ਬੈਂਕ ਆਫ ਬੜੌਦਾ, ਦੇਨਾ ਬੈਂਕ ਅਤੇ ਵਿਜਯਾ ਬੈਂਕ ਦੇ ਰਲੇਵੇਂ ਵਿਰੁੱਧ ਮੁਲਾਜ਼ਮਾਂ ਨੇ ਕੀਤਾ ਰੋਸ ਮੁਜ਼ਾਹਰਾ

Tuesday, Dec 25, 2018 - 06:21 AM (IST)

ਬੈਂਕ ਆਫ ਬੜੌਦਾ, ਦੇਨਾ ਬੈਂਕ ਅਤੇ ਵਿਜਯਾ ਬੈਂਕ ਦੇ ਰਲੇਵੇਂ ਵਿਰੁੱਧ  ਮੁਲਾਜ਼ਮਾਂ ਨੇ ਕੀਤਾ ਰੋਸ ਮੁਜ਼ਾਹਰਾ

ਜਲੰਧਰ,   (ਅਮਿਤ)-  ਬੈਂਕ ਆਫ ਬੜੌਦਾ, ਦੇਨਾ ਬੈਂਕ ਅਤੇ ਵਿਜਯਾ ਬੈਂਕ ਦੇ ਰਲੇਵੇਂ ਦੇ ਵਿਰੋਧ ’ਚ ਸੋਮਵਾਰ ਨੂੰ ਸ਼ਹਿਰ ਦੀਆਂ  ਵੱਖ-ਵੱਖ ਬਰਾਂਚਾਂ ਤੋਂ ਸੈਂਕੜੇ ਬੈਂਕ ਮੁਲਾਜ਼ਮਾਂ  ਨੇ ਪੰਜਾਬ ਨੈਸ਼ਨਲ ਬੈਂਕ ਦੀ ਸਿਵਲ ਲਾਈਨ ਸਥਿਤ ਮੇਨ ਬਰਾਂਚ ਦੇ ਸਾਹਮਣੇ ਰੋਸ ਮੁਜ਼ਾਹਰਾ  ਕੀਤਾ। 
ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਾਂ ਦੇ ਕਨਵੀਨਰ  ਅਮ੍ਰਿਤ ਲਾਲ ਨੇ ਦੱਸਿਆ ਕਿ ਮੁਲਾਜ਼ਮਾਂ ਨੇ ਸਰਕਾਰ ਕੋਲ ਇਨ੍ਹਾਂ ਬੈਂਕਾਂ ਦਾ ਰਲੇਵਾਂ ਕਰਨ ’ਤੇ ਰੋਕ ਲਾਉਣ ਦੀ ਫਰਿਆਦ  ਕੀਤੀ ਹੈ। ਮੁਲਾਜ਼ਮਾਂ ਨੇ ਸਰਕਾਰ ਖਿਲਾਫ ਤਿੱਖਾ ਰੋਸ ਮੁਜ਼ਾਹਰਾ ਕਰਦਿਆਂ ਨਾਅਰੇਬਾਜ਼ੀ ਕੀਤੀ  ਤੇ ਕਿਹਾ ਕਿ ਇਸ ਤੋਂ ਪਹਿਲਾਂ ਜਿੰਨੀ ਵਾਰ ਵੀ ਬੈਂਕਾਂ ਦਾ ਰਲੇਵਾਂ ਹੋਇਆ ਉਸ ਦੇ ਨਤੀਜੇ  ਬੁਰੇ ਹੀ ਸਾਹਮਣੇ ਆਏ। ਇਸ ਨਾਲ ਬੈਂਕ ਸ਼ਾਖਾਵਾਂ ਬੰਦ ਹੋਈਆਂ ਤੇ ਐੱਨ. ਪੀ. ਏ. ਵਿਚ ਵੀ  ਵਾਧਾ ਹੋਇਆ। 
ਮੁਲਾਜ਼ਮਾਂ ਨੇ ਕਿਹਾ ਕਿ ਮੌਜੂਦਾ ਸਮੇਂ ਦੀ ਲੋੜ ਹੈ ਕਿ ਬੈਂਕਿੰਗ ਦੀ  ਐਕਸਪੈਂਸ਼ਨ ਕੀਤੀ ਜਾਵੇ ਅਤੇ ਨਿੱਜੀ ਬੈਂਕਾਂ ਦਾ ਰਾਸ਼ਟਰੀਕਰਨ ਕੀਤਾ ਜਾਵੇ। ਉਨ੍ਹਾਂ ਕਿਹਾ  ਕਿ  ਬੈਂਕਿੰਗ ਖੇਤਰ ਨੂੰ ਆ ਰਹੀਆਂ ਮੁਸ਼ਕਲਾਂ ਦਾ ਹੱਲ ਮਰਜ਼ ਕਰਨ ਨਾਲ ਨਹੀਂ ਹੋਵੇਗਾ ਸਗੋਂ  ਇਸ ਨਾਲ ਵਿੱਤੀ ਸੰਕਟ ਵਧ ਜਾਣਗੇ।
ਚਰਨਜੀਤ ਸਿੰਘ, ਆਰ. ਕੇ. ਗੁਪਤਾ ਆਦਿ ਨੇ ਕਿਹਾ  ਕਿ ਜੇਕਰ ਰਲੇਵੇਂ  ਦੀ  ਪ੍ਰਕਿਰਿਆ ’ਤੇ ਰੋਕ ਨਾ ਲਾਈ ਗਈ ਤਾਂ ਯੂ. ਐੱਫ. ਬੀ. ਯੂ. ਦੇ ਬੈਨਰ ਹੇਠ ਦੇਸ਼ ਦੇ 10  ਲੱਖ ਬੈਂਕ ਮੁਲਾਜ਼ਮ 26 ਦਸੰਬਰ ਨੂੰ ਪੂਰੇ ਦਿਨ ਲਈ ਹੜਤਾਲ ਰੱਖਣਗੇ।
ਰੋਸ ਪ੍ਰਦਰਸ਼ਨ  ਦੌਰਾਨ ਆਰ. ਕੇ. ਗੁਪਤਾ, ਚਰਨਜੀਤ ਸਿੰਘ, ਬਲਰਾਜ ਸਾਹਨੀ, ਪਵਨ ਗਿੱਲ, ਐੱਸ. ਪੀ. ਐੱਸ.  ਵਿਰਕ, ਕਮਲਜੀਤ ਸਿੰਘ, ਆਰ. ਕੇ. ਧਵਨ, ਦਲੀਪ ਕੁਮਾਰ ਸ਼ਰਮਾ, ਤੇਜਾ ਸਿੰਘ, ਦਿਨੇਸ਼ ਡੋਗਰਾ,  ਪਵਨ ਬੱਸੀ, ਐੱਚ. ਐੱਸ. ਬੀਰ ਤੇ ਰਾਜ ਕੁਮਾਰ ਭਗਤ ਆਦਿ ਮੌਜੂਦ ਸਨ।
 


Related News