17 ਨੂੰ ਕਿਸਾਨਾਂ ਵੱਲੋਂ ਰੇਲ ਤੇ ਸੜਕੀ ਆਵਾਜਾਈ ਠੱਪ ਕਰਨ ਦਾ ਐਲਾਨ

11/10/2018 12:01:22 PM

ਜਲੰਧਰ (ਚਾਵਲਾ)— ਭਾਰਤੀ ਕਿਸਾਨ ਯੂਨੀਅਨ ਦੋਆਬਾ, ਮਾਝਾ ਸੰਘਰਸ਼ ਕਮੇਟੀ, ਲੋਕ ਭਲਾਈ ਇਨਸਾਫ ਵੈੱਲਫੇਅਰ ਸੁਸਾਇਟੀ, ਗੰਨਾ ਸੰਘਰਸ਼ ਕਮੇਟੀ ਦਸੂਹਾ ਅਤੇ ਸਹਿਯੋਗੀ ਕਿਸਾਨ ਜਥੇਬੰਦੀਆਂ ਨੇ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਨੂੰ ਅਣਗੌਲਿਆਂ ਕਰਨ ਸਬੰਧੀ ਸਰਕਾਰ ਨੂੰ ਤਾੜਨਾ ਕਰਦਿਆਂ ਅਲਟੀਮੇਟਮ ਦਿੱਤਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ 16 ਨਵੰਬਰ ਤੱਕ ਨਾ ਮੰਨੀਆਂ ਤਾਂ ਰੋਸ ਵਜੋਂ 17 ਨਵੰਬਰ ਨੂੰ ਰੇਲ ਆਵਾਜਾਈ ਅਤੇ ਸੜਕੀ ਆਵਾਜਾਈ ਨੂੰ ਅਣਮਿੱਥੇ ਸਮੇਂ ਲਈ ਰੋਕਣ ਦਾ ਐਲਾਨ ਕੀਤਾ ਜਾਵੇਗਾ, ਜਿਸ ਦਾ ਆਗਾਜ਼ ਦਸੂਹਾ ਤੋਂ ਕੀਤਾ ਜਾਵੇਗਾ। 

ਪ੍ਰੈੱਸ ਕਾਨਫਰੰਸ ਦੌਰਾਨ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਪ੍ਰਧਾਨ ਮਨਜੀਤ ਸਿੰਘ ਰਾਏ ਨੇ ਦੋਸ਼ ਲਗਾਇਆ ਕਿ ਸਰਕਾਰ ਕਿਸਾਨੀ ਨੂੰ ਤਬਾਹ ਕਰਨ 'ਤੇ ਤੁਲੀ ਹੈ, ਜਿਸ ਦਾ ਪ੍ਰਤੱਖ ਸਬੂਤ ਇਹ ਹੈ ਕਿ ਕਿਸਾਨਾਂ ਵੱਲੋਂ ਬੀਜੀਆਂ ਫਸਲਾਂ ਦਾ ਮੁੱਲ ਪੂਰਾ ਨਹੀਂ ਮਿਲ ਰਿਹਾ, ਜਿਸ ਕਾਰਨ ਕਿਸਾਨਾਂ ਨੂੰ ਘਾਟਾ ਪੈ ਰਿਹਾ ਹੈ ਅਤੇ ਕਿਸਾਨ ਮਜਬੂਰ ਹੋ ਕੇ ਖੁਦਕੁਸ਼ੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਵੋਟਾਂ ਦੀ ਰਾਜਨੀਤੀ ਕਾਰਨ ਕਿਸਾਨ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨ ਯੂਨੀਅਨ ਵੱਲੋਂ 17 ਸਤੰਬਰ ਅਤੇ 31 ਅਕਤੂਬਰ ਨੂੰ ਸਰਕਾਰ ਨਾਲ ਹੋਈਆਂ ਮੀਟਿੰਗਾਂ ਦੌਰਾਨ ਗੱਲਬਾਤ ਦਾ ਨਤੀਜਾ ਬੇਸਿੱਟਾ ਰਿਹਾ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਸੀਜ਼ਨ 2017-18 ਦੀ ਗੰਨੇ ਦੀ 450 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਦੀ ਅਦਾਇਗੀ ਕੀਤੀ ਜਾਵੇ ਅਤੇ 2018-19 ਲਈ ਗੰਨੇ ਦੀ ਫਸਲ ਦੇ ਰੇਟ ਅਤੇ ਸਾਰੀਆਂ ਪ੍ਰਾਈਵੇਟ ਅਤੇ ਸਹਿਕਾਰੀ ਮਿੱਲਾਂ ਨੂੰ ਚਲਾਉਣ ਸਬੰਧੀ ਤੁਰੰਤ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ। ਇਸ ਨਾਲ ਗੰਨੇ ਦਾ ਰੇਟ 350 ਪ੍ਰਤੀ ਕੁਇੰਟਲ ਕੀਤਾ ਜਾਵੇ। 

ਇਸ ਮੌਕੇ ਕਿਰਪਾਲ ਸਿੰਘ ਮੂਸਾਪੁਰ, ਸਤਨਾਮ ਸਿੰਘ ਸਾਹਨੀ, ਮੇਜਰ ਸਿੰਘ ਕੁਲਥਮ, ਸੁਖਪਾਲ ਸਿੰਘ, ਬਲਵਿੰਦਰ ਸਿੰਘ ਗੁਰਦਾਸਪੁਰ, ਜਸਵੰਤ ਸਿੰਘ ਪਠਾਨਕੋਟ, ਹਰਦੇਵ ਸਿੰਘ ਚਿੱਟੀ, ਰਮਨਪ੍ਰੀਤ ਸਿੰਘ ਟਾਂਡਾ, ਜਗੀਰ ਸਿੰਘ ਗੁਰਦਾਸਪੁਰ, ਹਰਵਿੰਦਰ ਸਿੰਘ ਟਾਂਡਾ, ਗੁਰਮੇਲ ਸਿੰਘ ਟਾਂਡਾ, ਗੁਰਪ੍ਰੀਤ ਸਿੰਘ ਔਲਖ, ਰਵਿੰਦਰ ਸਿੰਘ ਧੱਕੜ, ਨਿਸ਼ਾਨ ਸਿੰਘ, ਸੋਨੂੰ ਚੱਢਾ, ਦਵਿੰਦਰ ਸਿੰਘ, ਬਲਵੀਰ ਸਿੰਘ ਰਿਹਾਣਾ ਜੱਟਾਂ, ਹਰਜਿੰਦਰ ਸਿੰਘ ਦੂਹੜਾ, ਇੰਦਰਜੀਤ ਰਿਹਾਣਾ ਜੱਟਾਂ ਅਤੇ ਬਾਬਾ ਕਮਲਜੀਤ ਆਦਿ ਹਾਜ਼ਰ ਸਨ।


shivani attri

Content Editor

Related News