ਹੈਨਰੀ-ਕਿਸ਼ਨ ਲਾਲ ਵਿਵਾਦ ’ਚ ਹੋਏ ਸਮਝੌਤੇ ਮਗਰੋਂ ਭੰਡਾਰੀ ਸਮਰਥਕਾਂ ਨੇ ਪਾਰਟੀ ਤੋਂ ਦਿੱਤਾ ਅਸਤੀਫ਼ਾ

Saturday, May 07, 2022 - 04:49 PM (IST)

ਜਲੰਧਰ (ਗੁਲਸ਼ਨ)–ਵਿਧਾਨ ਸਭਾ ਚੋਣਾਂ ਦੇ ਨਤੀਜੇ ਵਾਲੇ ਦਿਨ ਵਿਧਾਇਕ ਬਾਵਾ ਹੈਨਰੀ ਦੇ ਸਮਰਥਕਾਂ ਵੱਲੋਂ ਭਾਜਪਾ ਆਗੂ ਕਿਸ਼ਨ ਲਾਲ ਸ਼ਰਮਾ ਨਾਲ ਕੁੱਟਮਾਰ ਕਰਨ ਦੇ ਮਾਮਲੇ ’ਚ ਬੀਤੇ ਦਿਨੀਂ ਸਾਬਕਾ ਮੰਤਰੀ ਅਵਤਾਰ ਹੈਨਰੀ ਦੇ ਦਫ਼ਤਰ ਵਿਚ ਦੋਵਾਂ ਧਿਰਾਂ ਵਿਚਕਾਰ ਸਮਝੌਤਾ ਹੋ ਗਿਆ। ਸਮਝੌਤੇ ਤੋਂ ਨਾਖੁਸ਼ ਸਾਬਕਾ ਵਿਧਾਇਕ ਕੇ. ਡੀ. ਭੰਡਾਰੀ ਦੇ ਸਮਰਥਕਾਂ ਭਾਜਪਾ ਯੁਵਾ ਮੋਰਚਾ ਦੇ ਜ਼ਿਲ੍ਹਾ ਸਕੱਤਰ ਅਨੁਪਮ ਸ਼ਰਮਾ, ਯੁਵਾ ਮੋਰਚਾ ਮੰਡਲ 2 ਦੇ ਪ੍ਰਧਾਨ ਸੰਨੀ ਦੂਆ, ਕਿਰਨਦੀਪ ਰੰਧਾਵਾ, ਨਿਤਿਨ ਖਹਿਰਾ ਤੇ ਅਭਿਸ਼ੇਕ ਸਮੇਤ ਕਈ ਵਰਕਰਾਂ ਨੇ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ। ਪ੍ਰੈੱਸ ਕਾਨਫਰੰਸ ਦੌਰਾਨ ਭਾਜਯੁਮੋ ਆਗੂ ਅਨੁਪਮ ਸ਼ਰਮਾ ਅਤੇ ਸੰਨੀ ਦੂਆ ਨੇ ਕਿਹਾ ਕਿ ਉਨ੍ਹਾਂ ਪਾਰਟੀ ਦਾ ਹਰ ਚੰਗੇ-ਬੁਰੇ ਸਮੇਂ ਵਿਚ ਸਾਥ ਦਿੱਤਾ ਹੈ। ਕਿਸ਼ਨ ਲਾਲ ਸ਼ਰਮਾ ਨਾਲ ਹੋਈ ਕੁੱਟਮਾਰ ਤੋਂ ਬਾਅਦ ਉਨ੍ਹਾਂ ਹੈਨਰੀ ਦੇ ਦਫ਼ਤਰ ਦੇ ਬਾਹਰ ਧਰਨਾ ਲਾਇਆ। ਪੱਕਾ ਪਰਚਾ ਦਰਜ ਕਰਵਾਉਣ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਦਫ਼ਤਰਾਂ ਦੇ ਚੱਕਰ ਵੀ ਕੱਟੇ ਪਰ ਉੱਤਰੀ ਹਲਕੇ ਦੇ ਸੀਨੀਅਰ ਆਗੂਆਂ ਅਤੇ ਵਰਕਰਾਂ ਨੂੰ ਨਜ਼ਰਅੰਦਾਜ਼ ਕਰਦਿਆਂ ਬੰਦ ਕਮਰੇ ’ਚ ਸਮਝੌਤਾ ਕਰ ਲਿਆ ਗਿਆ। ਉਨ੍ਹਾਂ ਕਿਹਾ ਕਿ ਕਿਸੇ ਦਬਾਅ ਕਾਰਨ ਇਹ ਸਮਝੌਤਾ ਕੀਤਾ ਗਿਆ ਹੈ। ਉਨ੍ਹਾਂ ਭਾਜਪਾ ਹਾਈਕਮਾਨ ਕੋਲੋਂ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ ਨੂੰ ਬਦਲਣ ਦੀ ਮੰਗ ਵੀ ਕੀਤੀ।

ਜਦੋਂ ਉਨ੍ਹਾਂ ਕੋਲੋਂ ਪੁੱਛਿਆ ਗਿਆ ਕਿ ਭੰਡਾਰੀ ਨੂੰ ਉਨ੍ਹਾਂ ਦੇ ਅਸਤੀਫ਼ੇ ਦੀ ਜਾਣਕਾਰੀ ਹੈ। ਉਨ੍ਹਾਂ ਕਿਹਾ ਕਿ ਭੰਡਾਰੀ ਨਾਲ ਉਨ੍ਹਾਂ ਦਾ ਰੂਹ ਦਾ ਰਿਸ਼ਤਾ ਹੈ। ਉਹ ਉਨ੍ਹਾਂ ਦੇ ਸਿਆਸੀ ਗੁਰੂ ਹਨ। ਵਰਣਨਯੋਗ ਹੈ ਕਿ ਚੋਣਾਂ ਦੇ ਨਤੀਜੇ ਵਾਲੇ ਦਿਨ ਬਾਵਾ ਹੈਨਰੀ ਦੇ ਸਮਰਥਕ ਨੇ ਜਿੱਤ ਦਾ ਜਸ਼ਨ ਮਨਾਉਂਦਿਆਂ ਭਾਜਪਾ ਆਗੂ ਕਿਸ਼ਨ ਲਾਲ ਸ਼ਰਮਾ ਨਾਲ ਕੁੱਟਮਾਰ ਕਰਦਿਆਂ ਉਨ੍ਹਾਂ  ਦੇ ਕੱਪੜੇ ਤੱਕ ਪਾੜ ਦਿੱਤੇ ਸਨ, ਜਿਸ ਤੋਂ ਬਾਅਦ ਪੁਲਸ ਨੇ ਹੈਨਰੀ ਸਮਰਥਕਾਂ ’ਤੇ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ। ਇਸ ਸਬੰਧ ’ਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ ਨਾਲ ਸੰਪਰਕ ਕਰਨਾ ਚਾਹਿਆ ਤਾਂ ਉਨ੍ਹਾਂ ਦਾ ਫੋਨ ਸਵਿੱਚ ਆਫ ਮਿਲਿਆ।

ਪਾਰਟੀ ਆਗੂਆਂ ਦੀ ਆਪਸੀ ਫੁੱਟ ਕਾਰਨ ਪੰਜਾਬ ’ਚ ਭਾਜਪਾ ਦਾ ਭਵਿੱਖ ਖ਼ਤਰੇ ’ਚ
ਭਾਰਤੀ ਜਨਤਾ ਯੁਵਾ ਮੋਰਚਾ (ਭਾਜਯੁਮੋ) ਵਰਕਰਾਂ ਨੂੰ ਭਾਜਪਾ ਦੀ ਰੀੜ੍ਹ ਦੀ ਹੱਡੀ ਕਿਹਾ ਜਾਂਦਾ ਹੈ ਪਰ ਭਾਜਯੁਮੋ ਪੰਜਾਬ ਦਾ ਭਾਰ ਕਮਜ਼ੋਰ ਮੋਢਿਆਂ ’ਤੇ ਹੋਣ ਕਾਰਨ ਭਾਜਯੁਮੋ ਦਾ ਕੁਨਬਾ ਖਿੱਲਰਦਾ ਨਜ਼ਰ ਆ ਰਿਹਾ ਹੈ। ਵਿਧਾਨ ਸਭਾ ਚੋਣਾਂ ਤੋਂ ਬਾਅਦ ਭਾਜਯੁਮੋ ਦੇ ਸੂਬਾ ਪ੍ਰਧਾਨ ਭਾਨੂ ਪ੍ਰਤਾਪ ਰਾਣਾ ਨੇ ਜਲੰਧਰ ਵਿਚ ਵਰਕਰਾਂ ਨਾਲ ਇਕ ਵੀ ਮੀਟਿੰਗ ਨਹੀਂ ਕੀਤੀ ਅਤੇ ਨਾ ਹੀ ਚੋਣਾਂ ਵਿਚ ਹੋਈ ਹਾਰ ਦਾ ਮੰਥਨ ਕੀਤਾ। ਪਿਛਲੇ ਦਿਨੀਂ ਭਾਜਪਾ ਯੁਵਾ ਮੋਰਚਾ ਪੰਜਾਬ ਦੇ ਸਹਿ-ਮੀਡੀਆ ਇੰਚਾਰਜ ਅਰਜੁਨ ਤ੍ਰੇਹਨ ਨੇ ਵੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਅਸਤੀਫੇ ਤੋਂ ਬਾਅਦ ਉਨ੍ਹਾਂ ਨੇ ਤਾਂ ਇਥੋਂ ਤੱਕ ਕਹਿ ਦਿਤਾ ਸੀ ਕਿ ਭਾਨੂ ਪ੍ਰਤਾਪ ਰਾਣਾ ਭਾਜਯੁਮੋ ਦੇ ਸੂਬਾ ਪ੍ਰਧਾਨ ਬਣਨ ਦੇ ਕਾਬਿਲ ਹੀ ਨਹੀਂ ਸਨ।

ਹੁਣ ਹੈਨਰੀ-ਕਿਸ਼ਨ ਲਾਲ ਵਿਵਾਦ ਵਿਚ ਵੀ ਭਾਜਯੁਮੋ ਦੇ ਕਈ ਆਗੂਆਂ ਨੇ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ। ਸਿਆਸੀ ਗਲਿਆਰਿਆਂ ਵਿਚ ਚਰਚਾ ਰਹੀ ਕਿ ਸਾਬਕਾ ਵਿਧਾਇਕ ਦੇ ਇਸ਼ਾਰੇ ’ਤੇ ਹੀ ਪ੍ਰੈੱਸ ਕਾਨਫਰੰਸ ਕੀਤੀ ਗਈ ਹੈ। ਇਸ ਤੋਂ ਸਾਬਿਤ ਹੁੰਦਾ ਹੈ ਕਿ ਭਾਜਪਾ ਦੇ ਅੰਦਰ ਸਭ ਕੁਝ ਠੀਕ ਨਹੀਂ ਚੱਲ ਰਿਹਾ। ਸਿਰਫ ਯੁਵਾ ਮੋਰਚਾ ਹੀ ਨਹੀਂ, ਸਗੋਂ ਭਾਜਪਾ ਦੇ ਅੰਦਰ ਵੀ ਫੁੱਟ ਦੇਖਣ ਨੂੰ ਮਿਲ ਰਹੀ ਹੈ। ਕੱਲ ਭਾਜਪਾ ਵੱਲੋਂ ਬਿਜਲੀ ਮੁੱਦੇ ਨੂੰ ਲੈ ਕੇ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਲਾਏ ਗਏ ਧਰਨੇ ’ਚ ਵੀ ਹਾਜ਼ਰ ਲੋਕਾਂ ਦੀ ਗਿਣਤੀ ਨਾਮਾਤਰ ਰਹੀ। ਭਾਜਪਾ ਦੀ ਜ਼ਿਲ੍ਹਾ ਟੀਮ, ਸੀਨੀਅਰ ਆਗੂ, ਮੰਡਲਾਂ, ਵਾਰਡਾਂ, ਮੋਰਚਿਆਂ ਤੇ ਸੈੱਲਾਂ ਦੇ ਇੰਚਾਰਜ ਅਤੇ ਉਨ੍ਹਾਂ ਦੀਆਂ ਟੀਮਾਂ ਦੀ ਲੰਮੀ-ਚੌੜੀ ਫੌਜ ਹੋਣ ਦੇ ਬਾਵਜੂਦ ਧਰਨੇ ਵਿਚ ਸਿਰਫ 100 ਲੋਕ ਹੀ ਇਕੱਠੇ ਨਹੀਂ ਹੋ ਸਕੇ। ਇਸ ਤੋਂ ਆਸਾਨੀ ਨਾਲ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਪੰਜਾਬ ’ਚ ਭਾਜਪਾ ਦਾ ਭਵਿੱਖ ਖਤਰੇ ’ਚ ਹੈ।
 


Manoj

Content Editor

Related News