ਲੁਟੇਰਾ ਗਿਰੋਹ ਦਾ ਪਰਦਾਫ਼ਾਸ਼: 2 ਲੁਟੇਰੇ ਨਾਜਾਇਜ਼ ਹਥਿਆਰ ਤੇ ਖੋਹੀ ਕਾਰ ਸਣੇ ਗ੍ਰਿਫ਼ਤਾਰ
Sunday, Jan 21, 2024 - 05:34 PM (IST)
ਕਪੂਰਥਲਾ (ਮਹਾਜਨ/ਭੂਸ਼ਣ/ਮਲਹੋਤਰਾ)-ਕਪੂਰਥਲਾ ਪੁਲਸ ਨੇ ਕਤਲ, ਲੁੱਟਾਂਖੋਹਾਂ, ਵ੍ਹੀਕਲ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦਾ ਪਰਦਾਫ਼ਾਸ਼ ਕਰਕੇ 2 ਨੌਜਵਾਨਾਂ ਨੂੰ ਨਾਜਾਇਜ਼ ਹਥਿਆਰਾਂ ਅਤੇ ਖੋਹ ਕੀਤੀ ਕਾਰ ਨਾਲ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਕਪੂਰਥਲਾ ਵਤਸਲਾ ਗੁਪਤਾ ਨੇ ਦੱਸਿਆ ਕਿ ਜ਼ਿਲ੍ਹਾ ਪੁਲਸ ਨੇ ਲੁੱਟਾਂਖੋਹਾਂ ਦੀ ਰੋਕਥਾਮ ਵਿਰੁੱਧ ਛੇੜੀ ਮੁਹਿੰਮ ਤਹਿਤ ਐੱਸ. ਡੀ. (ਡੀ) ਰਮਨਿੰਦਰ ਸਿੰਘ ਅਤੇ ਡੀ. ਐੱਸ. ਪੀ. (ਡੀ) ਗੁਰਮੀਤ ਸਿੰਘ ਦੀਆਂ ਹਦਾਇਤਾਂ ਅਨੁਸਾਰ ਸੀ. ਆਈ. ਏ. ਸਟਾਫ਼ ਕਪੂਰਥਲਾ ਦੇ ਇੰਚਾਰਜ ਇੰਸਪੈਕਟਰ ਜਰਨੈਲ ਸਿੰਘ ਦੀ ਨਿਗਰਾਨੀ ਹੇਠ ਪੁਲਸ ਪਾਰਟੀ ਦੇ ਔਜਲਾ ਫਾਟਕ ਨੇੜੇ ਨਾਕਾਬੰਦੀ ਕਰਕੇ ਮੱਥੂ ਮੁਰਾਰੀ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਸ਼ਾਹਬਾਜ਼ਪੁਰ ਥਾਣਾ ਸਦਰ ਤਰਨਤਾਰਨ ਜ਼ਿਲ੍ਹਾ ਤਰਨਤਾਰਨ, ਗੁਰਪ੍ਰੀਤ ਸਿੰਘ ਉਰਫ਼ ਗੋਰਾ ਪੁੱਤਰ ਲੇਟ ਕਾਰਜ ਸਿੰਘ ਵਾਸੀ ਗੱਟਾ ਬਾਦਸ਼ਾਹ ਬਸਤੀ ਲਾਲ ਸਿੰਘ ਥਾਣਾ ਮੱਖੂ ਜ਼ਿਲ੍ਹਾ ਫਿਰੋਜ਼ਪੁਰ ਨੂੰ ਖੋਹ ਕੀਤੀ ਕਾਰ ਨਾਲ ਕਾਬੂ ਕਰਕੇ ਤਲਾਸ਼ੀ ਕਰਨ ’ਤੇ ਮੱਥੂ ਮੁਰਾਰੀ ਸਿੰਘ ਪਾਸੋਂ ਇਕ ਪਿਸਟਲ 9 ਐੱਮ. ਐੱਮ., 2 ਜ਼ਿੰਦਾ ਰੋਂਦ ਤੇ ਗੁਰਪ੍ਰੀਤ ਸਿੰਘ ਉਰਫ਼ ਗੋਰਾ ਉਕਤ ਪਾਸੋਂ ਇਕ ਦੇਸੀ ਪਿਸਤੌਲ 12 ਬੋਰ ਤੇ 2 ਜ਼ਿੰਦਾ ਰੌਂਦ ਬਰਾਮਦ ਕੀਤੇ, ਜਿਸ ’ਤੇ ਮੁਲਜ਼ਮਾਂ ਖਿਲਾਫ ਥਾਣਾ ਸਿਟੀ ਕਪੂਰਥਲਾ ਵਿਖੇ ਮਾਮਲਾ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ : ਜਲੰਧਰ 'ਚ ਹੋਏ ਐਨਕਾਊਂਟਰ ਨੂੰ ਲੈ ਕੇ ਮੁਲਜ਼ਮਾਂ ਬਾਰੇ ਵੱਡਾ ਖ਼ੁਲਾਸਾ, ਮੂਸੇਵਾਲਾ ਕਤਲ ਕਾਂਡ ਨਾਲ ਜੁੜੇ ਤਾਰ
ਗ੍ਰਿਫ਼ਤਾਰ ਕੀਤੇ ਨੌਜਵਾਨਾਂ ਤੋਂ ਪੁੱਛਗਿੱਛ ’ਤੇ ਪਾਇਆ ਗਿਆ ਕਿ ਮੱਥੂ ਮੁਰਾਰੀ ਸਿੰਘ, ਗੁਰਪ੍ਰੀਤ ਸਿੰਘ ਉਰਫ ਗੋਰਾ ਤੇ ਸੇਵਕ ਸਿੰਘ ਉਰਫ ਮਹਿਕ ਪੁੱਤਰ ਕਰਤਾਰ ਸਿੰਘ ਵਾਸੀ ਨੇੜੇ ਸਰਕਾਰੀ ਸਕੂਲ ਹਰੀਕੇ ਜ਼ਿਲ੍ਹਾ ਤਰਨਤਾਰਨ ਨੇ ਮਿਲ ਕੇ ਇਕ ਗੈਂਗ ਬਣਾਇਆ ਹੋਇਆ ਹੈ, ਜਿਨ੍ਹਾਂ ਨੇ ਪਿਸਤੌਲਾਂ ਦੀ ਨੋਕ ’ਤੇ ਮਾਘੀ ਵਾਲੇ ਦਿਨ ਇਕ ਕਾਰ ਜੰਡਿਆਲਾ ਗੁਰੂ ਤੋਂ ਖੋਹ ਕੀਤੀ ਸੀ, ਜਿਸ ਸਬੰਧੀ 25 ਅਸਲਾ ਐਕਟ ਤਹਿਤ ਥਾਣਾ ਜੰਡਿਆਲਾ ਜ਼ਿਲਾ ਅੰਮ੍ਰਿਤਸਰ ਵਿਖੇ ਮਾਮਲਾ ਦਰਜ ਹੈ। ਇਸ ਤੋਂ ਇਲਾਵਾ ਇਨ੍ਹਾਂ ਤਿੰਨਾਂ ਨੇ ਮਿਲ ਕੇ ਬੰਗਾ ਰੋਡ ਫਗਵਾੜਾ ਤੋਂ ਪਿਸਤੌਲ ਦੀ ਨੋਕ ’ਤੇ ਠੇਕਾ ਸ਼ਰਾਬ ਤੋਂ 41 ਹਜ਼ਾਰ ਰੁਪਏ ਭਾਰਤੀ ਕਰੰਸੀ ਅਤੇ 9 ਬੋਤਲਾਂ ਸ਼ਰਾਬ ਮਾਰਕਾ ਜੇਮਸਨ ਖੋਹ ਕੀਤੀਆਂ ਸਨ, ਜਿਸ ਸਬੰਧੀ ਥਾਣਾ ਸਿਟੀ ਫਗਵਾੜਾ ਵਿਖੇ ਕੇਸ ਦਰਜ ਹੈ।
ਇਸ ਤੋਂ ਇਲਾਵਾ ਇਨ੍ਹਾਂ ਤਿੰਨਾਂ ਨੇ ਮਿਲ ਕੇ ਵਿਜੇ ਸਰਵਿਸ ਸੈਂਟਰ ਪੈਟਰੋਲ ਪੰਪ ਕਾਲਾ ਸੰਘਿਆ ਤੋਂ ਪਿਸਤੌਲ ਦੀ ਨੋਕ ’ਤੇ 10 ਹਜ਼ਾਰ ਰੁਪਏ ਦੀ ਖੋਹ ਕੀਤੀ ਸੀ, ਜਿਸ ਸਬੰਧੀ ਥਾਣਾ ਸਦਰ ਕਪੂਰਥਲਾ ਵਿਖੇ ਮਾਮਲਾ ਦਰਜ ਹੈ ਅਤੇ ਇਨ੍ਹਾਂ ਤਿੰਨਾਂ ਨੇ ਮਿਲ ਕੇ ਪਿੰਡ ਰੂਪੇਵਾਲ ਜ਼ਿਲਾ ਜਲੰਧਰ ਤੋਂ ਰੂਪੇਵਾਲ ਪੂਨੀ ਸਵੀਟ ਸ਼ਾਪ ’ਤੇ ਖੋਹ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਦਾ ਵਿਰੋਧ ਕਰਨ ’ਤੇ ਇਨ੍ਹਾਂ ਵੱਲੋਂ ਦੁਕਾਨਦਾਰ ’ਤੇ ਮਾਰ ਦੇਣ ਦੀ ਨੀਅਤ ਨਾਲ ਫਾਇਰ ਕੀਤਾ ਗਿਆ, ਜਿਸ ਸਬੰਧੀ ਥਾਣਾ ਸ਼ਾਹਕੋਟ ਜ਼ਿਲਾ ਜਲੰਧਰ ਵਿਖੇ ਮਾਮਲਾ ਦਰਜ ਹੈ।
ਇਹ ਵੀ ਪੜ੍ਹੋ : ਜਲੰਧਰ 'ਚ ਭਲਕੇ ਪਾਸਪੋਰਟ ਦਫ਼ਤਰਾਂ 'ਚ ਰਹੇਗੀ ਅੱਧੇ ਦਿਨ ਦੀ ਛੁੱਟੀ, ਦੋਬਾਰਾ ਲੈਣੀ ਹੋਵੇਗੀ ਅਪਾਇੰਟਮੈਂਟ
ਇਸ ਤੋਂ ਇਲਾਵਾ ਇਨ੍ਹਾਂ ਸਾਰਿਆਂ ਨੇ ਮਿਲ ਕੇ ਬੀਤੇ ਦਿਨ ਗਲਾਲੀਪੁਰ ਥਾਣਾ ਸਦਰ ਤਰਨਤਾਰਨ ਜ਼ਿਲ੍ਹਾ ਤਰਨਤਾਰਨ ਵਿਖੇ ਸੁਖਪ੍ਰੀਤ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਹਰੀਕੇ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ, ਜਿਸ ਸਬੰਧੀ ਥਾਣਾ ਸਦਰ ਤਰਨਤਾਰਨ ਵਿਖੇ ਮਾਮਾਲ ਦਰਜ ਹੈ। ਗ੍ਰਿਫ਼ਤਾਰ ਕੀਤੇ ਨੌਜਵਾਨਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਦੇ ਬਾਕੀ ਸਾਥੀਆਂ ਦੀ ਭਾਲ ਕੀਤੀ ਜਾ ਰਹੀ ਹੈ, ਜਿਸ ਨੂੰ ਵੀ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ। ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਕਪੂਰਥਲਾ ਵਤਸਲਾ ਗੁਪਤਾ ਨੇ ਦੱਸਿਆ ਕਿ ਇਸ ਗਿਰੋਹ ਨੇ ਤਰਨਤਾਰਨ, ਅੰਮ੍ਰਿਤਸਰ ਅਤੇ ਕਪੂਰਥਲਾ ਜ਼ਿਲ੍ਹਿਆਂ ’ਚ ਕਤਲ, ਲੁੱਟਾਂਖੋਹਾਂ ਦੀਆਂ ਵਾਰਦਾਤਾਂ ਨੂੰ ਕਰੀਬ ਇਕ ਹਫ਼ਤੇ ਦੇ ਅੰਦਰ-ਅੰਦਰ ਅੰਜਾਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ’ਚ ਲੁੱਟਖੋਹਾਂ ਕਰਨ ਵਾਲੇ ਅਨਸਰਾਂ ਖ਼ਿਲਾਫ਼ ਮੁਹਿੰਮ ਜਾਰੀ ਰਹੇਗੀ।
ਇਹ ਵੀ ਪੜ੍ਹੋ : ਜਲੰਧਰ: ਨਹਿਰ ਕੋਲੋਂ ਮਿਲੀ ਕੁੜੀ ਦੀ ਲਾਸ਼ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਆਟੋ ਵਾਲੇ ਨੇ ਕਤਲ ਕਰਕੇ ਕੀਤਾ ਜਬਰ-ਜ਼ਿਨਾਹ
'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।