ਪਾਣੀ ਨਾ ਮਿਲਣ ਤੋਂ ਨਾਰਾਜ਼ ਲੋਕਾਂ ਨੇ ਲਾਇਆ ਧਰਨਾ ਤਾਂ ਵਿਧਾਇਕ ਨੇ ਅਫ਼ਸਰਾਂ ਦੀ ਲਾਈ ਕਲਾਸ
Friday, Jul 19, 2024 - 04:20 PM (IST)
ਜਲੰਧਰ (ਖੁਰਾਣਾ)–ਪਿਛਲੇ ਲੰਮੇ ਸਮੇਂ ਤੋਂ ਜਲੰਧਰ ਨਿਗਮ ਦੇ ਅਫ਼ਸਰਾਂ ਨੇ ਵੈਸਟ ਵਿਧਾਨ ਸਭਾ ਹਲਕੇ ਨੂੰ ਇਗਨੋਰ ਕੀਤਾ ਹੋਇਆ ਸੀ, ਜਿਸ ਕਾਰਨ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਨੂੰ ਕੁਝ ਹਫਤੇ ਪਹਿਲਾਂ ਹੋਈ ਵਿਧਾਨ ਸਭਾ ਦੀ ਜ਼ਿਮਨੀ ਚੋਣ ਵਿਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਉਦੋਂ ਮੁੱਖ ਮੰਤਰੀ ਨੇ ਇਸ ਜ਼ਿਮਨੀ ਚੋਣ ਦੀ ਕਮਾਨ ਆਪਣੇ ਹੱਥ ਵਿਚ ਤਾਂ ਲੈ ਲਈ ਸੀ ਪਰ ਜਦੋਂ ਉਨ੍ਹਾਂ ਨੂੰ ਵੈਸਟ ਵਿਧਾਨ ਸਭਾ ਹਲਕੇ ਦੇ ਅਸਲ ਹਾਲਾਤ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਪੰਜਾਬ ਭਰ ਦੇ ਅਫ਼ਸਰਾਂ ਦੀ ਡਿਊਟੀ ਇਸ ਹਲਕੇ ਵਿਚ ਲਾ ਕੇ ਨਾ ਸਿਰਫ਼-ਸਫ਼ਾਈ ਕਰਵਾਈ, ਸਗੋਂ ਦੂਜੇ ਸ਼ਹਿਰਾਂ ਤੋਂ ਆਈ ਮਸ਼ੀਨਰੀ ਨੇ ਵੈਸਟ ਵਿਧਾਨ ਸਭਾ ਹਲਕੇ ਦੀਆਂ ਕਈ ਸਮੱਸਿਆਵਾਂ ਦਾ ਵੀ ਹੱਲ ਕੀਤਾ।
ਹੁਣ ਜ਼ਿਮਨੀ ਚੋਣ ਖ਼ਤਮ ਹੁੰਦੇ ਹੀ ਸਾਰੀ ਮਸ਼ੀਨਰੀ ਅਤੇ ਸਾਰੇ ਅਧਿਕਾਰੀ ਆਪਣੇ-ਆਪਣੇ ਸ਼ਹਿਰਾਂ ਵਿਚ ਮੁੜ ਚੁੱਕੇ ਹਨ ਪਰ ਜਲੰਧਰ ਨਿਗਮ ਦੇ ਅਧਿਕਾਰੀਆਂ ਨੇ ਵੈਸਟ ਵਿਧਾਨ ਸਭਾ ਹਲਕੇ ਨੂੰ ਫਿਰ ਇਗਨੋਰ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦੀ ਮਿਸਾਲ ਬੀਤੇ ਦਿਨ ਉਸ ਸਮੇਂ ਵੇਖਣ ਨੂੰ ਮਿਲੀ, ਜਦੋਂ ਵੈਸਟ ਵਿਧਾਨ ਸਭਾ ਹਲਕੇ ਤਹਿਤ ਆਉਂਦੇ ਬਸਤੀ ਪੀਰਦਾਦ, ਪੰਜਪੀਰ ਕਾਲੋਨੀ ਦੇ ਸੈਂਕੜੇ ਲੋਕਾਂ ਨੇ ਟ੍ਰੈਫਿਕ ਜਾਮ ਕਰ ਦਿੱਤਾ ਅਤੇ ਮੇਨ ਰੋਡ ’ਤੇ ਆ ਕੇ ਨਗਰ ਨਿਗਮ ਅਤੇ ਵਿਧਾਇਕ ਖ਼ਿਲਾਫ਼ ਧਰਨਾ ਲਾ ਦਿੱਤਾ।
ਇਹ ਵੀ ਪੜ੍ਹੋ- ਜਲੰਧਰ ਸੈਸ਼ਨ ਕੋਰਟ 'ਚ MP ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਤੇ ਸਾਥੀ ਲਵਪ੍ਰੀਤ ਦੀ ਹੋਈ ਪੇਸ਼ੀ
ਨਾਰਾਜ਼ ਲੋਕਾਂ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਉਹ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ ਪਰ ਨਿਗਮ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਲੋਕਾਂ ਨੇ ਦੱਸਿਆ ਕਿ ਉਹ ਆਪਣੇ ਪੈਸੇ ਖ਼ਰਚ ਕਰਕੇ ਟੈਂਕਰ ਲਿਆ ਰਹੇ ਹਨ, ਜਿਨ੍ਹਾਂ ਦਾ ਪਾਣੀ ਉਨ੍ਹਾਂ ਨੂੰ ਪੀਣਾ ਪੈ ਰਿਹਾ ਹੈ। ਇਸੇ ਵਿਚਕਾਰ ਨਿਗਮ ਅਧਿਕਾਰੀਆਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹਲਕੇ ਨੂੰ ਪਾਣੀ ਸਪਲਾਈ ਕਰਨ ਵਾਲੇ ਟਿਊਬਵੈੱਲ ਦੀ ਮੋਟਰ ਖਰਾਬ ਹੋ ਗਈ ਸੀ, ਜਿਸ ਨੂੰ ਠੀਕ ਕਰਵਾਇਆ ਗਿਆ ਪਰ ਕੁਝ ਦਿਨਾਂ ਬਾਅਦ ਉਹ ਮੋਟਰ ਫਿਰ ਖ਼ਰਾਬ ਹੋ ਗਈ। ਇਸ ਸਮੱਸਿਆ ਨੂੰ ਜਲਦ ਦੂਰ ਕੀਤਾ ਜਾਵੇਗਾ। ਰੋਸ ਪ੍ਰਦਰਸ਼ਨ ਦੀ ਅਗਵਾਈ ਗਗਨ ਵਰਮਾ, ਜਗਦੀਸ਼ ਵਰਮਾ, ਵਿਸ਼ਾਲ ਦ੍ਰਵਿੜ, ਸੋਨੂੰ, ਮਨੀ, ਰਾਜੂ ਥਾਪਰ, ਰਜਤ ਪੁਰੀ, ਲਖਬੀਰ ਬਾਜਵਾ, ਸੰਨੀ ਆਦਿ ਨੇ ਕੀਤੀ।
ਵੈਸਟ ਦੇ ਕਈ ਮੁਹੱਲਿਆਂ ’ਚ ਫਿਰ ਆ ਰਿਹਾ ਗੰਦਾ ਪਾਣੀ, ਸੁਨਿਆਰਾਂ ਮੁਹੱਲਾ ਅਤੇ ਜਾਂਗੜਾ ਮੁਹੱਲਾ ਦੇ ਲੋਕ ਪ੍ਰੇਸ਼ਾਨ
ਵੈਸਟ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਦੌਰਾਨ ਇਲਾਕੇ ਵਿਚ ਗੰਦੇ ਪਾਣੀ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰ ਦਿੱਤਾ ਗਿਆ ਸੀ ਪਰ ਹੁਣ ਫਿਰ ਕਈ ਇਲਾਕਿਆਂ ਵਿਚ ਗੰਦਾ ਪਾਣੀ ਆਉਣਾ ਸ਼ੁਰੂ ਹੋ ਗਿਆ ਹੈ। ਬਸਤੀ ਗੁਜ਼ਾਂ ਤਹਿਤ ਆਉਂਦੇ ਸੁਨਿਆਰਾਂ ਮੁਹੱਲਾ ਅਤੇ ਜਾਂਗੜਾ ਮੁਹੱਲਾ ਦੇ ਲੋਕ ਗੰਦੇ ਪਾਣੀ ਦੀ ਸਪਲਾਈ ਕਾਰਨ ਕਾਫ਼ੀ ਪ੍ਰੇਸ਼ਾਨ ਹਨ। ਇਸ ਇਲਾਕੇ ਵਿਚ ਕਾਂਗਰਸੀ ਆਗੂ ਨਵਦੀਪ ਜਰੇਵਾਲ ਸ਼ਾਲੂ ਨੇ ਦੱਸਿਆ ਕਿ ਇਹ ਸਮੱਸਿਆ ਕਾਫ਼ੀ ਸਮੇਂ ਤੋਂ ਹੈ, ਜਿਸ ਦਾ ਪੱਕਾ ਹੱਲ ਨਹੀਂ ਕੀਤਾ ਜਾ ਰਿਹਾ।
ਇਹ ਵੀ ਪੜ੍ਹੋ- ਪੰਜਾਬ 'ਚ ਰੂਹ ਕੰਬਾਊ ਵਾਰਦਾਤ, ਚੌਂਕੀਦਾਰ ਦਾ ਬੇਰਹਿਮੀ ਨਾਲ ਕਤਲ, ਰੇਲਵੇ ਸਟੇਸ਼ਨ ਨੇੜਿਓਂ ਖ਼ੂਨ ਨਾਲ ਲਥਪਥ ਮਿਲੀ ਲਾਸ਼
ਪ੍ਰਦਰਸ਼ਨ ਦੀ ਸੂਚਨਾ ਮਿਲਦੇ ਹੀ ਨਿਗਮ ਪਹੁੰਚੇ ਨਵੇਂ ਚੁਣੇ ਗਏ ਵਿਧਾਇਕ ਮਹਿੰਦਰ ਭਗਤ
ਵੈਸਟ ਹਲਕੇ ਦੇ ਬਸਤੀ ਪੀਰਦਾਦ ਇਲਾਕੇ ਵਿਚ ਹੋਏ ਰੋਸ ਪ੍ਰਦਰਸ਼ਨ ਦੇ ਬਾਅਦ ਵਿਧਾਇਕ ਮਹਿੰਦਰ ਭਗਤ ਨੇ ਨਿਗਮ ਆਫਿਸ ਪਹੁੰਚ ਕੇ ਕਮਿਸ਼ਨਰ ਗੌਤਮ ਜੈਨ ਅਤੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਵੈਸਟ ਹਲਕੇ ਦੀਆਂ ਸਮੱਸਿਆਵਾਂ ਨੂੰ ਜਲਦ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਮਹਿੰਦਰ ਭਗਤ ਨੇ ਸਾਫ ਕਿਹਾ ਕਿ ਬਸਤੀਆਂ ਇਲਾਕੇ ਵਿਚ ਪਾਣੀ ਅਤੇ ਸੀਵਰੇਜ ਦੀ ਸਮੱਸਿਆ ਨਹੀਂ ਆਉਣੀ ਚਾਹੀਦੀ। ਉਨ੍ਹਾਂ ਕਮਿਸ਼ਨਰ ਅਤੇ ਹੋਰ ਅਧਿਕਾਰੀਆਂ ਨੂੰ ਕਿਹਾ ਕਿ ਬਸਤੀਆਂ ਇਲਾਕੇ ਦੀ ਹਰ ਸਮੱਸਿਆ ਪਹਿਲ ਦੇ ਆਧਾਰ ’ਤੇ ਹੱਲ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਵੈਸਟ ਹਲਕੇ ਦੀਆਂ ਕਈ ਕਾਲੋਨੀਆਂ ਵਿਚ ਪੀਣ ਵਾਲੇ ਪਾਣੀ ਦਾ ਸੰਕਟ ਹੈ। ਉਨ੍ਹਾਂ ਨੇ ਇਸ ਲਈ ਓ. ਐਂਡ ਐੱਮ. ਦੇ ਇੰਜੀਨੀਅਰਾਂ ਨੂੰ ਮੌਕੇ ’ਤੇ ਜਾ ਕੇ ਸਮੱਸਿਆ ਦਾ ਹੱਲ ਕਰਨ ਲਈ ਕਿਹਾ। ਭਗਤ ਨੇ ਕਿਹਾ ਕਿ ਇਨ੍ਹੀਂ ਦਿਨੀਂ ਬਰਸਾਤ ਦਾ ਮੌਸਮ ਹੈ। ਅਜਿਹੇ ਵਿਚ ਸੀਵਰੇਜ ਦਾ ਗੰਦਾ ਪਾਣੀ ਓਵਰਫਲੋਅ ਨਹੀਂ ਹੋਣਾ ਚਾਹੀਦਾ। ਇਸ ਲਈ ਪਹਿਲਾਂ ਹੀ ਸੀਵਰੇਜ ਦੀ ਸਫ਼ਾਈ ਕਰਵਾਈ ਜਾਵੇ।
ਇਹ ਵੀ ਪੜ੍ਹੋ- ਮੌਸਮ ਵਿਭਾਗ ਦੀ ਭਵਿੱਖਬਾਣੀ, ਪੰਜਾਬ 'ਚ ਤੂਫ਼ਾਨ ਤੇ ਭਾਰੀ ਬਾਰਿਸ਼ ਦਾ 'ਯੈਲੋ ਅਲਰਟ', ਜਾਣੋ ਅਗਲੇ ਦਿਨਾਂ ਦਾ ਹਾਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।