ਆਰਮੀ ਦੀ ਵਰਦੀ ਪਾ ਕੇ ਘੁੰਮ ਰਿਹਾ 20 ਸਾਲਾ ਮਾਲੀ ਗ੍ਰਿਫਤਾਰ

10/18/2018 4:39:05 AM

ਜਲੰਧਰ,  (ਮਹੇਸ਼)-  ਗੋਆ ’ਚ ਆਰਮੀ ਦੀ ਵਰਦੀ ਸਿਲਾ ਕੇ ਜਲੰਧਰ ਕੈਂਟ ਇਲਾਕੇ ’ਚ ਘੁੰਮ ਰਹੇ 20 ਸਾਲਾ ਇਕ ਮਾਲੀ ਨੂੰ ਥਾਣਾ ਕੈਂਟ ਦੀ ਪੁਲਸ ਨੇ ਗ੍ਰਿਫਤਾਰ ਕਰ ਕੇ ਉਸ ਖਿਲਾਫ ਕੇਸ ਦਰਜ ਕੀਤਾ ਹੈ। 
ਐੱਸ. ਐੱਚ. ਓ. ਸੁਖਦੇਵ ਸਿੰਘ ਔਲਖ ਨੇ ਦੱਸਿਆ ਕਿ ਆਰਮੀ ਦੀ ਚੈਕਿੰਗ ਦੌਰਾਨ ਵਜਰਾ ਸਿਗਨਲ ਗੜ੍ਹਾ ਰੋਡ ਜਲੰਧਰ ਕੈਂਟ ਤੋਂ ਫੜੇ ਗਏ ਉਕਤ ਮੁਲਜ਼ਮ ਦੀ ਪਛਾਣ ਉਦੇ ਸਿੰਘ ਪੁੱਤਰ ਆਸਾ ਰਾਮ ਵਾਸੀ ਮੱਧ ਪ੍ਰਦੇਸ਼ ਵਜੋਂ ਹੋਈ ਹੈ।  ਸ਼ੱਕ ਪੈਣ ’ਤੇ ਜਦੋਂ ਆਰਮੀ ਜਵਾਨ ਨੇ ਉਦੇ ਸਿੰਘ ਦਾ ਆਈ ਕਾਰਡ ਚੈੱਕ ਕੀਤਾ ਤਾਂ ਉਹ ਜਾਅਲੀ ਨਿਕਲਿਆ, ਜਿਸ ਤੋਂ ਬਾਅਦ ਆਰਮੀ ਦੇ ਜਵਾਨ ਨੇ ਆਪਣੇ ਅਧਿਕਾਰੀਅਾਂ ਦੇ ਧਿਆਨ ’ਚ ਇਹ ਮਾਮਲਾ  ਲਿਅਾਂਦਾ।  ਥਾਣਾ ਕੈਂਟ ਦੀ ਪੁਲਸ ਨੂੰ ਸੂਚਿਤ ਕੀਤਾ ਤੇ ਮੌਕੇ ’ਤੇ ਪਹੁੰਚੇ ਏ. ਐੱਸ. ਆਈ. ਗੁਰਦੀਪ ਚੰਦ ਦੇ ਹਵਾਲੇ ਕਰ ਦਿੱਤਾ। 
ਉਸ ਕੋਲੋਂ ਪੁਲਸ ਨੇ ਆਰਮੀ ਦਾ ਜਾਅਲੀ ਆਈ ਕਾਰਡ ਵੀ ਬਰਾਮਦ ਕੀਤਾ ਹੈ। ਉਸ ਨੇ ਪੁੱਛਗਿੱਛ ’ਚ ਦੱਸਿਆ ਕਿ ਉਹ ਦਕੋਹਾ ਸਥਿਤ ਗੁਰਦੁਆਰਾ ਸਾਹਿਬ ’ਚ ਮਾਲੀ ਦਾ ਕੰਮ ਕਰਦਾ ਹੈ। ਉਸ ਤੋਂ ਪਹਿਲਾਂ ਉਸ ਨੇ ਆਰਮੀ ਦੇ ਜਵਾਨਾਂ ਨਾਲ ਗੋਆ ’ਚ ਵੀ ਮਾਲੀ ਦਾ ਕੰਮ ਕੀਤਾ ਸੀ। ਇਸ ਦੌਰਾਨ ਉਸ ਨੇ ਵੀ ਆਰਮੀ ਦੀ ਵਰਦੀ ਉਥੋਂ ਸਿਲਵਾ ਲਈ। ਕੁਝ ਸਮਾਂ ਪਹਿਲਾਂ ਉਹ ਜਲੰਧਰ ਆ ਗਿਆ ਤੇ ਉਸ ਨੇ ਆਪਣੇ ਭਰਾ ਨੂੰ  ਫੋਨ ਕਰ ਕੇ ਕਹਿ ਦਿੱਤਾ ਕਿ ਉਸ ਨੂੰ ਆਰਮੀ ’ਚ ਨੌਕਰੀ ਮਿਲ ਗਈ ਹੈ। ਉਸ ਨੇ ਭਰਾ ਨੂੰ ਆਪਣੇ ਕੋਲ ਬੁਲਾ ਲਿਆ ਤੇ ਕਿਹਾ ਕਿ ਉਹ ਉਸ ਨੂੰ ਆਰਮੀ ਏਰੀਆ ਘੁਮਾਏਗਾ। ਉਹ ਆਪਣੇ ਭਰਾ ਨੂੰ ਆਰਮੀ ਏਰੀਏ ’ਚ ਘੁਮਾ ਰਿਹਾ ਸੀ ਕਿ ਵਜਰਾ ਸਿਗਨਲ ਦੇ ਮੁੱਖ ਗੇਟ ’ਤੇ ਹੋਈ ਚੈਕਿੰਗ ’ਚ ਉਹ ਫਸ ਗਿਆ। ਐੱਸ. ਐੱਚ. ਓ. ਸੁਖਦੇਵ ਸਿੰਘ ਔਲਖ ਨੇ ਦੱਸਿਆ ਕਿ ਪੁਲਸ ਮੁਲਜ਼ਮ ਉਦੇ ਸਿੰਘ ਨੂੰ ਕੱਲ ਮਾਣਯੋਗ ਅਦਾਲਤ ’ਚ ਪੇਸ਼ ਕਰ ਕੇ ਉਸ ਦਾ ਪੁਲਸ ਰਿਮਾਂਡ ਹਾਸਲ ਕਰੇਗੀ।


Related News