ਜਲੰਧਰ ਦੇ ਹੋਟਲ ’ਚ ਛਾਪੇਮਾਰੀ ਮਗਰੋਂ ਬੁਕੀਜ਼ ਤੇ ਸੱਟੇਬਾਜ਼ਾਂ ਦੀ ਪਸੰਦ ਬਣੇ ਕਈ ਪ੍ਰਾਜੈਕਟਾਂ ਦੇ ਫਲੈਟ

Monday, Jan 24, 2022 - 07:32 PM (IST)

ਜਲੰਧਰ (ਸੁਧੀਰ)–ਸਥਾਨਕ 66 ਫੁੱਟੀ ਰੋਡ ’ਤੇ ਸਥਿਤ ਜਲੰਧਰ ਹਾਈਟਸ-1 ’ਚ ਪੁਲਸ ਦੀ ਛਾਪੇਮਾਰੀ ਦੌਰਾਨ ਫੜੇ ਗਏ ਬੁਕੀਜ਼ ਦੇ ਮਾਮਲੇ ਨੂੰ ਲੈ ਕੇ ਕਮਿਸ਼ਨਰੇਟ ਪੁਲਸ ਵੀ ਹਰਕਤ ’ਚ ਆ ਗਈ ਹੈ, ਜਿਸ ਨੂੰ ਲੈ ਕੇ ਕਮਿਸ਼ਨਰੇਟ ਪੁਲਸ ਨੇ ਸ਼ਹਿਰ ’ਚ ਨਾਜਾਇਜ਼ ਤੌਰ ’ਤੇ ਮੈਚਾਂ ’ਤੇ ਸੱਟਾ ਲਾਉਣ ਵਾਲੇ ਬੁਕੀਜ਼ ’ਤੇ ਸਖਤ ਕਾਰਵਾਈ ਕਰਨ ਲਈ ਆਪਣੀ ਕਮਰ ਪੂਰੀ ਤਰ੍ਹਾਂ ਕੱਸ ਲਈ ਹੈ। ਪੁਲਸ ਕਮਿਸ਼ਨਰ ਨੌਨਿਹਾਲ ਸਿੰਘ ਨੇ ਦੱਸਿਆ ਕਿ ਸ਼ਹਿਰ ’ਚ ਸੱਟਾ ਮਾਫ਼ੀਆ ਅਤੇ ਬੁਕੀਜ਼ ’ਤੇ ਸਖਤ ਕਾਰਵਾਈ ਕਰਨ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਵੀ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਜਲੰਧਰ ਹਾਈਟਸ ਪ੍ਰਾਜੈਕਟ ਵਿਚ ਬੁਕੀਜ਼ ਕ੍ਰਿਕਟ ਮੈਚਾਂ ’ਤੇ ਸੱਟਾ ਲਾ ਰਹੇ ਹਨ। ਸੂਚਨਾ ਮਿਲਦੇ ਹੀ ਏ. ਡੀ. ਸੀ. ਪੀ. ਕ੍ਰਾਈਮ ਦੀ ਅਗਵਾਈ ’ਚ ਸੀ. ਆਈ. ਏ. ਸਟਾਫ ਦੀ ਟੀਮ ਨੇ ਛਾਪੇਮਾਰੀ ਕਰ ਕੇ 4 ਬੁਕੀਜ਼ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ 19 ਮੋਬਾਇਲ, ਲੈਪਟਾਪ ਅਤੇ ਹਜ਼ਾਰਾਂ ਰੁਪਏ ਦੀ ਨਕਦੀ ਬਰਾਮਦ ਕੀਤੀ ਸੀ। ਉਨ੍ਹਾਂ ਦੱਸਿਆ ਕਿ ਪੁਲਸ ਨੂੰ ਜਾਂਚ ’ਚ ਪਤਾ ਲੱਗਾ ਹੈ ਕਿ ਕੁਝ ਸਮਾਂ ਪਹਿਲਾਂ ਵੀ ਕਮਿਸ਼ਨਰੇਟ ਪੁਲਸ ਨੇ ਜਲੰਧਰ ਹਾਈਟਸ ਪ੍ਰਾਜੈਕਟ ’ਚ ਹੀ ਛਾਪੇਮਾਰੀ ਕਰ ਕੇ ਕੁਝ ਹੋਰ ਬੁਕੀਜ਼ ਨੂੰ ਵੀ ਕਾਬੂ ਕੀਤਾ ਸੀ।

ਉਨ੍ਹਾਂ ਦੱਸਿਆ ਕਿ ਚਾਰਜ ਸੰਭਾਲਣ ਤੋਂ ਬਾਅਦ ਉਨ੍ਹਾਂ ਕਮਿਸ਼ਨਰੇਟ ਪੁਲਸ ’ਚ ਵੱਡੇ ਬਦਲਾਅ ਕੀਤੇ ਹਨ ਅਤੇ ਕਈ ਸ਼ਰਾਬ ਤੇ ਨਸ਼ਾ ਸਮੱਗਲਰਾਂ ਅਤੇ ਕਈ ਮੁਜਰਿਮਾਂ ਦੀ ਨਕੇਲ ਕੱਸ ਕੇ ਉਨ੍ਹਾਂ ਨੂੰ ਸੀਖਾਂ ਪਿੱਛੇ ਪਹੁੰਚਾਇਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਵੀ ਸੂਚਨਾ ਮਿਲੀ ਹੈ ਕਿ ਸ਼ਹਿਰ ਦੇ ਕਈ ਬੁਕੀਜ਼ ਅਤੇ ਸੱਟੇਬਾਜ਼ ਹੁਣ ਹੋਟਲਾਂ ਦੀ ਬਜਾਏ ਸ਼ਹਿਰ ਦੇ ਕਈ ਪ੍ਰਾਜੈਕਟਾਂ ’ਚ ਕਿਰਾਏ ਦੇ ਜਾਂ ਆਪਣੇ ਫਲੈਟ ਖਰੀਦ ਕੇ ਇਸ ਧੰਦੇ ਨੂੰ ਅੰਜਾਮ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਕਮਿਸ਼ਨਰੇਟ ਪੁਲਸ ਦੇ ਅਧਿਕਾਰੀਆਂ ਨੂੰ ਬੁਕੀਜ਼ ਅਤੇ ਸੱਟੇਬਾਜ਼ਾਂ ਦਾ ਪੁਰਾਣਾ ਰਿਕਾਰਡ ਕਢਵਾ ਕੇ ਉਨ੍ਹਾਂ ’ਤੇ ਤਿੱਖੀ ਨਜ਼ਰ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ। ਉਨ੍ਹਾਂ ਸਾਫ ਕਿਹਾ ਕਿ ਜੇਕਰ ਸ਼ਹਿਰ ’ਚ ਕੋਈ ਵੀ ਨਾਜਾਇਜ਼ ਤੌਰ ’ਤੇ ਮੈਚਾਂ ’ਤੇ ਸੱਟਾ ਲਾਉਂਦਾ ਜਾਂ ਕੋਈ ਨਾਜਾਇਜ਼ ਕਾਰੋਬਾਰ ਕਰਦਾ ਦੇਖਿਆ ਗਿਆ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜੇਕਰ ਕਿਸੇ ਮੁਲਾਜ਼ਮ ਜਾਂ ਪੁਲਸ ਅਧਿਕਾਰੀ ਦੀ ਕਿਸੇ ਬੁਕੀਜ਼ ਜਾਂ ਸੱਟੇਬਾਜ਼ ਨਾਲ ਮਿਲੀਭੁਗਤ ਪਾਈ ਗਈ ਤਾਂ ਉਸ ਵਿਰੁੱਧ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਸੀ. ਪੀ. ਨੇ ਕਿਹਾ ਕਿ ਪੁਲਸ ਅਧਿਕਾਰੀਆਂ ਨਾਲ ਕੁਝ ਦਿਨ ਪਹਿਲਾਂ ਹੀ ਮੀਟਿੰਗ ਕਰ ਕੇ ਉਨ੍ਹਾਂ ਨੂੰ ਸਾਫ਼ ਚਿਤਾਵਨੀ ਦਿੱਤੀ ਸੀ ਕਿ ਜੇਕਰ ਸ਼ਹਿਰ ’ਚ ਜੁਰਮ ਜਾਂ ਕਿਸੇ ਅਧਿਕਾਰੀ ਦੇ ਖੇਤਰ ’ਚ ਕੋਈ ਨਾਜਾਇਜ਼ ਕਾਰੋਬਾਰ ਕਰਦਾ ਦੇਖਿਆ ਗਿਆ ਤਾਂ ਸਬੰਧਤ ਅਧਿਕਾਰੀ ਅਤੇ ਥਾਣਾ ਇੰਚਾਰਜ ਦੀ ਜਵਾਬਦੇਹੀ ਹੋਵੇਗੀ। ਰੋਜ਼ਾਨਾ ਸਵੇਰੇ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਸ਼ਹਿਰ ਨੂੰ ਜੁਰਮ ਅਤੇ ਨਸ਼ਾ-ਮੁਕਤ ਬਣਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਪੁਲਸ ਦੀ ਸਖ਼ਤੀ ਨਾਲ ਹੀ ਸ਼ਹਿਰ ’ਚ ਜੁਰਮਾਂ ਅਤੇ ਸਨੈਚਿੰਗ ਦੀਆਂ ਵਾਰਦਾਤਾਂ ’ਚ ਵੱਡੀ ਗਿਰਾਵਟ ਆਈ ਹੈ। ਹਾਲ ਹੀ ’ਚ ਕਮਿਸ਼ਨਰੇਟ ਪੁਲਸ ਨੇ ਮਾਡਲ ਟਾਊਨ ’ਚ ਰਬੜ ਕਾਰੋਬਾਰੀ ਤੋਂ ਲੁੱਟੀ ਕਾਰ ਦੇ ਮਾਮਲੇ ’ਚ ਦੋਸ਼ੀਆਂ ਨੂੰ ਕੁਝ ਦਿਨਾਂ ’ਚ ਹੀ ਗ੍ਰਿਫ਼ਤਾਰ ਕਰ ਕੇ ਇਸ ਸਨਸਨੀਖੇਜ਼ ਵਾਰਦਾਤ ਦਾ ਪਰਦਾਫਾਸ਼ ਕੀਤਾ ਸੀ। ਪੈਂਡਿੰਗ ਮਾਮਲਿਆਂ ਨੂੰ ਵੀ ਜਲਦੀ ਟਰੇਸ ਕਰਨ ਲਈ ਨਵੀਆਂ ਟੀਮਾਂ ਦਾ ਗਠਨ ਕੀਤਾ ਗਿਆ ਹੈ। ਆਉਣ ਵਾਲੇ ਕੁਝ ਸਮੇਂ ’ਚ ਸ਼ਹਿਰ ਵਾਸੀਆਂ ਨੂੰ ਖੁਦ ਵੱਡੇ ਬਦਲਾਅ ਨਜ਼ਰ ਆਉਣਗੇ।


Manoj

Content Editor

Related News