ਕੁਵੈਤ ਭੇਜਣ ਦੇ ਨਾਂ ´’ਤੇ 1.87 ਲੱਖ ਦੀ ਠੱਗੀ ਮਾਰਨ ਵਾਲਾ ਟ੍ਰੈਵਲ ਏਜੰਟ ਗ੍ਰਿਫਤਾਰ

01/16/2019 6:48:57 AM

  ਲਾਂਬਡ਼ਾ,   (ਵਰਿੰਦਰ)-  ਲਾਂਬਡ਼ਾ ਪੁਲਸ ਨੇ ਵਿਦੇਸ਼  ਭੇਜਣ ਦਾ ਝਾਂਸਾ ਦੇ ਕੇ ਜਾਅਲੀ ਦਸਤਾਵੇਜ਼ ਬਣਾ ਕੇ ਪੈਸਿਆਂ ਦੀ ਧੋਖਾਦੇਹੀ  ਕਰਨ   ਵਾਲੇ ਇਕ ਟਰੈਵਲ ਏਜੰਟ ਨੂੰ ਗ੍ਰਿਫਤਾਰ ਕੀਤਾ ਹੈ | ਇਸ ਸਬੰਧੀ ਅੱਜ ਇਥੇ ਥਾਣਾ ਮੁਖੀ ਪੁਸ਼ਪ  ਬਾਲੀ ਨੇ ਦੱਸਿਆ ਕਿ ਬੀਤੇ ਦਿਨੀਂ ਕਸ਼ਮੀਰ ਸਿੰਘ ਪੁੱਤਰ ਸ਼ੰਕਰ ਦਾਸ ਵਾਸੀ  ਨਿਜ਼ਾਮਦੀਨਪੁਰ ਥਾਣਾ ਭੋਗਪੁਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ  ਇਕ ਸੇਵਾਮੁਕਤ ਅਧਿਆਪਕ ਹੈ |
  ਉਹ ਆਪਣੇ ਦੋਵੇਂ ਲਡ਼ਕਿਆਂ ਰਣਜੀਤ  ਸਿੰਘ ਅਤੇ ਵਰਿੰਦਰ ਸਿੰਘ ਨੂੰ ਵਿਦੇਸ਼ ਭੇਜਣ ਦਾ ਚਾਹਵਾਨ ਸੀ | ਉਸ ਦੇ ਇਕ ਦੋਸਤ ਮੋਨੂੰ  ਨੇ ਉਸ ਨੂੰ ਦੱਸਿਆ ਕਿ ਉਸ ਦਾ ਇਕ ਵਾਕਿਫ਼ਕਾਰ ਟ੍ਰੈਵਲ ਏਜੰਟ ਲਵ ਕੁਮਾਰ ਪੁੱਤਰ ਦੇਸ ਰਾਜ  ਵਾਸੀ ਹੁਸੈਨਪੁਰ ਥਾਣਾ ਲਾਂਬਡ਼ਾ ਹੈ, ਜਿਸ  ਕੋਲ ਕੁਵੈਤ ਦੇ ਵੀਜ਼ੇ ਪਏ ਹਨ |
  ਇਸ ’ਤੇ ਉਨ੍ਹਾਂ ਆਪਣੇ ਦੋਵਾਂ ਲਡ਼ਕਿਆਂ ਨੂੰ ਕੁਵੈਤ ਭੇਜਣ ਲਈ ਟਰੈਵਲ ਏਜੰਟ  ਲਵ ਕੁਮਾਰ ਨਾਲ ਗੱਲਬਾਤ ਕੀਤੀ | ਟਰੈਵਲ ਏਜੰਟ ਲਵ ਕੁਮਾਰ ਨੇ ਉਨ੍ਹਾਂ ਕੋਲੋਂ ਦੋਵਾਂ  ਲਡ਼ਕਿਆਂ ਦੇ ਪਾਸਪੋਰਟ ਅਤੇ ਲਗਭਗ 1 ਲੱਖ 87 ਹਜ਼ਾਰ ਦੀ ਨਕਦੀ ਕੁਵੈਤ ਭੇਜਣ ਲਈ ਲੈ  ਲਈ | ਕਸ਼ਮੀਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਪੈਸਿਆਂ ਦੇ ਇੰਤਜ਼ਾਮ ਲਈ ਉਸ ਨੇ ਇਕ  ਫਾਈਨਾਂਸਰ ਕੋਲ ਆਪਣੇ ਘਰ ਦੀ ਰਜਿਸਟਰੀ 1 ਲੱਖ 50 ਹਜ਼ਾਰ  ’ਚ ਰੱਖ ਕੇ ਪੈਸਿਆਂ ਦਾ  ਇੰਤਜ਼ਾਮ ਕੀਤਾ |
  ਪੈਸੇ ਲੈਣ ਬਾਅਦ ਟ੍ਰੈਵਲ ਏਜੰਟ ਲਵ ਕੁਮਾਰ ਨੇ ਉਸ  ਦੇ ਦੋਵੇਂ ਲਡ਼ਕਿਆਂ ਨੂੰ ਟਿਕਟਾਂ ਤੇ ਦਸਤਾਵੇਜ਼ ਦੇ ਕੇ ਦਿੱਲੀ ਏਅਰਪੋਰਟ ਭੇਜ  ਦਿੱਤਾ| ਏਅਰਪੋਰਟ ਪਹੁੰਚ ਕੇ ਜਦ ਉਸ ਦੇ ਦੋਵੇਂ ਲਡ਼ਕਿਆਂ ਦੇ ਦਸਤਾਵੇਜ਼ ਅਧਿਕਾਰੀਆਂ  ਵੱਲੋਂ ਚੈੱਕ ਕੀਤੇ ਗਏ ਤਾਂ ਉਹ ਸਾਰੇ ਜਾਅਲੀ ਪਾਏ ਗਏ ਅਤੇ ਉਨ੍ਹਾਂ ਨੂੰ ਵਾਪਸ ਭੇਜ  ਦਿੱਤਾ ਗਿਆ | ਪੈਸੇ ਵਾਪਸ ਮੰਗਣ ’ਤੇ ਟਰੈਵਲ ਏਜੰਟ ਨੇ 1ਲੱਖ 30 ਹਜ਼ਾਰ ਦੇ ਦੋ ਚੈੱਕ ਆਪਣੀ  ਮਾਤਾ ਕੋਲੋਂ ਦਸਤਖ਼ਤ ਕਰਵਾ ਕੇ ਦੇ ਦਿੱਤੇ, ਜੋ ਕਿ ਬਾਅਦ  ’ਚ ਬੈਂਕ 'ਚ ਬਾਊਂਸ ਹੋ ਗਏ |
   ਇਸ ਸਬੰਧੀ ਥਾਣਾ ਮੁਖੀ ਨੇ ਦੱਸਿਆ ਕਿ ਇਸ ਸਾਰੇ ਮਾਮਲੇ ਦੀ ਪੁਲਸ  ਵੱਲੋਂ ਜਾਂਚ ਕਰਨ ਬਾਅਦ ਮੁਲਜ਼ਮ ਟ੍ਰੈਵਲ ਏਜੰਟ ਲਵ ਕੁਮਾਰ ਖਿਲਾਫ ਕੇਸ ਦਰਜ ਕਰ ਕੇ ਉਸ  ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ| ਮੁਲਜ਼ਮ ਰੰਗ-ਰੋਗਨ ਦਾ ਕੰਮ ਕਰਦਾ ਹੈ ਅਤੇ ਉਸ ਖਿਲਾਫ  ਲੁੱਟ-ਖੋਹ ਅਤੇ ਲਡ਼ਾਈ-ਝਗਡ਼ਿਆਂ ਸਬੰਧੀ ਕਈ ਮੁਕੱਦਮੇ ਪਹਿਲਾਂ ਵੀ ਦਰਜ ਹਨ |  ਮੁਜਰਮ ਨੂੰ ਪੁਲਸ ਵੱਲੋਂ ਮਾਡ਼ੀ ਕੈਟਾਗਰੀ ਵਿਚ ਰੱਖਿਆ ਗਿਆ ਸੀ | ਮੁਲਜ਼ਮ ਦਾ ਦੋ ਦਿਨ  ਦਾ ਰਿਮਾਂਡ ਮਿਲਿਆ ਹੈ, ਜਿਸ ਵਿੱਚ ਪੁਲਸ ਵੱਲੋਂ ਉਸ ਤੋਂ ਅਗਲੀ ਪੁੱਛਗਿੱਛ ਕੀਤੀ  ਜਾਵੇਗੀ |
 


Related News