲ ਰਹੇ ਸਨ ਪਰ ਕਿਸੇ ਨੇ ਵੀ ਇਨ੍ਹਾਂ ਠੇਕਿਆਂ ਨੂੰ ਬੰਦ ਕਰਵਾਉਣਾ ਜ਼ਰੂਰੀ ਨਹੀਂ ਸਮਝਿਆ। ਭੋਗਪੁਰ ’ਚ ਕੌਮੀ ਸ਼ਾਹ ਮਾਰਗ ’ਤੇ ਸ਼ਹਿਰ ’ਚ ਸਥਿਤ ਇਕ ਸ਼ਰਾਬ ਦਾ ਠੇਕਾ ਜੋ ਕਿ ਸ਼ੋਭਾ ਯਾਤਰਾ ਦੌਰਾਨ ਖੁੱਲ੍ਹਾ ਹੋਇਆ ਸੀ ਤੇ ਜਦੋਂ ਸ਼ੋਭਾ ਯਾਤਰਾ ਨਾਲ ਚੱਲ ਰਹੇ ਸੇਵਕ ਨੌਜਵਾਨ ਠੇਕੇ ਅੱਗੇ ਪੁੱਜੇ ਤਾਂ ਉਨ੍ਹਾਂ ਨੇ ਠੇਕੇ ਦੇ ਕਰਿੰਦਿਆਂ ਨੂੰ ਠੇਕਾ ਬੰਦ ਕਰਨ ਲਈ ਕਿਹਾ ਪਰ ਕੁਝ ਮਿੰਟ ਲਈ ਹੀ ਇਹ ਠੇਕਾ ਬੰਦ ਹੋਇਆ।
ਠੇਕੇ ਬੰਦ ਕਰਨ ਦੇ ਹੁਕਮ ਸਿਰਫ ਜਲੰਧਰ ਸ਼ਹਿਰ ’ਚ ਲਾਗੂ : ਡੀ. ਸੀ.
ਇਸ ਮਾਮਲੇ ਦੇ ਸਬੰਧ ’ਚ ਜਦੋਂ ਜਲੰਧਰ ਦੇ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਸ਼ੋਭਾ ਯਾਤਰਾ ਦੇ ਰਸਤਿਆਂ ਤੇ ਧਾਰਮਿਕ ਆਯੋਜਨਾਂ ਦੇ ਸਥਾਨਾਂ ਨੇਡ਼ੇ ਦੀਆਂ ਸ਼ਰਾਬ ਤੇ ਮੀਟ ਦੀਆਂ ਦੁਕਾਨਾਂ ਬੰਦ ਰੱਖਣ ਦੇ ਹੁਕਮ ਸਿਰਫ ਜਲੰਧਰ ਸ਼ਹਿਰ ਲਈ ਹੀ ਕੀਤੇ ਗਏ ਸਨ।