ਜਲੰਧਰ ਕੈਂਟ ਹਲਕੇ ਦੇ ਅਕਾਲੀ, ਕਾਂਗਰਸੀ ਅਤੇ ਭਾਜਪਾ ਵਰਕਰ ‘ਆਪ’ ’ਚ ਹੋ ਰਹੇ ਹਨ ਸ਼ਾਮਲ
Friday, Mar 03, 2023 - 12:15 PM (IST)
ਜਲੰਧਰ (ਮਹੇਸ਼)–ਜਲੰਧਰ ਕੈਂਟ ਹਲਕੇ ਵਿਚ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਦੇ ਵਰਕਰ ਲਗਾਤਾਰ ਆਮ ਆਦਮੀ ਪਾਰਟੀ (ਆਪ) ਵਿਚ ਸ਼ਾਮਲ ਹੋ ਰਹੇ ਹਨ। ‘ਆਪ’ ਦੀ ਮਜ਼ਬੂਤੀ ਲਈ ਪਾਰਟੀ ਦੇ ਹਲਕਾ ਇੰਚਾਰਜ ਸੁਰਿੰਦਰ ਸਿੰਘ ਸੋਢੀ ਸਾਬਕਾ ਆਈ. ਜੀ. ਸਮੇਤ ਕਈ ਸੀਨੀਅਰ ‘ਆਪ’ ਆਗੂਆਂ ਨੇ ਆਪਣੀਆਂ ਸਰਗਰਮੀਆਂ ਤੇਜ਼ ਕੀਤੀਆਂ ਹੋਈਆਂ ਹਨ। ਕੈਂਟ ਵਿਚ ‘ਆਪ’ ਦੀ ਚੱਲ ਰਹੀ ਹਨੇਰੀ ਸ਼੍ਰੋਮਣੀ ਅਕਾਲੀ ਦਲ ਦੇ ਜਗਬੀਰ ਸਿੰਘ ਬਰਾੜ, ਕਾਂਗਰਸ ਦੇ ਪਰਗਟ ਸਿੰਘ ਅਤੇ ਭਾਜਪਾ ਦੇ ਸਰਬਜੀਤ ਸਿੰਘ ਮੱਕੜ ਲਈ ਭਾਰੀ ਮੁਸੀਬਤ ਬਣੀ ਹੋਈ ਹੈ।
ਹੁਣ ਇਨ੍ਹਾਂ ਤਿੰਨਾਂ ਆਗੂਆਂ ਨੂੰ ਆ ਰਹੀਆਂ ਜਲੰਧਰ ਨਗਰ ਨਿਗਮ ਦੀਆਂ ਚੋਣਾਂ ਅਤੇ ਉਸ ਤੋਂ ਵੀ ਪਹਿਲਾਂ ਹੋਣ ਵਾਲੀਆਂ ਕੰਟੋਨਮੈਂਟ ਬੋਰਡ ਦੀਆਂ ਚੋਣਾਂ ਲਈ ਠੋਸ ਉਮੀਦਵਾਰ ਭਾਲਣੇ ਹੋਣਗੇ ਪਰ ਬਰਾੜ, ਪਰਗਟ ਤੇ ਮੱਕੜ ਦੀ ਹਲਕੇ ਵਿਚ ਕੋਈ ਸਿਆਸੀ ਸਰਗਰਮੀ ਦਿਖਾਈ ਨਹੀਂ ਦੇ ਰਹੀ। ਇਸੇ ਤੋਂ ਨਾਰਾਜ਼ ਹੋ ਕੇ ਅਕਾਲੀ, ਕਾਂਗਰਸੀ ਅਤੇ ਭਾਜਪਾ ਵਰਕਰ ਆਪਣੇ ਆਗੂਆਂ ਦਾ ਸਾਥ ਛੱਡ ਕੇ ‘ਆਪ’ ਦਾ ਪੱਲਾ ਫੜਦੇ ਜਾ ਰਹੇ ਹਨ, ਜਿਸ ਨਾਲ ‘ਆਪ’ ਦਾ ਪੱਲੜਾ ਭਾਰੀ ਹੁੰਦਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਨਾਲ ਅੱਜ ਸ਼ੁਰੂ ਹੋਵੇਗਾ ਹੋਲਾ-ਮਹੱਲਾ ਦਾ ਪਹਿਲਾ ਪੜਾਅ
ਪਰਗਟ ਸਿੰਘ ਦੀ ਜਿੱਤ ’ਚ ਵੱਡੀ ਭੂਮਿਕਾ ਨਿਭਾਉਣ ਵਾਲੇ ਲਗਭਗ ਸਾਰੇ ਕਾਂਗਰਸੀ ਉਨ੍ਹਾਂ ਦਾ ਸਾਥ ਛੱਡ ਗਏ ਹਨ। ਇਸੇ ਤਰ੍ਹਾਂ ਮੱਕੜ ਜ਼ਰੀਏ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਭਾਜਪਾ ਵਿਚ ਸ਼ਾਮਲ ਹੋਏ ਸੌਦਾਗਰ ਸਿੰਘ ਔਜਲਾ ਅਤੇ ਉਨ੍ਹਾਂ ਦੀ ਪਤਨੀ ਪਰਮਿੰਦਰ ਕੌਰ ਔਜਲਾ ਨੇ ਵੀ ਭਾਜਪਾ ਨੂੰ ਛੱਡ ਕੇ ‘ਆਪ’ ਦਾ ਪੱਲਾ ਫੜ ਲਿਆ ਸੀ। ਬੁੱਧਵਾਰ ਨੂੰ ਜਗਬੀਰ ਸਿੰਘ ਬਰਾੜ ਦੇ ਖਾਸਮ-ਖਾਸ ਉਨ੍ਹਾਂ ਨੂੰ ਛੱਡ ਕੇ ‘ਆਪ’ ਵਿਚ ਚਲੇ ਗਏ। ਇਹ ਉਹ ਖਾਸਮ-ਖਾਸ ਸਨ, ਜਿਹੜੇ ਕਿ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਬਰਾੜ ਨਾਲ ਖੜ੍ਹੇ ਰਹਿੰਦੇ ਸਨ। ਇਨ੍ਹਾਂ ਵਰਕਰਾਂ ਨੇ ਬਰਾੜ ਦੇ ਅਕਾਲੀ ਦਲ, ਪੀ. ਪੀ. ਪੀ. ਅਤੇ ਕਾਂਗਰਸ ਵਿਚ ਰਹਿੰਦੇ ਹੋਏ ਉਨ੍ਹਾਂ ਦਾ ਪੂਰਾ ਸਾਥ ਦਿੱਤਾ। 2007 ਤੋਂ ਬਾਅਦ ਬਰਾੜ ਦੀ ਸਿਆਸੀ ਕਿਸਮਤ ਨੇ ਉਨ੍ਹਾਂ ਦਾ ਸਾਥ ਨਹੀਂ ਦਿੱਤਾ।
ਹਾਲਾਂਕਿ ਪਰਗਟ ਸਿੰਘ ਨੇ 1 ਵਾਰ ਅਕਾਲੀ ਦਲ ਅਤੇ 2 ਵਾਰ ਕਾਂਗਰਸ ਵੱਲੋਂ ਜਲੰਧਰ ਕੈਂਟ ਹਲਕੇ ਵਿਚ ਵਿਧਾਨ ਸਭਾ ਦੀ ਚੋਣ ਜਿੱਤੀ, ਹਾਲਾਂਕਿ 2017 ਦੇ ਮੁਕਾਬਲੇ 2022 ਵਿਚ ਪਰਗਟ ਸਿੰਘ ਦਾ ਵੋਟ ਬੈਂਕ ਕਾਫ਼ੀ ਹੇਠਾਂ ਆ ਗਿਆ। 2017 ਵਿਚ 30 ਹਜ਼ਾਰ ਵੋਟਾਂ ਵਾਲੀ ਲੀਡ 2022 ਵਿਚ 5 ਹਜ਼ਾਰ ਰਹਿ ਗਈ। ਕਾਂਗਰਸ ਦੀ ਸਰਕਾਰ ਅਤੇ ਕੈਬਨਿਟ ਮੰਤਰੀ ਰਹਿਣ ਦੇ ਬਾਵਜੂਦ ਉਨ੍ਹਾਂ ਨੂੰ 25 ਹਜ਼ਾਰ ਵੋਟਾਂ ਘੱਟ ਪਈਆਂ। ਜਿਹੜੇ ਅੱਜ ਉਨ੍ਹਾਂ ਦਾ ਸਾਥ ਛੱਡ ਗਏ ਹਨ, ਉਹ ਜੇਕਰ ਚੋਣਾਂ ਵਿਚ ਉਨ੍ਹਾਂ ਦਾ ਸਾਥ ਛੱਡ ਜਾਂਦੇ ਤਾਂ ਪਰਗਟ ਸਿੰਘ ਲਗਾਤਾਰ ਤੀਜੀ ਵਾਰ ਜਿੱਤ ਹਾਸਲ ਨਹੀਂ ਕਰ ਸਕਦੇ ਸਨ। ਹੁਣ ਸਾਥੀਆਂ ਦੇ ਛੱਡਣ ਨਾਲ ਪਰਗਟ ਸਿੰਘ ਲਾਚਾਰ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ : CM ਭਗਵੰਤ ਮਾਨ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ, ਪੰਜਾਬ ਦੇ ਕਈ ਮੁੱਦਿਆਂ 'ਤੇ ਹੋਈ ਚਰਚਾ
ਇਸ ਤੋਂ ਇਲਾਵਾ 2007 ਵਿਚ ਕੰਵਲਜੀਤ ਸਿੰਘ ਲਾਲੀ ਨੂੰ ਹਰਾ ਕੇ ਆਦਮਪੁਰ ਹਲਕੇ ਤੋਂ ਵਿਧਾਇਕ ਚੁਣੇ ਗਏ ਸਰਬਜੀਤ ਸਿੰਘ ਮੱਕੜ ਨੇ ਕੈਂਟ ਹਲਕੇ ਤੋਂ 2017 ਵਿਚ ਅਕਾਲੀ ਦਲ ਅਤੇ 2022 ਵਿਚ ਭਾਜਪਾ ਵੱਲੋਂ ਚੋਣ ਲੜੀ। ਅਕਾਲੀ ਦਲ ਛੱਡ ਕੇ ਉਹ ਭਾਜਪਾ ਵਿਚ ਸ਼ਾਮਲ ਹੋ ਗਏ ਸਨ। ਦੋਵੇਂ ਵਾਰ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। 2017 ਵਿਚ ਉਨ੍ਹਾਂ ਨੂੰ 30 ਹਜ਼ਾਰ ਅਤੇ 2022 ਵਿਚ 15 ਹਜ਼ਾਰ ਦੇ ਲਗਭਗ ਵੋਟਾਂ ਮਿਲੀਆਂ। ਆਦਮਪੁਰ ਹਲਕਾ ਰਿਜ਼ਰਵ ਹੋ ਜਾਣ ਤੋਂ ਬਾਅਦ ਮੱਕੜ ਨੂੰ ਨਾ ਹੀ ਕਪੂਰਥਲਾ ਰਾਸ ਆਇਆ ਤੇ ਨਾ ਹੀ ਜਲੰਧਰ ਕੈਂਟ। ਹੁਣ ਵੀ ਭਾਜਪਾ ਵਿਚ ਜਾ ਕੇ ਉਹ ਸੰਘਰਸ਼ ਕਰ ਰਹੇ ਹਨ ਅਤੇ ਹੁਣ ਆਉਣ ਵਾਲੀਆਂ ਨਿਗਮ ਚੋਣਾਂ ਵਿਚ ਉਨ੍ਹਾਂ ਦਾ ਵੱਕਾਰ ਦਾਅ ’ਤੇ ਲੱਗੇਗਾ।
ਉਥੇ ਹੀ, ‘ਆਪ’ ਦੇ ਮੌਜੂਦਾ ਹਲਕਾ ਇੰਚਾਰਜ ਸੁਰਿੰਦਰ ਸਿੰਘ ਸੋਢੀ 2022 ਵਿਚ ਪਹਿਲੀ ਵਾਰ ਚੋਣ ਮੈਦਾਨ ਵਿਚ ਉਤਰੇ ਅਤੇ 35 ਹਜ਼ਾਰ ਵੋਟਾਂ ਹਾਸਲ ਕਰਨ ਵਿਚ ਕਾਮਯਾਬ ਰਹੇ। ਹਾਲਾਂਕਿ ਮਜ਼ਬੂਤ ਟੀਮ ਨਾ ਬਣਾ ਸਕਣ ਕਾਰਨ ਉਹ ਚੋਣ ਨਹੀਂ ਜਿੱਤ ਸਕੇ। ਹੁਣ ਸੋਢੀ ਪੂਰੀ ਸਰਗਰਮੀ ਨਾਲ ਕੈਂਟ ਹਲਕੇ ਵਿਚ ‘ਆਪ’ ਨੂੰ ਮਜ਼ਬੂਤ ਬਣਾਉਣ ਵਿਚ ਕੋਈ ਕਸਰ ਨਹੀਂ ਛੱਡ ਰਹੇ। ਹਲਕੇ ਦੀ ਤਰੱਕੀ ਨੂੰ ਲੈ ਕੇ ਵੀ ਉਹ ਵਿਸ਼ੇਸ਼ ਧਿਆਨ ਦੇ ਰਹੇ ਹਨ। ਆਪਣੇ ਹਲਕੇ ਦੀ ਬਿਹਤਰੀ ਲਈ ਸੋਢੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪਾਰਟੀ ਦੇ ਹੋਰ ਸੀਨੀਅਰ ਆਗੂਆਂ ਤੇ ਮੰਤਰੀਆਂ ਦੇ ਵੀ ਸੰਪਰਕ ਵਿਚ ਰਹਿੰਦੇ ਹਨ।
ਇਹ ਵੀ ਪੜ੍ਹੋ : ਵਿਦੇਸ਼ਾਂ 'ਚ ਪੰਜਾਬੀਆਂ ਨਾਲ ਹੋ ਰਹੀ ਹਿੰਸਾ ਤੇ ਕਤਲਾਂ ਕਾਰਨ ਪਰਿਵਾਰਕ ਮੈਂਬਰਾਂ ’ਚ ਖ਼ੌਫ਼, ਧਿਆਨ 'ਚ ਰੱਖੋ ਇਹ ਗੱਲਾਂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।