18 ਲੱਖ ਦੀ ਠੱਗੀ ਕਰਨ ਵਾਲਾ ਬਾਬਾ ਗ੍ਰਿਫਤਾਰ

08/15/2019 6:50:00 AM

ਸੁਲਤਾਨਪੁਰ ਲੋਧੀ, (ਧੀਰ, ਜੋਸ਼ੀ)- ਥਾਣਾ ਮੁਖੀ ਤਲਵੰਡੀ ਚੌਧਰੀਆਂ ਕੋਲ ਮਨਜੀਤ ਕੌਰ ਪਤਨੀ ਅਜੀਤ ਸਿੰਘ ਵਾਸੀ ਸ਼ੇਰਪੁਰ ਡੋਗਰਾ ਵਲੋਂ ਦਿੱਤੀ ਦਰਖਾਸਤ ’ਤੇ ਕਰਵਾਈ ਕਰਦਿਆਂ ਥਾਣਾ ਮੁਖੀ ਸਰਬਜੀਤ ਸਿੰਘ ਦੀ ਅਗਵਾਈ ਹੇਠ ਪੁਲਸ ਪਾਰਟੀ ਵਲੋਂ 18 ਲੱਖ ਦੀ ਠੱਗੀ ਕਰਨ ਵਾਲੇ ਬਾਬਾ ਰੂਪਾ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।

ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਸਰਵਨ ਸਿੰਘ ਬਲ ਨੇ ਦੱਸਿਆ ਕਿ ਲੋਕਾਂ ਨਾਲ ਠੱਗੀਆਂ ਮਾਰਨ ਵਾਲੇ ਢੌਂਗੀ ਬਾਬੇ ਨੂੰ ਥਾਣਾ ਤਲਵੰਡੀ ਚੌਧਰੀਆਂ ਦੇ ਐੱਸ. ਐੱਚ. ਓ. ਬਲਜੀਤ ਸਿੰਘ ਵਲੋਂ ਗੁਪਤ ਸੂਚਨਾ ਦੇ ਆਧਾਰ ’ਤੇ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪਿੰਡ ਸ਼ੇਰਪੁਰ ਡੋਗਰਾਂ ਦੀ ਮਨਜੀਤ ਕੌਰ ਪਤਨੀ ਅਜੀਤ ਸਿੰਘ ਨੇ ਇਕ ਦਰਖਾਸਤ ਥਾਣਾ ਤਲਵੰਡੀ ਚੌਧਰੀਆਂ ਨੂੰ ਦਿੱਤੀ ਸੀ ਕਿ ਉਸ ਨਾਲ ਰੂਪ ਲਾਲ ਉਰਫ ਰੂਪਾ ਬਾਬਾ ਪੁੱਤਰ ਜੋਗਿੰਦਰ ਸਿੰਘ ਵਾਸੀ ਥਾਣਾ ਸੁਲਤਾਨਪੁਰ ਲੋਧੀ ਨੇ ਲਾਲਚ ਦੇ ਕੇ ਆਪਣੇ ਚੁੰਗਲ ਵਿਚ ਫਸਾਇਆ ਅਤੇ ਕਿਹਾ ਕਿ ਤੁਹਾਡੇ ਘਰ ਵਿਚ ਇਕ ਧੰਨ-ਦੌਲਤ ਨਾਲ ਭਰੀ ਹੋਈ ਦੇਗ ਦੱਬੀ ਹੋਈ ਹੈ, ਜਿਸ ਨੂੰ ਕਾਲੇ ਇਲਮ ਨਾਲ ਕੱਢ ਸਕਦਾ ਹਾਂ ਤੁਸੀਂ ਕਿਸੇ ਨਾਲ ਗੱਲ ਨਹੀਂ ਕਰਨੀ ਅਤੇ ਕਿਹਾ ਕਿ 30-40 ਹਜ਼ਾਰ ਰੁਪਏ ਖਰਚ ਆਵੇਗਾ। ਅਸੀਂ ਕਦੇ 10 ਹਜ਼ਾਰ ਅਤੇ ਕਦੇ 20 ਹਜ਼ਾਰ ਰੁਪਏ ਦਿੰਦੇ ਰਹੇ ਅਤੇ ਇਸ ਤਰ੍ਹਾਂ ਉਹ ਸਾਡੇ ਕੋਲੋਂ ਤਕਰੀਬਨ 18 ਲੱਖ ਰੁਪਏ ਠੱਗ ਕੇ ਲੈ ਗਿਆ ਪਰ ਸਾਨੂੰ ਪੈਸਿਆਂ ਵਾਲੀ ਕੋਈ ਦੇਗ ਨਾ ਕੱਢ ਕੇ ਦਿੱਤੀ। ਕੁਝ ਸਮੇਂ ਬਾਅਦ ਬਾਬੇ ਨੇ ਇਕ ਗਾਗਰ ਜਿਸ ਵਿਚ ਕੱਟੇ ਹੋਏ ਔਲਿਆਂ ਦੇ ਪੀਸ, 5 ਕੌਲੀਆਂ ਸੁਨਹਿਰੀ ਜਾਅਲੀ ਸੋਨੇ ਦੀ, 10 ਵਰਕ ਵਾਲੇ ਗੋਲ ਬਿਸਕੁਟ, ਇਕ ਚੇਨੀ ਜਾਅਲੀ ਸੋਨੇ ਦੀ, ਇਕ ਜਾਅਲੀ ਸੋਨੇ ਦਾ ਹਾਰ, 2 ਟੌਪਸ ਸੋਨਾ ਜਾਅਲੀ, 4 ਚੂਡ਼ੀਆਂ ਪਿੱਤਲ, ਇਕ ਗਾਨੀ ਮੋਤੀਆਂ ਵਾਲੀ ਸੁਨਹਿਰੀ ਆਦਿ ਕੱਢੇ। ਇਕ ਡੱਬੇ ਵਿਚੋਂ ਇੱਟ ਨਿਕਲੀ ਜੋ ਸਾਰਾ ਸਾਮਾਨ ਜਾਅਲੀ ਨਿਕਲਿਆ। ਇਸ ਪ੍ਰਕਾਰ ਬਾਬੇ ਰੂਪੇ ਨੇ ਉਨ੍ਹਾਂ ਨਾਲ 18 ਲੱਖ ਦੀ ਠੱਗੀ ਮਾਰੀ, ਦੀ ਜਾਂਚ ਕੀਤੀ ਅਤੇ ਜਿਸ ’ਤੇ ਧਾਰਾ 420, 384, 385, 386, 387 ਤਹਿਤ ਥਾਣਾ ਤਲਵੰਡੀ ਚੌਧਰੀਆਂ ਵਿਖੇ ਕੇਸ ਦਰਜ ਕੀਤਾ ਗਿਆ। ਬਾਬੇ ਰੂਪਾ ਦਾ 2 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਜਿਸ ਪਾਸੋਂ ਹੋਰ ਪੁਛਗਿੱਛ ਕੀਤੀ ਜਾਵੇਗੀ।


Bharat Thapa

Content Editor

Related News