26 ਜਨਵਰੀ ਦੀ ਟਰੈਕਟਰ ਪਰੇਡ ''ਚ ਹਿੱਸਾ ਲੈਣ ਲਈ ਨੌਜਵਾਨਾਂ ਦਾ ਜਥਾ ਖੁੱਡਾ ਤੋਂ ਰਵਾਨਾ

01/21/2021 4:46:54 PM

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ)-ਖੇਤੀ ਕਾਨੂੰਨਾਂ ਦੇ ਵਿਰੋਧ 'ਚ ਹੋਣ ਵਾਲੀ 26 ਜਨਵਰੀ ਨੂੰ ਟਰੈਕਟਰ ਪਰੇਡ 'ਚ ਹਿੱਸਾ ਲੈਣ ਲਈ ਪਿੰਡ ਖੁੱਡਾ ਤੋਂ ਨੌਜਵਾਨਾਂ ਦਾ ਇਕ ਵਿਸ਼ਾਲ ਜਥਾ ਅੱਜ ਦਿੱਲੀ ਰਵਾਨਾ ਹੋਇਆ। ਇਸ ਮੌਕੇ ਸਰਪੰਚ ਜਸਵੀਰ ਸਿੰਘ ਖੁੱਡਾ ਨੇ ਉਕਤ ਜਥੇ ਨੂੰ ਰਵਾਨਾ ਕਰਦੇ ਹੋਏ ਦੱਸਿਆ ਕਿ  ਖੁੱਡਾ ਅਤੇ ਹੋਰਨਾਂ ਲਾਗਲੇ ਪਿੰਡਾਂ ਚੋਂ ਇਕੱਤਰ ਹੋਏ ਨੌਜਵਾਨ 26 ਦੀ ਟਰੈਕਟਰ ਪਰੇਡ 'ਚ ਸ਼ਮੂਲੀਅਤ ਕਰਕੇ ਮੋਦੀ ਸਰਕਾਰ ਖ਼ਿਲਾਫ਼ ਆਪਣਾ ਰੋਸ ਜ਼ਾਹਰ ਕਰਨਗੇ। ਉਨ੍ਹਾਂ ਹੋਰ ਦੱਸਿਆ ਕਿ ਆਉਣ ਵਾਲੇ ਦਿਨਾਂ 'ਚ ਵੀ ਨੌਜਵਾਨਾਂ ਦੇ ਜਥੇ ਇਸੇ ਤਰ੍ਹਾਂ ਹੀ ਦਿੱਲੀ ਵੱਲ ਰਵਾਨਾ ਹੋਣਗੇ।

ਇਸ ਮੌਕੇ ਸਿੱਖ ਯੂਥ ਆਫ ਪੰਜਾਬ ਦੇ ਗੁਰਨਾਮ ਸਿੰਘ ਮੂਨਕਾਂ ਅਤੇ ਗੁਰਪ੍ਰੀਤ ਸਿੰਘ ਖੁੱਡਾ ਨੇ ਕਿਹਾ ਕਿ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਚੱਲ ਰਿਹਾ ਕਿਸਾਨ ਅੰਦੋਲਨ ਹੁਣ ਜਨ ਅੰਦੋਲਨ ਬਣ ਚੁੱਕਾ ਹੈ। 26 ਜਨਵਰੀ ਨੂੰ ਹੋਣ ਵਾਲੀ ਟਰੈਕਟਰ ਪਰੇਡ ਸੁੱਤੀ ਹੋਈ ਸਰਕਾਰ ਨੂੰ ਜਗਾਉਣ ਲਈ ਵੱਡੇ ਪੱਧਰ ਤੇ ਕੀਤੀ ਜਾਵੇਗੀ। ਉਨ੍ਹਾਂ ਇਸ ਮੌਕੇ ਕੇਂਦਰ ਸਰਕਾਰ ਖ਼ਿਲਾਫ਼ ਰੋਹ ਭਰਪੂਰ ਨਾਅਰੇਬਾਜ਼ੀ ਕਰਦਿਆਂ ਮੰਗ ਕੀਤੀ ਕਿ ਇਹ ਕਾਲੇ ਕਾਨੂੰਨ ਜਲਦ ਤੋਂ ਜਲਦ ਵਾਪਸ ਕੀਤੇ ਜਾਣ। ਇਸ ਮੌਕੇ ਜਸਪ੍ਰੀਤ ਸਿੰਘ' ਗੁਰਦੀਪ ਸਿੰਘ ,ਰਾਮ ਸਿੰਘ, ਗੁਰਪ੍ਰੀਤ ਸਿੰਘ, ਗੁਰਨਾਮ ਸਿੰਘ ਮੂਨਕਾਂ ,ਪੰਚ ਦਲਜੀਤ ਸਿੰਘ ,ਇਕਬਾਲ ਸਿੰਘ, ਜੱਸੀ ਰਲਣ ਕਾਕਾ ਸਿੰਘ ਨਿਹੰਗ  ਅਤੇ ਹੋਰ ਨੌਜਵਾਨ ਵੀ ਹਾਜ਼ਰ ਸਨ। 


Aarti dhillon

Content Editor

Related News