ਵਾਲੀਆਂ ਤੇ ਚੇਨੀਆਂ ਖੋਹਣ ਵਾਲੇ 3 ਲੁਟੇਰੇ ਕਾਬੂ

Sunday, Jan 12, 2020 - 02:12 PM (IST)

ਵਾਲੀਆਂ ਤੇ ਚੇਨੀਆਂ ਖੋਹਣ ਵਾਲੇ 3 ਲੁਟੇਰੇ ਕਾਬੂ

ਹੁਸ਼ਿਆਰਪੁਰ (ਅਸ਼ਵਨੀ)— ਪਿਛਲੇ ਕੁਝ ਦਿਨਾਂ ਤੋਂ ਸ਼ਹਿਰ ਵਿਚ ਔਰਤਾਂ ਕੋਲੋਂ ਪਰਸ ਅਤੇ ਵਾਲੀਆਂ ਖੋਹਣ ਵਾਲੇ ਲੁਟੇਰਿਆਂ ਤੱਕ ਆਖਿਰ ਪੁਲਸ ਪਹੁੰਚ ਹੀ ਗਈ ਹੈ। ਪੁਲਸ ਹੈੱਡਕੁਆਰਟਰ ਅਧਿਕਾਰੀ ਪਰਮਿੰਦਰ ਸਿੰਘ ਹੀਰ ਨੇ ਬੀਤੀ ਸ਼ਾਮ ਪੱਤਰਕਾਰ ਸੰਮੇਲਨ 'ਚ ਕਿਹਾ ਕਿ ਨਗਰ 'ਚ ਚੇਨੀਆਂ ਅਤੇ ਵਾਲੀਆਂ ਲੁੱਟਣ ਵਾਲੇ ਲੁਟੇਰਿਆਂ ਦੀ ਗ੍ਰਿਫਤਾਰੀ ਲਈ ਜ਼ਿਲਾ ਪੁਲਸ ਮੁਖੀ ਗੌਰਵ ਗਰਗ ਦੇ ਹੁਕਮ 'ਤੇ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਸੀ। ਡੀ. ਐੱਸ. ਪੀ. (ਸਿਟੀ) ਜਗਦੀਸ਼ ਅਤਰੀ ਦੀ ਅਗਵਾਈ 'ਚ ਸ਼ੁਰੂ ਇਸ ਮੁਹਿੰਮ ਦੌਰਾਨ ਥਾਣਾ ਸਦਰ ਦੇ ਮੁਖੀ ਸਬ-ਇੰਸਪੈਕਟਰ ਗਗਨਦੀਪ ਸਿੰਘ ਸੇਖੋਂ ਅਤੇ ਐੱਸ. ਆਈ. ਅਜੀਤ ਸਿੰਘ ਨੇ ਪਿੰਡ ਛਾਉਣੀ ਕਲਾਂ ਵਿਚ ਵਿਸ਼ੇਸ਼ ਨਾਕਾਬੰਦੀ ਦੌਰਾਨ ਇਕ ਪਲੈਟਿਨਾ ਮੋਟਰਸਾਈਕਲ 'ਤੇ ਸਵਾਰ 3 ਨੌਜਵਾਨਾਂ ਵਰਿੰਦਰ ਕੁਮਾਰ ਉਰਫ ਬੰਟੀ ਪੁੱਤਰ ਤਰਸੇਮ ਲਾਲ ਨਿਵਾਸੀ ਬੂਥਗੜ੍ਹ ਦੀ ਤਲਾਸ਼ੀ ਲੈਣ 'ਤੇ ਉਸ ਕੋਲੋਂ 135 ਗ੍ਰਾਮ ਨਸ਼ੇ ਵਾਲਾ ਪਾਊਡਰ ਬਰਾਮਦ ਕੀਤਾ। ਉਸ ਦੇ ਸਾਥੀ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਇੰਦਰਜੀਤ ਸਿੰਘ ਨਿਵਾਸੀ ਪਿੰਡ ਬੋਹਣ ਦੇ ਕਬਜ਼ੇ 'ਚੋਂ 125 ਗ੍ਰਾਮ ਨਸ਼ੇ ਵਾਲਾ ਪਾਊਡਰ ਬਰਾਮਦ ਕੀਤਾ ਗਿਆ। ਮੋਟਰਸਾਈਕਲ ਹਰਵਿੰਦਰ ਕੁਮਾਰ ਪੁੱਤਰ ਨਰੇਸ਼ ਕੁਮਾਰ ਨਿਵਾਸੀ ਪਿੰਡ ਬੋਹਣ ਚਲਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਤਿੰਨਾਂ ਦੋਸ਼ੀਆਂ ਕੋਲੋਂ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਮੰਨਿਆ ਕਿ ਇਹ ਮੋਟਰਸਾਈਕਲ ਮਾਹਿਲਪੁਰ ਤੋਂ ਚੋਰੀ ਕੀਤਾ ਸੀ।

ਦੋਸ਼ੀਆਂ ਨੇ ਪੁਲਸ ਨੂੰ ਦੱਸਿਆ ਕਿ ਉਕਤ ਮੋਟਰਸਾਈਕਲ 'ਤੇ ਸਵਾਰ ਹੋ ਕੇ ਸ਼ਹਿਰ ਦੇ ਬੂਲਾਂਬਾੜੀ ਚੌਕ 'ਚ ਪੈਦਲ ਜਾ ਰਹੀ ਇਕ ਔਰਤ ਦੇ ਕੰਨਾਂ ਦੀਆਂ ਵਾਲੀਆਂ ਝਪਟੀਆਂ ਸਨ। ਇਸ ਤੋਂ ਬਾਅਦ ਪਿੰਡ ਕੱਕੋਂ ਦੀ ਨਹਿਰ 'ਤੇ ਜਾ ਰਹੀ ਇਕ ਹੋਰ ਔਰਤ ਦੀਆਂ ਵਾਲੀਆਂ ਵੀ ਝਪਟੀਆਂ ਸਨ। ਲੁਟੇਰਿਆਂ ਨੇ ਇਹ ਵੀ ਦੱਸਿਆ ਕਿ 5 ਜਨਵਰੀ ਨੂੰ ਉਨ੍ਹਾਂ ਤਿੰਨਾਂ ਨੇ ਮਿਲ ਕੇ ਮਾਹਿਲਪੁਰ-ਜੇਜੋਂ ਸੜਕ 'ਤੇ ਇਕ ਹੋਰ ਔਰਤ ਦੀਆਂ ਵਾਲੀਆਂ ਝਪਟੀਆਂ ਸਨ। ਸ਼੍ਰੀ ਹੀਰ ਨੇ ਦੱਸਿਆ ਕਿ ਦੋਸ਼ੀਆਂ ਨੇ ਲੁੱਟੀਆਂ ਵਾਲੀਆਂ ਅਤੇ ਹੋਰ ਗਹਿਣੇ ਚੱਬੇਵਾਲ 'ਚ ਵਿਪਨ ਕੁਮਾਰ ਪੁੱਤਰ ਅਸ਼ੋਕ ਕੁਮਾਰ ਨਿਵਾਸੀ ਮੁਹੱਲਾ ਕਮਾਲਪੁਰ, ਹੁਸ਼ਿਆਰਪੁਰ ਅਤੇ ਗੌਰਵ ਚੱਢਾ ਪੁੱਤਰ ਸ਼ਿਵ ਕੁਮਾਰ ਚੱਢਾ ਨਿਵਾਸੀ ਪਿੰਡ ਚੱਬੇਵਾਲ, ਜੋ ਪਿੰਡ ਚੱਬੇਵਾਲ ਵਿਚ ਸੁਨਿਆਰ ਦੀ ਦੁਕਾਨ ਕਰਦੇ ਹਨ, ਨੂੰ ਵੇਚੇ ਸਨ। ਉਨ੍ਹਾਂ ਨੇ ਦੱਸਿਆ ਕਿ ਪੁਲਸ ਨੇ ਤਿੰਨਾਂ ਦੋਸ਼ੀਆਂ ਤੋਂ ਇਲਾਵਾ ਦੋਵਾਂ ਸੁਨਿਆਰਿਆਂ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ।

ਕੁਝ ਦਿਨ ਪਹਿਲਾਂ ਹੀ ਸਜ਼ਾ ਕੱਟ ਕੇ ਆਇਆ ਸੀ ਜੇਲ 'ਚੋਂ ਬਾਹਰ
ਐੱਸ. ਪੀ. ਨੇ ਦੱਸਿਆ ਕਿ ਇਕ ਦੋਸ਼ੀ ਵਰਿੰਦਰ ਕੁਮਾਰ ਉਰਫ ਬੰਟੀ 12 ਦਸੰਬਰ 2019 ਨੂੰ 2 ਸਾਲ ਦੀ ਸਜ਼ਾ ਕੱਟ ਕੇ ਸੈਂਟਰਲ ਜੇਲ ਹੁਸ਼ਿਆਰਪੁਰ ਤੋਂ ਬਾਹਰ ਆਇਆ ਸੀ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਦੀ ਪਛਾਣ ਸ਼ਹਿਰ ਵਿਚ ਲਾਏ ਗਏ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਤੋਂ ਵੀ ਹੋਈ।

ਇਹ ਹੋਈ ਬਰਾਮਦਗੀ
ਗ੍ਰਿਫਤਾਰ ਲੁਟੇਰਿਆਂ ਕੋਲੋਂ ਚੋਰੀ ਕੀਤਾ ਪਲੈਟਿਨਾ ਮੋਟਰਸਾਈਕਲ ਅਤੇ 5 ਸੋਨੇ ਦੀਆਂ ਵਾਲੀਆਂ ਬਰਾਮਦ ਕਰ ਲਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ 5 ਗ੍ਰਿਫਤਾਰ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਪੁੱਛਗਿੱਛ ਲਈ ਉਨ੍ਹਾਂ ਦਾ ਰਿਮਾਂਡ ਮੰਗਿਆ ਜਾਵੇਗਾ।

ਪਹਿਲਾਂ ਵੀ ਦਰਜ ਹਨ ਮਾਮਲੇ
ਪੱਤਰਕਾਰ ਸੰਮੇਲਨ 'ਚ ਇਹ ਜਾਣਕਾਰੀ ਦਿੱਤੀ ਗਈ ਕਿ ਵਰਿੰਦਰ ਕੁਮਾਰ ਉਰਫ ਬੰਟੀ ਵਿਰੁੱਧ ਥਾਣਾ ਸਿਟੀ ਹੁਸ਼ਿਆਰਪੁਰ 'ਚ 5 ਨਵੰਬਰ 2012 ਨੂੰ ਧਾਰਾ 382, 379, 482, 411-34 ਅਧੀਨ ਮਾਮਲਾ ਦਰਜ ਕੀਤਾ ਗਿਆ ਸੀ। ਧਾਰਾ 376-ਜੀ, 365, 366, 384, 342, 506 ਅਧੀਨ 19 ਅਗਸਤ 2013 ਨੂੰ ਥਾਣਾ ਸਦਰ ਕਪੂਰਥਲਾ ਵਿਚ ਮਾਮਲਾ ਦਰਜ ਕੀਤਾ ਗਿਆ ਸੀ। 3 ਨਵੰਬਰ 2017 ਨੂੰ ਧਾਰਾ 379 ਅਤੇ 411 ਅਧੀਨ ਥਾਣਾ ਮਾਹਿਲਪੁਰ ਅਤੇ ਇਨ੍ਹਾਂ ਹੀ ਧਾਰਾਵਾਂ ਅਧੀਨ ਥਾਣਾ ਟਾਂਡਾ ਵਿਚ 13 ਅਪ੍ਰੈਲ 2019 ਨੂੰ ਕੇਸ ਦਰਜ ਕੀਤਾ ਗਿਆ ਸੀ। ਇਸ ਮੌਕੇ ਡੀ. ਐੱਸ. ਪੀ. (ਸਿਟੀ) ਜਗਦੀਸ਼ ਅਤਰੀ, ਡੀ. ਐੱਸ. ਪੀ. ਦਸੂਹਾ ਉਪ ਮੰਡਲ ਅਨਿਲ ਭਨੋਟ ਅਤੇ ਥਾਣਾ ਸਦਰ ਦੇ ਮੁਖੀ ਸਬ-ਇੰਸਪੈਕਟਰ ਗਗਨਦੀਪ ਸਿੰਘ ਸੇਖੋਂ ਵੀ ਮੌਜੂਦ ਸਨ।


author

shivani attri

Content Editor

Related News