ਅਕਾਲੀ ਨੇਤਾ ਮੱਕੜ ਦੀ ਐੱਸ. ਐੱਚ. ਓ. ਬਰਾੜ ਨਾਲ ਤੂੰ-ਤੂੰ, ਮੈਂ-ਮੈਂ, ਵੀਡੀਓ ਹੋਈ ਵਾਇਰਲ

Saturday, Sep 15, 2018 - 03:42 PM (IST)

ਅਕਾਲੀ ਨੇਤਾ ਮੱਕੜ ਦੀ ਐੱਸ. ਐੱਚ. ਓ. ਬਰਾੜ ਨਾਲ ਤੂੰ-ਤੂੰ, ਮੈਂ-ਮੈਂ, ਵੀਡੀਓ ਹੋਈ ਵਾਇਰਲ

ਜਲੰਧਰ (ਵਰੁਣ)— ਮਾਡਲ ਟਾਊਨ 'ਚ ਮਾਤਾ ਰਾਣੀ ਚੌਕ ਕੋਲ ਲੱਗੇ ਨਾਕੇ ਦੌਰਾਨ ਅਕਾਲੀ ਨੇਤਾ ਸਰਬਜੀਤ ਸਿੰਘ ਮੱਕੜ ਆਪਣੇ ਰਿਸ਼ਤੇਦਾਰ ਦਾ ਚਲਾਨ ਹੋਣ 'ਤੇ ਮੌਕੇ 'ਤੇ ਪਹੁੰਚੇ ਅਤੇ ਆਪਣੇ-ਆਪ ਤੋਂ ਬਾਹਰ ਹੋ ਗਏ। ਮੱਕੜ ਨੇ ਏ. ਸੀ. ਪੀ. ਨਵੀਨ ਕੁਮਾਰ ਦੇ ਸਾਹਮਣੇ ਹੀ ਐੱਸ. ਐੱਚ. ਓ. ਬਰਾੜ ਨਾਲ ਉੱਚੀ ਆਵਾਜ਼ 'ਚ ਗੱਲ ਕੀਤੀ ਅਤੇ ਜਦੋਂ ਉਨ੍ਹਾਂ ਵੱਲੋਂ ਜਵਾਬ ਆਇਆ ਤਾਂ ਸਰਬਜੀਤ ਮੱਕੜ ਠੰਡੇ ਹੋ ਗਏ ਅਤੇ ਖੁਦ ਹੀ ਸਾਈਡ 'ਤੇ ਹੋ ਗਏ। ਇਸ ਸਾਰੇ ਮਾਮਲੇ ਦੀ ਤਿੰਨ ਮਿੰਟ ਦੀ ਵੀਡੀਓ ਵਾਇਰਲ ਵੀ ਹੋ ਗਈ ਹੈ। ਸ਼ੁੱਕਰਵਾਰ ਰਾਤ ਸਮੇਂ ਥਾਣਾ ਨੰ. 6 ਦੇ ਮੁਖੀ ਓਂਕਾਰ ਸਿੰਘ ਬਰਾੜ ਨੇ ਮਾਤਾ ਰਾਣੀ ਚੌਕ 'ਚ ਕਾਂਗਰਸੀ ਕੌਂਸਲਰ ਰੋਹਨ ਸਹਿਗਲ ਦੇ ਦਫਤਰ ਕੋਲ ਨਾਕਾਬੰਦੀ ਕੀਤੀ ਸੀ। ਇਸ ਦੌਰਾਨ ਇਕ ਬਿਨਾਂ ਨੰਬਰ ਦੇ ਆ ਰਹੀ ਗੱਡੀ ਨੂੰ ਰੋਕਿਆ ਗਿਆ। ਕੁਝ ਦਸਤਾਵੇਜ਼ ਨਾ ਹੋਣ 'ਤੇ ਇੰਸਪੈਕਟਰ ਬਰਾੜ ਨੇ ਗੱਡੀ ਦਾ ਚਲਾਨ ਕੱਟ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਕਾਰ ਸਵਾਰ ਨੌਜਵਾਨ ਨੇ ਇੰਸਪੈਕਟਰ ਬਰਾੜ ਦੀ ਫੋਨ 'ਤੇ ਗੱਲ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਗੱਲ ਨਹੀਂ ਕੀਤੀ। 
ਕੁਝ ਸਮੇਂ ਬਾਅਦ ਅਕਾਲੀ ਨੇਤਾ ਸਰਬਜੀਤ ਸਿੰਘ ਮੱਕੜ ਮੌਕੇ 'ਤੇ ਪਹੁੰਚ ਗਏ। ਏ. ਸੀ. ਪੀ. ਨਵੀਨ ਕੁਮਾਰ ਵੀ ਮੌਕੇ 'ਤੇ ਪਹੁੰਚ ਗਏ। ਏ. ਸੀ. ਪੀ. ਦੇ ਸਾਹਮਣੇ ਮੱਕੜ ਨੇ ਐੱਸ. ਐੱਚ. ਓ. ਬਰਾੜ ਨਾਲ ਤੂੰ-ਤੜਾਕ ਕਰ ਕੇ ਬੋਲਣਾ ਸ਼ੁਰੂ ਕਰ ਦਿੱਤਾ। ਐੱਸ. ਐੱਚ. ਓ. ਬਰਾੜ ਨੇ ਵੀ ਉਸੇ ਢੰਗ ਨਾਲ ਜਵਾਬ ਦੇਣੇ ਸ਼ੁਰੂ ਕਰ ਦਿੱਤੇ ਤਾਂ ਏ. ਸੀ. ਪੀ. ਨਵੀਨ ਨੇ ਮਾਮਲਾ ਸ਼ਾਂਤ ਕਰਵਾਇਆ। 
ਥਾਣਾ ਨੰ. 6 ਦੇ ਮੁਖੀ ਓਂਕਾਰ ਸਿੰਘ ਬਰਾੜ ਨੇ ਬਹਿਸ ਬਾਰੇ ਕੋਈ ਕੁਮੈਂਟ ਨਹੀਂ ਕੀਤਾ ਪਰ ਉਨ੍ਹਾਂ ਨੇ ਕਿਹਾ ਕਿ ਕਾਨੂੰਨ ਦੇ ਕਾਇਦੇ 'ਚ ਰਹਿ ਕੇ ਉਨ੍ਹਾਂ ਨੇ ਡਿਊਟੀ ਦਿੱਤੀ ਹੈ ਅਤੇ ਭਵਿੱਖ 'ਚ ਵੀ ਅਜਿਹਾ ਹੀ ਹੋਵੇਗਾ। ਸਰਬਜੀਤ ਸਿੰਘ ਮੱਕੜ ਨਾਲ ਵੀ ਫੋਨ 'ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਦੇ ਦੋਵੇਂ ਮੋਬਾਇਲ ਬੰਦ ਸਨ, ਜਦਕਿ ਪੀ. ਏ. ਨੇ ਫੋਨ ਨਹੀਂ ਚੁੱਕਿਆ।

ਮੱਕੜ ਬੋਲੇ- ਓ ਚੱਲ, ਅਤੇ ਐੱਸ.ਐੱਚ.ਓ. ਨੇ ਜਵਾਬ 'ਚ ਕਿਹਾ ''ਕੀ ਚੱਲ... ਤਮਾਸ਼ਾ ਬਣਾਇਆ ਤੂੰ''
'ਤਿੰਨ ਮਿੰਟ ਦੀ ਵੀਡੀਓ 'ਚ ਭੀੜ ਵਿਚਕਾਰ ਇੰਸਪੈਕਟਰ ਓਂਕਾਰ ਸਿੰਘ ਬਰਾੜ ਅਤੇ ਸਰਬਜੀਤ ਸਿੰਘ ਮੱਕੜ 'ਚ ਬਹਿਸ ਹੋ ਰਹੀ ਹੈ। ਇਸ ਦੌਰਾਨ ਮੱਕੜ ਨੇ ਕਿਹਾ, ''ਓ ਛੱਡ ਓਏ, ਚੱਲ ਤੂੰ।'' ਇਸ ਦੇ ਜਵਾਬ 'ਚ ਇੰਸਪੈਕਟਰ ਓਂਕਾਰ ਸਿੰਘ ਬਰਾੜ ਬੋਲੇ, ''ਕੀ ਚੱਲ? ਤਮਾਸ਼ਾ ਬਣਾਇਆ ਤੂੰ।'' ਗੱਡੀ ਦਾ ਚਲਾਨ ਹੀ ਹੋਣਾ।'' ਏ. ਸੀ. ਪੀ. ਨਵੀਨ ਕੁਮਾਰ ਨੇ ਦੋਹਾਂ ਨੂੰ ਸ਼ਾਂਤ ਕਰਵਾਇਆ। ਅਜਿਹੇ 'ਚ ਮੱਕੜ ਕੈਮਰੇ ਦੇ ਫਰੇਮ ਤੋਂ ਗਾਇਬ ਹੋ ਗਏ।


Related News