ਫਗਵਾੜਾ ''ਚ ਅਕਾਲੀ ਆਗੂਆਂ ਨੇ ਕੀਤਾ ਕਾਂਗਰਸੀ ਵਿਧਾਇਕ ਧਾਲੀਵਾਲ ਦੀ ਕੋਠੀ ਦਾ ਘਿਰਾਓ

11/09/2020 10:27:59 PM

ਫਗਵਾੜਾ,(ਜਲੋਟਾ) : ਦਲਿਤ ਵਿਦਿਆਰਥੀਆਂ ਦੇ ਸਕਾਲਰਸ਼ਿਪ ਨੂੰ ਮੁੱਦਾ ਬਣਾ ਕੇ ਅੱਜ ਫਗਵਾੜਾ 'ਚ ਹੋਈ ਅਕਾਲੀ ਦਲ (ਬ) ਦੀ ਰੈਲੀ ਦੌਰਾਨ ਅਕਾਲੀ ਆਗੂਆਂ ਵਲੋਂ ਸਾਬਕਾ ਮੰਤਰੀ ਤੇ ਸੀਨੀਅਰ ਅਕਾਲੀ ਆਗੂ ਬਿਕਰਮਜੀਤ ਸਿੰਘ ਮਜੀਠੀਆ ਦੀ ਅਗਵਾਈ 'ਚ ਫਗਵਾੜਾ ਦੇ ਕਾਂਗਰਸੀ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਫਗਵਾੜਾ ਬਾਈਪਾਸ 'ਤੇ ਸਥਿਤ ਨਿਵਾਸ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਹਾਲਾਤ ਉਦੋਂ ਗੰਭੀਰ ਹੋਏ ਜਦ ਬਿਕਰਮਜੀਤ ਸਿੰਘ ਮਜੀਠੀਆ ਨਾਲ ਹੋਰ ਅਕਾਲੀ ਆਗੂਆਂ ਵਲੋਂ ਇਕ ਦੇ ਬਾਅਦ ਇਕ ਪੁਲਸ ਬੈਰੀਕੇਡ ਤੋੜਦੇ ਹੋਏ ਕਾਂਗਰਸੀ ਵਿਧਾਇਕ ਧਾਲੀਵਾਲ ਦੇ ਘਰ ਨੇੜੇ ਰੋਸ ਧਰਨਾ ਲਗਾਇਆ ਅਤੇ ਕੈਪਟਨ ਸਰਕਾਰ ਖਿਲਾਫ ਜ਼ਬਰਦਸਤ ਨਾਅਰੇਬਾਜ਼ੀ ਸ਼ੁਰੂ ਕੀਤੀ ਗਈ।
ਹਾਲਾਤ ਦੀ ਗੰਭੀਰਤਾ ਨੂੰ ਦੇਖਦੇ ਹੋਏ ਫਗਵਾੜਾ ਪੁਲਸ ਤੁਰੰਤ ਐਕਸਨ 'ਚ ਆਈ ਅਤੇ ਪੁਲਸ ਨੇ ਬਿਕਰਮਜੀਤ ਸਿੰਘ ਮਜੀਠੀਆ, ਫਗਵਾੜਾ ਨਗਰ ਨਿਗਮ ਦੇ ਸਾਬਕਾ ਡਿਪਟੀ ਮੇਅਰ ਰਣਜੀਤ ਸਿੰਘ ਖੁਰਾਣਾ, ਪਵਨ ਕੁਮਾਰ ਟੀਨੂੰ, ਵਿਧਾਇਕ ਬਲਦੇਵ ਸਿੰਘ ਖਹਿਰਾ, ਡਾਕਟਰ ਸੁਖਵਿੰਦਰ ਸੁੱਖੀ ਸਮੇਤ ਹੋਰ ਅਕਾਲੀ ਆਗੂਆਂ ਨੂੰ ਮੌਕੇ 'ਤੇ ਗ੍ਰਿਫਤਾਰ ਕਰਨ ਬਾਅਦ ਆਪਣੀ ਹਿਰਾਸਤ 'ਚ ਲੈ ਲਿਆ। ਇਸ ਦੇ ਬਾਅਦ ਫਗਵਾੜਾ ਪੁਲਸ ਉਕਤ ਅਕਾਲੀ ਆਗੂਆਂ ਨੂੰ ਆਪਣੇ ਨਾਲ ਇਲਾਕੇ 'ਚ ਮੌਜੂਦ ਪੁਲਸ ਥਾਣਿਆਂ 'ਚ ਲੈ ਗਈ, ਜਿਥੇ ਕੁੱਝ ਦੇਰ ਬਾਅਦ ਸਾਰੇ ਅਕਾਲੀ ਆਗੂਆਂ ਨੂੰ ਰਿਹਾਅ ਕਰ ਦਿੱਤਾ ਗਿਆ।


Deepak Kumar

Content Editor

Related News