ਰੂਪਨਗਰ ਵਿਖੇ ਫਲਾਂ ਦੇ ਇਕ ਗੋਦਾਮ ''ਚ ਲੱਗੀ ਭਿਆਨਕ ਅੱਗ, ਹੋਇਆ ਲੱਖਾਂ ਨੁਕਸਾਨ
Sunday, Oct 30, 2022 - 05:52 PM (IST)
ਰੂਪਨਗਰ (ਵਿਜੇ)- ਰੋਪੜ ’ਚ ਸਵੇਰੇ ਤੜਕਸਾਰ ਫਲਾਂ ਦੇ ਇਕ ਗੋਦਾਮ ’ਚ ਅੱਗ ਲੱਗਣ ਨਾਲ ਫਲ ਵਿਕ੍ਰੇਤਾਵਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦੇ ਹੋਏ ਪੰਜਾਬੀ ਨੌਜਵਾਨਾਂ ਅਤੇ ਪ੍ਰਵਾਸੀ ਭਾਈਚਾਰੇ ਦੇ ਫਲ ਵਿਕ੍ਰੇਤਾਵਾਂ ਜਤਿੰਦਰ ਕੁਮਾਰ ਮੰਡਲ, ਦੁਰਗਾ ਪ੍ਰਸਾਦ ਮੰਡਲ, ਫੂਲੇਸ਼ਵਰ ਮੰਡਲ, ਗਣੇਸ਼ ਮੰਡਲ, ਉਮੇਸ਼ ਕੁਮਾਰ, ਰਾਜੇਸ਼ਵਰ ਮੰਡਲ, ਬਚੈ ਲਾਲ ਮੰਡਲ, ਚੰਦੇਸ਼ਵਰ ਮੰਡਲ, ਸੰਤ ਕੁਮਾਰ, ਰਾਹ ਕੁਮਾਰ, ਨੀਤਿਸ਼ ਕੁਮਾਰ, ਅਸ਼ਵਨੀ ਕੁਮਾਰ, ਵਿਜੇ ਕੁਮਾਰ, ਕ੍ਰਿਸ਼ਨ ਲਾਲ ਵਰਮਾ, ਰਾਜ ਕੁਮਾਰ ਨੇ ਦੱਸਿਆ ਕਿ ਉਹ ਸ਼ਹਿਰ ਵਿਚ ਰਾਮ ਲੀਲਾ ਗਰਾਊਂਡ ਰੋਡ ’ਤੇ ਰੇਹੜੀਆਂ ਲਗਾ ਕੇ ਫਲ ਵੇਚ ਕੇ ਰੋਜ਼ੀ ਰੋਟੀ ਚਲਾਉਂਦੇ ਹਨ।
ਇਹ ਵੀ ਪੜ੍ਹੋ: ਪੈਦਲ ਯਾਤਰਾ 'ਚ ਸ਼ਾਮਲ ਨੌਜਵਾਨ ਨਾਲ ਵਾਪਰੀ ਅਣਹੋਣੀ ਨੇ ਘਰ 'ਚ ਪੁਆਏ ਵੈਣ, ਮਿਲੀ ਦਰਦਨਾਕ ਮੌਤ
ਉਹ ਰੋਜ਼ਾਨਾ ਮੰਡੀ ਤੋਂ ਫਲ ਲਿਆ ਕੇ ਵੇਚਦੇ ਸਨ ਪਰ ਛਠ ਪੂਜਾ ਦੇ ਤਿਉਹਾਰ ਦੇ ਚਲਦਿਆਂ ਉਨ੍ਹਾਂ ਵੱਲੋਂ ਫਲਾਂ ਦਾ ਸਟਾਕ ਕੀਤਾ ਗਿਆ ਸੀ। ਫਲ ਵਿਕ੍ਰੇਤਾਵਾ ਨੇ ਦੱਸਿਆ ਕਿ ਅੱਗ ਦੀ ਘਟਨਾ ਦੀ ਜਾਣਕਾਰੀ ਉਨ੍ਹਾਂ ਨੂੰ ਸਵੇਰੇ ਤਿੰਨ ਵਜੇ ਦੇ ਕਰੀਬ ਮਿਲੀ ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਪਹੁੰਚ ਕੇ ਅੱਗ ’ਤੇ ਕਾਬੂ ਤਾਂ ਪਾ ਲਿਆ ਪਰ ਵੱਡੀ ਮਾਤਰਾ ਵਿਚ ਫਲ ਸਡ਼ ਕੇ ਖਰਾਬ ਹੋ ਗਏ ਅਤੇ ਨਾਲ ਹੀ ਉਨ੍ਹਾਂ ਦੀਆਂ ਰੇਹੜੀਆਂ ਵੀ ਰਾਖ ਹੋ ਗਈਆਂ। ਉਨ੍ਹਾਂ ਕਿਹਾ ਕਿ ਅੱਗ ਦੀ ਘਟਨਾ ਨਾਲ ਉਹ ਆਰਥਿਕ ਪੱਖੋਂ ਟੁੱਟ ਗਏ ਹਨ।
ਪੀੜਤ ਫਲ ਵਿਕ੍ਰੇਤਾਵਾਂ ਨੇ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਅੱਗ ਲੱਗਣ ਦੀ ਘਟਨਾ ਦੀ ਜਾਂਚ ਕਰਵਾਈ ਜਾਵੇ ਅਤੇ ਇਸ ਔਖੀ ਘੜੀ ’ਚ ਸਰਕਾਰ ਉਨ੍ਹਾਂ ਦੀ ਆਰਥਿਕ ਮਦਦ ਕਰੇ ਤਾਂ ਜੋ ਉਹ ਫਿਰ ਤੋਂ ਆਪਣੇ ਰੋਜ਼ਗਾਰ ਦਾ ਸਾਧਨ ਬਣਾ ਕੇ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਚਲਾ ਸਕਣ। ਅੱਗ ਦੀ ਉਕਤ ਘਟਨਾ ਵਿਚ ਇਕ ਐੱਮ. ਏ. ਪਾਸ ਪੰਜਾਬੀ ਨੌਜਵਾਨ ਵੱਲੋਂ ਲਗਾਈ ਜਾਂਦੀ ਫਲ ਦੀ ਰੇਹੜੀ ਵੀ ਨੁਕਸਾਨੀ ਗਈ ਅਤੇ ਇਸ ਨੌਜਵਾਨ ਨੇ ਕਿਹਾ ਕਿ ਨੌਕਰੀ ਨਾ ਮਿਲਣ ਕਾਰਨ ਉਹ ਰੇਹੜੀ ਲਗਾਉਣ ਲਈ ਮਜਬੂਰ ਹੋ ਗਿਆ ਪਰ ਅੱਜ ਉਸ ਦਾ ਇਹ ਰੋਜ਼ਗਾਰ ਵੀ ਖੁਸ ਗਿਆ।
ਇਹ ਵੀ ਪੜ੍ਹੋ: ਕਪੂਰਥਲਾ ’ਚ ਵਾਪਰੇ ਭਿਆਨਕ ਸੜਕ ਹਾਦਸੇ ਨੇ ਦੋ ਘਰਾਂ ’ਚ ਵਿਛਾਏ ਸੱਥਰ, ਦੋ ਦੋਸਤਾਂ ਦੀ ਦਰਦਨਾਕ ਮੌਤ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ