ਪਤੀ ਦੀਆਂ ਹਰਕਤਾਂ ਤੋਂ ਦੁਖੀ ਹੋ ਕੇ ਬੱਚਾ ਵੇਚਣ ਧਾਰਮਿਕ ਸਥਾਨ ''ਤੇ ਪਹੁੰਚੀ ਔਰਤ

10/22/2019 10:30:00 AM

ਜਲੰਧਰ (ਜ. ਬ.)— ਟਾਂਡਾ ਰੋਡ 'ਤੇ ਸਥਿਤ ਇਕ ਧਾਰਮਿਕ ਅਸਥਾਨ 'ਚ ਬੱਚਾ ਵੇਚਣ ਲਈ ਗਾਹਕ ਦਾ ਇੰਤਜ਼ਾਰ ਕਰਨ ਦੀ ਸੂਚਨਾ ਮਿਲਦੇ ਹੀ ਪੁਲਸ ਹਰਕਤ 'ਚ ਆ ਗਈ। ਮੌਕੇ 'ਤੇ ਪਹੁੰਚੀ ਥਾਣਾ ਨੰ. 8 ਦੀ ਪੁਲਸ ਨੇ 2 ਔਰਤਾਂ ਨੂੰ ਬੱਚੇ ਸਮੇਤ ਕਾਬੂ ਕੀਤਾ ਅਤੇ ਪੁੱਛਗਿੱਛ ਸ਼ੁਰੂ ਕੀਤੀ। ਜਾਣਕਾਰੀ ਅਨੁਸਾਰ ਪੁਲਸ ਨੂੰ ਕੁਝ ਲੋਕਾਂ ਨੇ ਸੂਚਨਾ ਦਿੱਤੀ ਸੀ ਕਿ ਧਾਰਮਿਕ ਅਸਥਾਨ 'ਚ 2 ਔਰਤਾਂ ਬੱਚੇ ਨੂੰ ਵੇਚਣ ਲਈ ਬੈਠੀਆਂ ਹਨ। ਪੁਲਸ ਨੇ ਤੁਰੰਤ ਐਕਸ਼ਨ ਲੈਂਦੇ ਹੋਏ ਧਾਰਮਿਕ ਅਸਥਾਨ 'ਚ ਖੜ੍ਹੀਆਂ ਔਰਤਾਂ ਨੂੰ ਕਾਬੂ ਕਰ ਲਿਆ ਅਤੇ ਬੱਚੇ ਸਮੇਤ ਔਰਤਾਂ ਨੂੰ ਥਾਣੇ ਲਿਜਾ ਕੇ ਪੁੱਛਗਿੱਛ ਕੀਤੀ ਤਾਂ ਮਾਮਲਾ ਕੁਝ ਹੋਰ ਹੀ ਨਿਕਲਿਆ।

ਥਾਣਾ ਨੰ. 8 ਦੇ ਮੁਖੀ ਰੁਪਿੰਦਰ ਸਿੰਘ ਨੇ ਦੱਸਿਆ ਕਿ ਔਰਤ ਨੇ ਕੁਝ ਦਿਨ ਪਹਿਲਾਂ ਹੀ ਪੰਜਵੇਂ ਬੱਚੇ ਨੂੰ ਜਨਮ ਦਿੱਤਾ ਸੀ। ਔਰਤ ਬਸਤੀਆਂ ਦੇ ਖੇਤਰ ਦੀ ਰਹਿਣ ਵਾਲੀ ਹੈ। ਉਨ੍ਹਾਂ ਦੱਸਿਆ ਕਿ ਮਹਿਲਾ ਮੁਤਾਬਕ ਉਸ ਦਾ ਪਤੀ 6 ਮਹੀਨਿਆਂ ਤੋਂ ਘਰੋਂ ਬਾਹਰ ਰਹਿ ਰਿਹਾ ਹੈ ਅਤੇ 4 ਮਹੀਨਿਆਂ ਤੋਂ ਉਸ ਦਾ ਕੋਈ ਪਤਾ ਨਹੀਂ ਹੈ। ਕਿਸੇ ਤਰ੍ਹਾਂ ਰਬੜ ਦੀ ਫੈਕਟਰੀ 'ਚ ਕੰਮ ਕਰਕੇ 4 ਬੱਚਿਆਂ ਨੂੰ ਪਾਲ ਰਹੀ ਹੈ। ਇਸੇ ਮਹੀਨੇ 9 ਤਰੀਕ ਨੂੰ ਉਸ ਦਾ  ਬੇਟਾ ਸਿਵਲ ਹਸਤਾਲ 'ਚ ਪੈਦਾ ਹੋਇਆ। 

ਅਸਲ 'ਚ ਉਹ ਧਾਰਮਿਕ ਅਸਥਾਨ ਕੋਲ ਸਥਿਤ ਇਕ ਹਸਪਤਾਲ 'ਚ ਦਵਾਈ ਲੈਣ ਆਈ ਸੀ। ਔਰਤ ਆਪਣੇ ਸ਼ਰਾਬੀ ਪਤੀ ਕਾਰਨ ਪ੍ਰੇਸ਼ਾਨ ਸੀ, ਜੋ ਆਪਣੇ ਬੱਚੇ ਨੂੰ ਗੋਦ 'ਚ ਲੈ ਕੇ ਕਹਿ ਰਹੀ ਸੀ ਕਿ ਪਤੀ ਦੀਆਂ ਹਰਕਤਾਂ ਕਾਰਨ ਬੱਚੇ ਦਾ ਪਾਲਣ-ਪੋਸ਼ਣ ਸਹੀ ਨਹੀਂ ਹੋ ਸਕੇਗਾ, ਅਜਿਹੇ 'ਚ ਉਹ ਬੱਚੇ ਨੂੰ ਗੋਦ ਦੇ ਦੇਵੇਗੀ ਤਾਂ ਕਿ ਉਸ ਦਾ ਪਾਲਣ-ਪੋਸ਼ਣ ਸਹੀ ਹੋ ਸਕੇ।
ਇੰਸ. ਰੁਪਿੰਦਰ ਸਿੰਘ ਦਾ ਕਹਿਣਾ ਹੈ ਕਿ ਕਿਸੇ ਨੇ ਇਸ ਗੱਲ ਨੂੰ ਸੁਣ ਕੇ ਪੁਲਸ ਨੂੰ ਫੋਨ ਕਰ ਦਿੱਤਾ। ਪੁਲਸ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਹਰ ਤਰੀਕੇ ਨਾਲ ਜਾਂਚ ਕੀਤੀ ਪਰ ਬੱਚੇ ਵੇਚਣ ਵਾਲੀ ਗੱਲ ਝੂਠੀ ਨਿਕਲੀ, ਜਿਸ ਕਾਰਨ ਔਰਤਾਂ ਨੂੰ ਛੱਡ ਦਿੱਤਾ ਗਿਆ।


shivani attri

Content Editor

Related News