ਦਿੱਲੀ ਪੁਲਸ ਵੱਲੋਂ ਸਿੱਖ ਪਿਓ-ਪੁੱਤ ਦੀ ਕੀਤੀ ਕੁੱਟਮਾਰ ਦੀ ਨਿੰਦਾ

06/18/2019 12:56:31 PM

ਕਪੂਰਥਲਾ (ਮੱਲ੍ਹੀ)— ਦਿੱਲੀ ਪੁਲਸ ਸਿੱਖ ਆਟੋ ਚਾਲਕ ਅਤੇ ਉਸਦੇ ਪੁੱਤ ਦੀ ਕੀਤੀ ਬੇਰਹਿਮੀ ਨਾਲ ਕੁੱਟ-ਮਾਰ ਦੀ ਸਖਤ ਸ਼ਬਦਾਂ 'ਚ ਨਿੰਦਾ ਕਰਦਿਆਂ ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨ (ਦਿਹਾਤੀ) ਅਮਰਜੀਤ ਸਿੰਘ ਸੈਦੋਵਾਲ ਤੇ ਬਲਾਕ ਪ੍ਰਧਾਨ (ਸ਼ਹਿਰੀ) ਰਾਜਿੰਦਰ ਕੌੜਾ ਨੇ ਕਿਹਾ ਕਿ ਸੰਵਿਧਾਨਿਕ ਤੌਰ 'ਤੇ ਪੁਲਸ ਦਾ ਕੰਮ ਪਬਲਿਕ ਦੀ ਜਾਨ ਮਾਲ ਦੀ ਰੱਖਿਆ ਕਰਨਾ ਹੁੰਦਾ ਹੈ ਪਰ ਜਿਸ ਬੇਰਹਿਮੀ ਨਾਲ ਪੁਲਸ ਨੇ ਸਿੱਖ ਪਿਓ-ਪੁੱਤ ਨਾਲ ਤਸ਼ੱਦਦ ਅਤੇ ਅੱਤਿਆਚਾਰ ਦਾ ਨੰਗਾ ਨਾਚ ਨੱਚਿਆ ਹੈ ਤੋਂ ਇਨਸਾਨੀਅਤ ਸ਼ਰਮਸਾਰ ਹੋਈ ਹੈ ਅਤੇ ਖਾਕੀ ਵਰਦੀ 'ਤੇ ਦਾਗ ਲੱਗਿਆ ਹੈ। ਉਨ੍ਹਾਂ ਕਿਹਾ ਕਿ ਸਿੱਖ ਪਿਓ-ਪੁੱਤ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਵਾਲੇ ਪੁਲਸ ਵਰਦੀਧਾਰੀਆਂ ਨੂੰ ਸਖਤ ਸਜ਼ਾ ਦਿੰਦਿਆਂ ਤੁਰੰਤ ਨੌਕਰੀ ਤੋਂ ਬਰਖਾਸਤ ਕਰਦਿਆਂ ਸਲਾਖਾਂ ਪਿੱਛੇ ਬੰਦ ਕੀਤਾ ਜਾਵੇ ਕਿਉਂਕਿ ਉਕਤ ਕਾਂਡ ਨੇ ਸਿੱਖਾਂ ਦੇ ਹਿਰਦੇ ਵਲੂੰਧਰੇ ਹਨ।
ਕਾਂਗਰਸ ਸੇਵਾ ਦਲ ਕਪੂਰਥਲਾ ਦੇ ਜ਼ਿਲਾ ਪ੍ਰਧਾਨ ਸੁਭਾਸ਼ ਭਾਰਗਵ ਤੇ ਕਾਂਗਰਸ ਦਿਹਾਤੀ ਪ੍ਰਧਾਨ ਦਲਜੀਤ ਸਿੰਘ ਬਡਿਆਲ ਨੇ ਕਿਹਾ ਕਿ ਪੂਰੀ ਦੁਨੀਆ ਇਹ ਗੱਲ ਭਲੀ ਭਾਂਤੀ ਜਾਣਦੀ ਹੈ ਕਿ ਸਿੱਖ ਧਰਮ ਦੇ ਲੋਕ ਨਾ ਕਦੇ ਜੁਰਮ ਕਰਦੇ ਹਨ ਤੇ ਨਾ ਹੀ ਜੁਰਮ ਸਹਿੰਦੇ ਹਨ ਭਾਵ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਗੁਰਸਿੱਖ ਬਿਨਾਂ ਕਿਸੇ ਭੇਦਭਾਵ ਦੇ ਹਰੇਕ ਧਰਮ ਦੇ ਲੋਕਾਂ ਦੀ ਮਦਦ ਕਰਨ ਲਈ ਹਮੇਸ਼ਾ ਤੱਤਪਰ ਰਹਿੰਦੇ ਹਨ ਫਿਰ ਸਿੱਖ ਧਰਮ ਦੇ ਲੋਕਾਂ ਨੂੰ ਸ਼ਰੇਆਮ ਕੁੱਟਣ ਅਤੇ ਜ਼ਲੀਲ ਕਰਨਾ ਇਨਸਾਨੀਅਤ ਦੀ ਨਜ਼ਰ 'ਚ ਦਿੱਲੀ ਪੁਲਸ ਦੀ ਬਹੁਤ ਹੀ ਬੁਝਦਿੱਲੀ ਵਾਲੀ ਘਟਨਾ ਹੈ। ਜਿਸ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਕਤ ਗੁਰਸਿੱਖ ਕਾਂਗਰਸ ਆਗੂਆਂ ਨੇ ਐੱਨ. ਡੀ. ਏ. ਦੀ ਕੇਂਦਰ ਸਰਕਾਰ ਅਤੇ ਦਿੱਲੀ ਦੀ ਕੇਜਰੀਵਾਲ ਸਰਕਾਰ ਪਾਸੋਂ ਸਿੱਖ ਪਿਓ-ਪੁੱਤ ਦੀ ਕੁੱਟਮਾਰ ਕਰਨ ਵਾਲੇ ਦਿੱਲੀ ਪੁਲਸ ਦੇ ਮੁਲਾਜ਼ਮਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ।


shivani attri

Content Editor

Related News