ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਠੱਗੇ 5.62 ਲੱਖ, ਕੇਸ ਦਰਜ

04/17/2021 7:34:40 PM

ਜਲੰਧਰ (ਮਹੇਸ਼)–ਕੈਨੇਡਾ ਭੇਜਣ ਦਾ ਝਾਂਸਾ ਦੇ ਕੇ 5 ਲੱਖ 62 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ’ਚ ਥਾਣਾ ਰਾਮਾ ਮੰਡੀ ’ਚ ਲੱਧੇਵਾਲੀ ਵਾਸੀ ਅਮਨਦੀਪ ਪੁੱਤਰ ਸੁਖਰਾਮ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ, ਜਿਸ ਦੀ ਪੁਸ਼ਟੀ ਏ. ਸੀ. ਪੀ. ਸੈਂਟਰਲ ਹਰਸਿਮਰਤ ਸਿੰਘ ਛੇਤਰਾ ਨੇ ਕੀਤੀ ਹੈ। ਥਾਣਾ ਰਾਮਾ ਮੰਡੀ ਦੇ ਮੁਖੀ ਇੰਸਪੈਕਟਰ ਸੁਲੱਖਣ ਸਿੰਘ ਬਾਜਵਾ ਨੇ ਕਿਹਾ ਹੈ ਕਿ ਫਰਾਰ ਮੁਲਜ਼ਮ ਅਮਨਦੀਪ ਦੀ ਗ੍ਰਿਫਤਾਰੀ ਲਈ ਪੁਲਸ ਛਾਪੇਮਾਰੀ ਕਰ ਰਹੀ ਹੈ।

ਪੁਲਸ ਦੇ ਮੁਤਾਬਕ ਸ਼ਿਕਾਇਤਕਰਤਾ ਚੁਗਿੱਟੀ ਵਾਸੀ ਹਰਸ਼ ਕੁਮਾਰ ਨੇ ਆਪਣੀ ਸ਼ਿਕਾਇਤ ਵਿਚ ਕਿਹਾ ਸੀ ਕਿ ਮੁਲਜ਼ਮ ਅਮਨਦੀਪ ਨੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਉਸ ਨਾਲ ਠੱਗੀ ਮਾਰੀ ਹੈ। ਉਸ ਨੇ ਦੱਸਿਆ ਕਿ ਅਮਨਦੀਪ ਨੇ ਉਸ ਨੂੰ ਕੈਨੇਡਾ ਭੇਜਣ ਅਤੇ ਵੈਨਕੂਵਰ ਦੀ ਗੋਲਡਮੈਨ ਕੰਪਨੀ ’ਚ ਪੱਕੀ ਨੌਕਰੀ ਦਿਵਾਉਣ ਦੇ ਬਦਲੇ 18 ਲੱਖ ਰੁਪਏ ਮੰਗੇ ਸਨ, ਜਿਸ ’ਚੋਂ ਉਸ ਨੇ ਅਮਨਦੀਪ ਨੂੰ 5 ਲੱਖ 62 ਹਜ਼ਾਰ ਰੁਪਏ ਦੇ ਦਿੱਤੇ ਸਨ ਅਤੇ ਬਾਕੀ ਦੇ 12 ਲੱਖ 38 ਹਜ਼ਾਰ ਰੁਪਏ ਕੈਨੇਡਾ ਦਾ ਵੀਜ਼ਾ ਅਤੇ ਨੌਕਰੀ ਲੱਗਣ ’ਤੇ ਦੇਣੇ ਸਨ।

ਸ਼ਿਕਾਇਤਕਰਤਾ ਨੇ ਦੱਸਿਆ ਕਿ ਜਦੋਂ ਕਾਫੀ ਸਮਾਂ ਬੀਤ ਜਾਣ ਤੋਂ ਬਾਅਦ ਵੀ ਮੁਲਜ਼ਮ ਵੱਲੋਂ ਉਸ ਦਾ ਕੈਨੇਡਾ ਦਾ ਵੀਜ਼ਾ ਨਹੀਂ ਲਗਵਾਇਆ ਗਿਆ ਤਾਂ ਉਸ ਨੂੰ ਲੱਗਾ ਕਿ ਉਸ ਦੇ ਨਾਲ ਧੋਖਾਦੇਹੀ ਹੋਈ ਹੈ, ਜਿਸ ਤੋਂ ਬਾਅਦ ਉਸ ਨੇ ਅਮਨਦੀਪ ਨੂੰ ਆਪਣੇ ਪੈਸੇ ਅਤੇ ਪਾਸਪੋਰਟ ਸਮੇਤ ਹੋਰ ਦਿੱਤੇ ਹੋਏ ਦਸਤਾਵੇਜ਼ ਵਾਪਸ ਮੰਗੇ ਤਾਂ ਉਹ ਉਨ੍ਹਾਂ ਦੇਣ ’ਚ ਆਨਾਕਾਨੀ ਕਰਨ ਲੱਗ ਪਿਆ। ਏ. ਸੀ. ਪੀ. ਹਰਸਿਮਰਤ ਸਿੰਘ ਛੇਤਰਾ ਨੇ ਕਿਹਾ ਕਿ ਪੁਲਸ ਨੇ ਆਪਣੀ ਜਾਂਚ ਰਿਪੋਰਟ ਡੀ. ਏ. ਲੀਗਲ ਨੂੰ ਭੇਜੀ ਅਤੇ ਉਨ੍ਹਾਂ ਦੀ ਰਿਪੋਰਟ ਆਉਣ ਤੋਂ ਬਾਅਦ ਮੁਲਜ਼ਮ ਅਮਨਦੀਪ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਸ਼ਿਕਾਇਤਕਰਤਾ ਨੇ ਮੁਲਜ਼ਮ ਦੇ ਜਿਹੜੇ ਪਰਿਵਾਰਕ ਮੈਂਬਰਾਂ ਦੇ ਨਾਂ ਆਪਣੀ ਸ਼ਿਕਾਇਤ ’ਚ ਲਿਖਵਾਏ ਹਨ, ਦੀ ਵੀ ਪੁਲਸ ਵੱਲੋਂ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।


Manoj

Content Editor

Related News