''ਜਗ ਬਾਣੀ'' ਦੇ ਪੱਤਰਕਾਰ ''ਤੇ ਹਮਲਾ ਕਰਨ ''ਤੇ ਦੋਸ਼ੀਆਂ ਨੂੰ ਫੜਨ ਲਈ ਰਿਸ਼ਤੇਦਾਰ ਰਾਊਂਡਅਪ

01/20/2019 12:36:22 PM

ਜਲੰਧਰ (ਜ.ਬ.)— 'ਜਗ ਬਾਣੀ' ਦੇ ਪ੍ਰਤੀਨਿਧੀ ਅਜੀਤ ਸਿੰਘ ਬੁਲੰਦ 'ਤੇ ਕਥਿਤ ਬਦਮਾਸ਼ ਨੰਨੂ, ਮੰਨੂ, ਪਾਰਸ, ਤੋਤਾ ਅਤੇ ਹੋਰ ਕਈਆਂ ਨੇ ਜਾਨਲੇਵਾ ਹਮਲਾ ਕਰ ਦਿੱਤਾ। ਹਮਲੇ ਦੌਰਾਨ ਉਕਤ ਮੁਲਜ਼ਮ ਪ੍ਰਤੀਨਿਧੀ ਬੁਲੰਦ ਦੇ ਗਲੇ 'ਚ ਪਈ ਚੇਨ ਅਤੇ ਕੈਮਰਾ ਵੀ ਖੋਹ ਕੇ ਫਰਾਰ ਹੋ ਗਏ। ਮਾਮਲੇ ਨੂੰ ਲੈ ਕੇ ਪੁਲਸ ਨੇ ਧਾਰਾ 295-ਏ, 323, 341, 379-ਬੀ, 148, 149 ਅਤੇ 27 ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਹੈ। ਹਾਲਾਂਕਿ ਦੱਸ ਦੇਈਏ ਕਿ ਉਕਤ ਮੁਲਜ਼ਮਾਂ ਖਿਲਾਫ ਥਾਣਾ 3 ਸਮੇਤ ਕਈ ਥਾਣਿਆਂ 'ਚ ਹੱਤਿਆ ਦੀ ਕੋਸ਼ਿਸ਼ ਸਮੇਤ ਕਈ ਕੇਸ ਦਰਜ ਹਨ। ਹਾਲਾਂਕਿ ਪੁਲਸ ਵੱਲੋਂ ਸਾਰੇ ਮੁਲਜ਼ਮਾਂ ਦੇ ਸਕੇ-ਸੰਬੰਧੀਆਂ ਸਮੇਤ ਰਿਸ਼ਤੇਦਾਰਾਂ ਨੂੰ ਹਿਰਾਸਤ 'ਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ।

ਪ੍ਰਤੀਨਿਧੀ ਅਜੀਤ ਸਿੰਘ ਬੁਲੰਦ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਕਿਹਾ ਕਿ ਉਹ ਰਾਤ 9.30 ਵਜੇ ਦੇ ਕਰੀਬ ਅੱਡਾ ਹੁਸ਼ਿਆਰਪੁਰ ਵੱਲੋਂ ਆਪਣੀ ਇਨੋਵਾ ਕਾਰ 'ਚ 'ਜਗ ਬਾਣੀ' ਦਫਤਰ ਜਾ ਰਿਹਾ ਸੀ ਕਿ ਰਸਤੇ 'ਚ ਖਿੰਗਰਾਂ ਗੇਟ ਕੋਲ ਸਥਿਤ ਕਪੂਰ ਬਿਸਤਰ ਭੰਡਾਰ ਦੇ ਬਾਹਰ ਨੰਨੂ, ਮੰਨੂ, ਪਾਰਸ ਅਤੇ ਤੋਤਾ ਸਮੇਤ ਕਰੀਬ 10-15 ਨੌਜਵਾਨ ਖੜ੍ਹੇ ਸਨ, ਜਿਨ੍ਹਾਂ ਕਾਰਨ ਟਰੈਫਿਕ ਕਾਫੀ ਬਲਾਕ ਹੋ ਰਿਹਾ ਸੀ। ਉਨ੍ਹਾਂ ਨੇ ਆਪਣੀ ਕਾਰ ਦਾ ਹਾਰਨ ਦੇ ਕੇ ਪਾਸੇ ਹਟਣ ਲਈ ਕਿਹਾ ਤਾਂ ਇੰਨੇ 'ਚ ਨੰਨੂ, ਮੰਨੂ, ਪਾਰਸ ਅਤੇ ਤੋਤਾ ਨੇ ਆਪਣੇ ਸਾਥੀਆਂ ਸਮੇਤ ਉਸ ਨੂੰ ਘੇਰ ਲਿਆ, ਜਿਸ ਤੋਂ ਬਾਅਦ ਨੰਨੂ ਨੇ ਉਸ ਦੀ ਪੱਗ 'ਤੇ ਵਾਰ ਕਰਕੇ ਹੇਠਾਂ ਸੁੱਟ ਦਿੱਤਾ ਅਤੇ ਉਸ ਦੇ ਸਾਥੀ ਕਥਿਤ ਬਦਮਾਸ਼ ਤੋਤਾ ਅਤੇ ਪਾਰਸ ਨੇ ਲੋਹੇ ਦੀ ਰਾਡ ਉਨ੍ਹਾਂ ਦੀ ਅੱਖ 'ਤੇ ਮਾਰੀ।

ਪ੍ਰਤੀਨਿਧੀ ਬੁਲੰਦ ਨੇ ਦੱਸਿਆ ਕਿ ਪੱਗ ਨੂੰ ਉਛਾਲਣ ਤੋਂ ਬਾਅਦ ਨੰਨੂ ਨੇ ਉਸ ਦੀ ਪੱਗ ਨੂੰ ਪੈਰਾਂ ਹੇਠ ਰੋਲਿਆ। ਮੰਨੂ ਨੇ ਉਸ ਦੇ ਗਲੇ 'ਚ ਪਾਈ ਸੋਨੇ ਦੀ ਚੇਨ ਅਤੇ ਹੱਥ 'ਚ ਫੜਿਆ ਪੁਰਾਣਾ ਕੈਮਰਾ ਵੀ ਖੋਹ ਲਿਆ ਅਤੇ ਉਸ ਨੂੰ ਜ਼ਮੀਨ 'ਤੇ ਸੁੱਟ ਕੇ ਨੱਕ 'ਤੇ ਪੰਚ ਮਾਰਿਆ। ਉਪਰੰਤ ਤੋਤਾ ਨੇ ਆਪਣੀ ਡੱਬ 'ਚੋਂ ਦੇਸੀ ਕੱਟਾ ਕੱਢ ਕੇ ਤਾਣ ਦਿੱਤਾ ਅਤੇ ਧਮਕੀ ਦਿੱਤੀ ਕਿ ਅੱਜ ਉਹ ਉਸ ਨੂੰ ਖਤਮ ਕਰ ਦੇਣਗੇ ਪਰ ਲੋਕਾਂ ਦੇ ਇਕੱਠੇ ਹੋਣ 'ਤੇ ਸਾਰੇ ਬਦਮਾਸ਼ ਮੌਕੇ ਤੋਂ ਭੱਜ ਗਏ ਅਤੇ ਫਿਰ ਪੁਲਸ ਨੂੰ ਸੂਚਿਤ ਕੀਤਾ ਗਿਆ। ਥਾਣਾ ਨੰਬਰ 3 ਦੀ ਪੁਲਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਇਹ ਨਵਾਂ ਕਾਰਨਾਮਾ ਨਹੀਂ ਜਦੋਂ ਬਦਮਾਸ਼ ਪਾਰਸ, ਤੋਤਾ ਤੇ ਉਨ੍ਹਾਂ ਦੇ ਸਾਥੀ ਨੰਨੂ ਤੇ ਮੰਨੂ ਨੇ ਪਹਿਲੀ ਵਾਰ ਕੋਈ ਕੁੱਟਮਾਰ ਅਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੋਵੇ।

ਪਾਰਸ ਤੇ ਤੋਤਾ ਨੇ ਭਾਜਪਾ ਨੇਤਾ ਜੈ ਮਹਿੰਦਰੂ ਦੀ ਵੀ ਖੋਹੀ ਸੀ ਰਿਵਾਲਵਰ
ਜ਼ਿਕਰਯੋਗ ਹੈ ਕਿ ਪ੍ਰਤੀਨਿਧੀ ਬੁਲੰਦ 'ਤੇ ਹਮਲਾ ਕਰਨ ਵਾਲੇ ਬਦਮਾਸ਼ ਪਾਰਸ ਅਤੇ ਤੋਤਾ ਨੇ ਕੁਝ ਮਹੀਨੇ ਪਹਿਲਾਂ ਸਾਬਕਾ ਵਿਧਾਇਕ ਕੇ. ਡੀ. ਭੰਡਾਰੀ ਦੇ ਖਾਸ ਜੈ ਮਹਿੰਦਰੂ ਨਾਲ ਕੁੱਟਮਾਰ ਕਰਨ ਤੋਂ ਬਾਅਦ ਉਸ ਦੀ ਲਾਇਸੈਂਸੀ ਰਿਵਾਲਵਰ ਵੀ ਖੋਹੀ ਸੀ। ਹਾਲਾਂਕਿ ਨੇਤਾਵਾਂ ਦੇ ਖਾਸ ਹੋਣ ਕਾਰਨ ਮੁਲਜ਼ਮ ਬਦਮਾਸ਼ ਪਾਰਸ ਅਤੇ ਤੋਤਾ ਖੁੱਲ੍ਹੇਆਮ ਬਦਮਾਸ਼ੀ ਕਰ ਰਹੇ ਹਨ। ਹਾਲਾਂਕਿ ਉਕਤ ਕੇਸ ਕੋਰਟ 'ਚ ਵਿਚਾਰ ਅਧੀਨ ਹੈ।

ਤੋਤਾ, ਪਾਰਸ, ਮੰਨੂ ਤੇ ਨੰਨੂ 'ਤੇ ਦਰਜ ਹਨ ਕੁੱਲ 8 ਮਾਮਲੇ
ਦੱਸ ਦੇਈਏ ਕਿ ਮੁਲਜ਼ਮ ਨੰਨੂ, ਮੰਨੂ, ਪਾਰਸ ਤੇ ਤੋਤਾ ਖਿਲਾਫ ਕਈ ਮਾਮਲੇ ਦਰਜ ਹਨ, ਜਿਨ੍ਹਾਂ 'ਚ ਲੁੱਟ, ਕਤਲ ਦੀ ਕੋਸ਼ਿਸ਼, ਕੁੱਟ-ਮਾਰ ਤੇ ਬੰਦੂਕ ਤਾਣਨ ਸਮੇਤ ਕਈ ਮਾਮਲੇ ਦਰਜ ਹਨ, ਜਿਨ੍ਹਾਂ 'ਚ ਕਰੀਬ 6 ਕੇਸ ਤਾਂ ਥਾਣਾ ਨੰ. 3 'ਚ ਹੀ ਦਰਜ ਹਨ। ਬਾਕੀ ਕੇਸ ਥਾਣਾ 8 ਤੇ ਹੋਰ ਥਾਣਿਆਂ 'ਚ ਵੀ ਦਰਜ ਹਨ।

ਪੱਤਰਕਾਰਾਂ 'ਚ ਰੋਸ, ਮੁਲਜ਼ਮਾਂ ਦੀ ਜਲਦ ਗ੍ਰਿਫਤਾਰੀ ਦੀ ਮੰਗ
'ਜਗ ਬਾਣੀ' ਦੇ ਪ੍ਰਤੀਨਿਧੀ ਅਜੀਤ ਸਿੰਘ ਬੁਲੰਦ 'ਤੇ ਹੋਏ ਹਮਲੇ ਸਬੰਧੀ ਪੱਤਰਕਾਰ ਭਾਈਚਾਰੇ 'ਚ ਕਾਫੀ ਰੋਸ ਹੈ। ਪ੍ਰਤੀਨਿਧੀ 'ਤੇ ਹਮਲਾ ਕਰਨ ਵਾਲਿਆਂ ਨੂੰ ਪੁਲਸ ਅਜੇ ਫੜ ਨਹੀਂ ਸਕੀ ਹੈ। ਇਸ ਗੱਲ ਨੂੰ ਲੈ ਕੇ ਪੱਤਰਕਾਰ ਆਉਣ ਵਾਲੇ ਦਿਨਾਂ 'ਚ ਪੁਲਸ ਖਿਲਾਫ ਵੀ ਜਾ ਸਕਦੇ ਹਨ।

ਅਕਾਲੀ ਦਲ ਨੇ ਵੀ ਕੀਤੀ ਹਮਲੇ ਦੀ ਨਿੰਦਾ
ਪ੍ਰਤੀਨਿਧੀ ਬੁਲੰਦ 'ਤੇ ਹਮਲੇ ਦੀ ਅਕਾਲੀ ਦਲ ਦੇ ਨੇਤਾਵਾਂ ਨੇ ਵੀ ਨਿੰਦਾ ਕੀਤੀ। ਜਜ਼ਬਾ ਸੰਸਥਾ ਦੇ ਸਰਪ੍ਰਸਤ ਗਗਨਦੀਪ ਸਿੰਘ ਨਾਗੀ, ਅਰਜਿੰਦਰ ਸਿੰਘ ਅਤੇ ਐਡਵੋਕੇਟ ਬੀਰਪ੍ਰੀਤ ਸਿੰਘ ਨੇ ਪ੍ਰਤੀਨਿਧੀ ਅਜੀਤ ਸਿੰਘ ਬੁਲੰਦ 'ਤੇ ਹੋਏ ਹਮਲੇ ਦੀ ਨਿਖੇਧੀ ਕਰਦਿਆਂ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੂੰ ਮੁਲਜ਼ਮਾਂ ਨੂੰ ਜਲਦ ਫੜਨ ਸਬੰਧੀ ਮੰਗ-ਪੱਤਰ ਦਿੱਤਾ ਹੈ।


shivani attri

Content Editor

Related News