ਥਾਣਾ ਕਰਤਾਰਪੁਰ ਦੇ ਮਾਲਖਾਨੇ ''ਚੋਂ 32 ਬੋਰ ਦਾ ਵੈਪਨ ਗਾਇਬ, ਮੁਨਸ਼ੀ ''ਤੇ ਕੇਸ ਦਰਜ

01/23/2020 2:10:45 PM

ਜਲੰਧਰ (ਕਮਲੇਸ਼, ਵਰਿੰਦਰ)— ਥਾਣਾ ਕਰਤਾਰਪੁਰ ਦੇ ਮਾਲਖਾਨੇ 'ਚੋਂ ਸ਼ੱਕੀ ਹਾਲਾਤ 'ਚ 32 ਬੋਰ ਦਾ ਵੈਪਨ ਗਾਇਬ ਹੋ ਗਿਆ। ਮਾਮਲਾ ਪੁਲਸ ਅਧਿਕਾਰੀਆਂ ਤੱਕ ਪਹੁੰਚਿਆ ਤਾਂ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ, ਜਿਸ ਤੋਂ ਬਾਅਦ ਅਧਿਕਾਰੀਆਂ ਨੇ ਮੁਨਸ਼ੀ ਦੇ ਰਜਿਸਟਰ ਚੈੱਕ ਕੀਤੇ ਤਾਂ ਉਸ 'ਚ ਵੀ ਕਾਫੀ ਬੇਨਿਯਮੀਆਂ ਪਾਈਆਂ ਗਈਆਂ, ਜਿਸ ਤੋਂ ਬਾਅਦ ਥਾਣੇ ਦੇ ਮੁਨਸ਼ੀ 'ਤੇ ਧਾਰਾ 409 ਆਈ. ਪੀ. ਸੀ. ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਫਿਲਹਾਲ ਮੁਨਸ਼ੀ ਫਰਾਰ ਹੈ।

ਬਲਬੀਰ ਸਿੰਘ ਨਾਂ ਦੇ ਵਿਅਕਤੀ ਨੇ ਪੰਚਾਇਤੀ ਚੋਣਾਂ ਹੋਣ ਕਾਰਣ ਥਾਣੇ ਵਿਚ 12 ਬੋਰ ਅਤੇ 32 ਬੋਰ ਦੇ ਵੈਪਨ ਜਮ੍ਹਾ ਕਰਵਾਏ ਸਨ। ਚੋਣਾਂ ਖਤਮ ਹੋਣ ਤੋਂ ਬਾਅਦ ਉਸ ਨੇ 12 ਬੋਰ ਦਾ ਵੈਪਨ ਤਾਂ ਥਾਣੇ ਵਿਚੋਂ ਲੈ ਲਿਆ ਪਰ 32 ਬੋਰ ਦਾ ਵੈਪਨ ਥਾਣੇ ਦੇ ਮਾਲਖਾਨੇ ਵਿਚ ਹੀ ਸੀ। ਬਲਬੀਰ ਸਿੰਘ ਜਦੋਂ 32 ਬੋਰ ਦਾ ਵੈਪਨ ਥਾਣੇ ਲੈਣ ਗਿਆ ਤਾਂ ਮੁਨਸ਼ੀ ਕੁਲਵਿੰਦਰ ਸਿੰਘ ਨੇ ਟਾਲ-ਮਟੋਲ ਕਰਦਿਆਂ ਕੁਝ ਿਦਨਾਂ ਬਾਅਦ ਆਉਣ ਲਈ ਕਿਹਾ। ਕਈ ਦਿਨ ਬੀਤ ਜਾਣ ਤੋਂ ਬਾਅਦ ਉਹ ਥਾਣੇ ਪਹੁੰਚਿਆ ਤਾਂ ਮੁਨਸ਼ੀ ਨੇ ਕਿਹਾ ਕਿ ਮਾਲਖਾਨੇ 'ਚ ਵੈਪਨ ਕਿਤੇ ਰੱਖਿਆ ਗਿਆ ਹੈ, ਜੋ ਮਿਲ ਨਹੀਂ ਰਿਹਾ ਅਤੇ ਜਲਦੀ ਹੀ ਉਸ ਨੂੰ ਮੋੜ ਦਿੱਤਾ ਜਾਵੇਗਾ। 

ਬਲਬੀਰ ਦੁਬਾਰਾ ਥਾਣੇ ਆਇਆ ਪਰ ਉਸ ਨੂੰ ਸਹੀ ਜਵਾਬ ਨਹੀਂ ਮਿਲਿਆ। ਜਿਸ ਤੋ ਂ ਬਾਅਦ ਬਲਬੀਰ ਸਿੰਘ ਨੇ ਪੁਲਸ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ। ਥਾਣਾ ਕਰਤਾਰਪੁਰ ਦੇ ਇੰਚਾਰਜ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤਾਂ ਮੁਨਸ਼ੀ ਦੀ ਅਗਵਾਈ ਵਿਚ ਮੇਨਟੇਨ ਹੋਣ ਵਾਲੇ ਰਜਿਸਟਰ ਵਿਚ ਵੀ ਬੇਨਿਯਮੀਆਂ ਮਿਲੀਆਂ। ਰਜਿਸਟਰ ਵਿਚ ਕਾਫੀ ਥਾਵਾਂ 'ਤੇ ਸਪੇਸ ਛੱਡੀ ਗਈ ਸੀ। ਥਾਣਾ ਇੰਚਾਰਜ ਨੇ ਸਾਰੀ ਰਿਪੋਰਟ ਬਣਾ ਕੇ ਅਧਿਕਾਰੀਆਂ ਅੱਗੇ ਪੇਸ਼ ਕੀਤੀ, ਜਿਸ ਤੋਂ ਬਾਅਦ ਮੁਨਸ਼ੀ ਕੁਲਵਿੰਦਰ ਸਿੰਘ ਖਿਲਾਫ ਉਸਦੇ ਥਾਣੇ ਵਿਚ ਹੀ ਧਾਰਾ 409 ਤਹਿਤ ਕੇਸ ਦਰਜ ਕਰ ਲਿਆ ਗਿਆ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਫਿਲਹਾਲ ਮੁਲਜ਼ਮ ਮੁਨਸ਼ੀ ਕੁਲਵਿੰਦਰ ਸਿੰਘ ਫਰਾਰ ਹੈ। ਗਾਇਬ ਹੋਇਆ ਵੈਪਨ ਵੀ ਅਜੇ ਨਹੀਂ ਮਿਲਿਆ।


shivani attri

Content Editor

Related News