ਸ਼ਰਾਬ ਫੈਕਟਰੀ ’ਚੋਂ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਲਏ 7 ਸੈਂਪਲ

10/17/2018 1:37:51 AM

ਦਸੂਹਾ,   (ਝਾਵਰ)-  ਬੀਤੇ ਦਿਨੀਂ ਸ਼ਰਾਬ ਫੈਕਟਰੀ ਰੰਧਾਵਾ ਦਸੂਹਾ ਵਿਖੇ ਬੁਆਇਲਰ ਫਟਣ ਕਰ ਕੇ ਬੋਦਲ ਪਿੰਡ ਦੇੇ ਨੌਜਵਾਨ  ਗਗਨਦੀਪ ਸਿੰਘ ਦੀ ਮੌਤ ਹੋ ਗਈ ਸੀ।  ਅੱਜ ਇਸ ਸਬੰਧੀ ਸੰਘਰਸ਼ ਕਮੇਟੀ ਦਾ ਵਫ਼ਦ ਦਲਵਿੰਦਰ ਸਿੰਘ ਬੋਦਲ, ਸਤਪਾਲ ਸਿੰਘ ਸਰਪੰਚ  ਅਤੇ ਸੰਮਤੀ ਮੈਂਬਰ ਬਲਦੇਵ ਸਿੰਘ ਬੱਲੀ ਦੀ ਅਗਵਾਈ ’ਚ ਡੀ.ਐੱਸ. ਪੀ. ਦਸੂਹਾ ਜਗਦੀਸ਼ ਰਾਜ ਅੱਤਰੀ ਨੂੰ ਮਿਲਿਆ।  ਵਫ਼ਦ ਨੇ ਪੁਲਸ ਅਧਿਕਾਰੀ ਨੂੰ ਕਿਹਾ ਕਿ ਜੋ ਇਸ ਸਬੰਧੀ ਧਾਰਾ 304-ਏ ਅਧੀਨ ਕੇਸ ਦਰਜ ਕੀਤਾ ਗਿਆ ਹੈ, ’ਚ ਸਿਰਫ ਇਕ ਮਿੱਲ ਅਧਿਕਾਰੀ ਅਲੋਕ ਗੁਪਤਾ ਦਾ ਹੀ ਨਾਂ ਦਰਜ ਹੈ, ਜਦਕਿ ਇਹ ਘਟਨਾ ਸ਼ਰਾਬ ਫੈਕਟਰੀ ਦੇ ਮੈਨੇਜਰ ਭੋਪਾਲ ਸਿੰਘ, ਖੰਡ ਮਿੱਲ ਦੇ ਸੀਨੀ. ਮੈਨੇਜਰ ਦੇਸ ਰਾਜ ਅਤੇ ਹੋਰ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਹੋਈ ਹੈ। ਪੁਲਸ ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਇਸ ਸਬੰਧੀ ਦੋਬਾਰਾ ਡੀ. ਡੀ. ਆਰ. ਲਿਖ ਦਿੱਤੀ ਜਾਵੇਗੀ ਅਤੇ ਮ੍ਰਿਤਕ ਦੇ ਚਾਚੇ ਦੇ ਬਿਆਨਾਂ ਦੇ ਆਧਾਰ ’ਤੇ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਕਸੀਅਨ ਅਸ਼ੋਕ ਸ਼ਰਮਾ ਤੇ ਐੱਸ. ਡੀ. ਓ. ਸੁਖਦੇਵ ਸਿੰਘ ਦੀ ਅਗਵਾਈ ਵਿਚ ਸਟਾਫ਼ ਵੱਲੋਂ ਅੱਜ ਸਵੇਰੇ ਫਟੇ ਬੁਆਇਲਰ  ਦੇ ਵੇਸਟ, ਤੇਜ਼ਾਬ ਤੇ ਪਾਣੀ ਦੇ 7 ਸੈਂਪਲ ਲਏ ਗਏ। ਐਕਸੀਅਨ ਨੇ ਦੱਸਿਆ ਕਿ ਇਨ੍ਹਾਂ ਸੈਂਪਲਾਂ ਨੂੰ ਪਟਿਆਲਾ ਦੀ ਲੈਬਾਰਟਰੀ ਸਮੇਤ ਹੋਰ ਲੈਬਾਰਟਰੀਆਂ ’ਚ ਭੇਜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮੈਨੇਜਮੈਂਟ ਨੂੰ ਪਹਿਲਾਂ ਵੀ ਤਾਡ਼ਨਾ ਕੀਤੀ ਗਈ ਸੀ ਕਿ ਮਿੱਲ ਅੰਦਰ ਸੇਫ਼ਟੀ ਦੇ ਮੁਕੰਮਲ ਪ੍ਰਬੰਧ ਕੀਤੇ ਜਾਣ। ਉਨ੍ਹਾਂ ਦੱਸਿਆ ਕਿ ਇਸ ਘਟਨਾ ਸਬੰਧੀ ਜਾਂਚ ਜਾਰੀ ਹੈ। ਪ੍ਰਦੂਸ਼ਣ ਕੰਟਰੋਲ ਬੋਰਡ  ਇਸ ਸਬੰਧੀ ਹਰ ਸੰਭਵ  ਕਾਰਵਾਈ ਕਰੇਗਾ।
ਅੱਗ ਬਚਾਊ ਯੰਤਰਾਂ ਦੀ ਪੁੱਗ ਚੁੱਕੀ ਐ ਮਿਆਦ : ਸੰਘਰਸ਼ ਕਮੇਟੀ ਦੇ ਕਨਵੀਨਰ ਦਲਵਿੰਦਰ ਸਿੰਘ ਬੋਦਲ ਤੇ ਹੋਰ 100 ਤੋਂ ਵੱਧ ਵਿਅਕਤੀਆਂ ਨੇ ਦੱਸਿਆ  ਕਿ ਮਿੱਲ ਅੰਦਰ ਜੋ 80 ਤੋਂ ਵੱਧ ਅੱਗ ਬਚਾਊ ਯੰਤਰ ਰੱਖੇ ਗਏ ਹਨ,  ਦੀ ਮਿਆਦ ਪੁੱਗ ਚੁੱਕੀ  ਹੈ। ਮਿੱਲ ਅੰਦਰ ਵਰਕਰਾਂ ਲਈ ਮੈਡੀਕਲ ਸਹਾਇਤਾ ਵੀ ਮੁਹੱਈਆ  ਨਹੀਂ ਹੈ, ਜਿਸ ਤੋਂ ਸਾਬਤ  ਹੁੰਦਾ ਹੈ ਕਿ  ਮੈਨੇਜਮੈਂਟ ਇਸ ਘਟਨਾ ਲਈ ਪੂਰੀ ਜ਼ਿੰਮੇਵਾਰ ਹੈ।  ਪਤਾ ਲੱਗਾ ਹੈ ਕਿ ਉਕਤ ਘਟਨਾ ਤੋਂ ਬਾਅਦ ਮਿੱਲ ਮੈਨੇਜਮੈਂਟ ਨੇ  ਬਿਜਲੀ ਦਾ ਕੁਨੈਕਸ਼ਨ ਖੁਦ ਹੀ ਕੱਟ ਦਿੱਤਾ  ਤਾਂ ਕਿ ਜਾਂਚ ਦੌਰਾਨ ਤੱਥ ਲੁਕਾਏ ਜਾ ਸਕਣ। 
ਕੀ ਕਹਿੰਦੇ ਹਨ  ਪੁਲਸ ਅਧਿਕਾਰੀ : ਥਾਣਾ  ਮੁਖੀ ਜਗਦੀਸ਼ ਰਾਜ ਅੱਤਰੀ ਤੇ ਜਾਂਚ ਅਧਿਕਾਰੀ ਏ.ਐੱਸ.ਆਈ. ਦਲਜੀਤ ਸਿੰਘ ਨੇ ਦੱਸਿਆ ਕਿ  ਮ੍ਰਿਤਕ ਗਗਨਦੀਪ ਸਿੰਘ ਪੁੱਤਰ ਬਲਜੀਤ ਸਿੰਘ ਦੀ  ਲਾਸ਼ ਪੋਸਟਮਾਰਟਮ   ਉਪਰੰਤ ਉਸ ਦੇ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਹੈ। ਲਾਸ਼ ਬੋਦਲ ਵਿਖੇ ਲਿਆਉਣ  ’ਤੇ  ਮਾਹੌਲ ਬਹੁਤ ਗਮਗੀਨ ਦੇਖਿਆ ਗਿਆ।


Related News