ਵੱਡੀ ਕਾਰਵਾਈ, 6 ਘੰਟੇ ਸਰਚ ਚਲਾ ਸਤਲੁਜ ਦਰਿਆ ’ਚੋਂ ਬਰਾਮਦ ਕੀਤੀ 18,000 ਲਿਟਰ ਦੇਸੀ ਸ਼ਰਾਬ

Wednesday, Apr 24, 2024 - 11:33 AM (IST)

ਵੱਡੀ ਕਾਰਵਾਈ, 6 ਘੰਟੇ ਸਰਚ ਚਲਾ ਸਤਲੁਜ ਦਰਿਆ ’ਚੋਂ ਬਰਾਮਦ ਕੀਤੀ 18,000 ਲਿਟਰ ਦੇਸੀ ਸ਼ਰਾਬ

ਜਲੰਧਰ (ਪੁਨੀਤ)–ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੁਲਸ ਫੋਰਸ ਸਮੇਤ ਵੱਖ-ਵੱਖ ਸਰਕਾਰੀ ਵਿਭਾਗ ਸਰਗਰਮ ਹੋ ਚੁੱਕੇ ਹਨ ਅਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਵਿਸ਼ੇਸ਼ ਹਦਾਇਤਾਂ ’ਤੇ ਨਕਦੀ, ਹਥਿਆਰ, ਨਸ਼ੇ ਅਤੇ ਸ਼ਰਾਬ ਦੇ ਨੈੱਟਵਰਕ ਨੂੰ ਬ੍ਰੇਕ ਕਰਨ ’ਤੇ ਫੋਕਸ ਕੀਤਾ ਜਾ ਰਿਹਾ ਹੈ। ਇਸੇ ਲੜੀ ਵਿਚ ਐਕਸਾਈਜ਼ ਵਿਭਾਗ ਨੇ ਸਤਲੁਜ ਦਰਿਆ ਦੇ ਨਾਲ ਲੱਗਦੇ ਇਲਾਕਿਆਂ ’ਚ ਸਰਚ ਮੁਹਿੰਮ ਚਲਾਉਂਦੇ ਹੋਏ 18,000 ਲਿਟਰ ਲਾਹਣ (ਦੇਸੀ ਸ਼ਰਾਬ) ਬਰਾਮਦ ਕੀਤੀ ਹੈ। ਦੇਸੀ ਸ਼ਰਾਬ ਸਤਲੁਜ ਦਰਿਆ ਦੇ ਪਾਣੀ ਵਿਚ ਤਰਪਾਲ ਦੀਆਂ ਬੋਰੀਆਂ ਵਿਚ ਲੁਕੋ ਕੇ ਰੱਖੀ ਹੋਈ ਸੀ।

ਐਕਸਾਈਜ਼ ਵਿਭਾਗ ਦੇ ਵੈਸਟ ਦੇ ਅਸਿਸਟੈਂਟ ਕਮਿਸ਼ਨਰ ਨਵਜੀਤ ਸਿੰਘ ਦੀ ਅਗਵਾਈ ਵਿਚ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ। ਸਰਚ ਮੁਹਿੰਮ ਦੌਰਾਨ ਅੱਧੀ ਦਰਜਨ ਦੇ ਲਗਭਗ ਅਧਿਕਾਰੀ ਅਤੇ ਵੱਡੀ ਗਿਣਤੀ ਵਿਚ ਵਿਭਾਗੀ ਪੁਲਸ ਫੋਰਸ ਮੌਜੂਦ ਰਹੀ। 15 ਕਿਲੋਮੀਟਰ ਇਲਾਕੇ ਵਿਚ 6 ਘੰਟੇ ਸਰਚ ਮੁਹਿੰਮ ਚਲਾਉਂਦੇ ਹੋਏ ਸ਼ੱਕੀ ਇਲਾਕਿਆਂ ਵਿਚ ਛਾਪੇਮਾਰੀ ਕੀਤੀ ਗਈ।

ਇਹ ਵੀ ਪੜ੍ਹੋ- ਮੁਕੇਰੀਆਂ 'ਚ ਥਾਣੇ ਤੋਂ ਕੁਝ ਹੀ ਦੂਰੀ 'ਤੇ ਵੱਡੀ ਵਾਰਦਾਤ, 30 ਤੋਲੇ ਸੋਨਾ ਤੇ ਲੱਖਾਂ ਦੀ ਨਕਦੀ ਲੁੱਟੀ

PunjabKesari

ਵਿਭਾਗੀ ਅਧਿਕਾਰੀਆਂ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਪਾਣੀ ਵਿਚ ਸ਼ਰਾਬ ਲੁਕੋ ਕੇ ਰੱਖੇ ਜਾਣ ਸਬੰਧੀ ਸੂਚਨਾ ਦੇ ਆਧਾਰ ’ਤੇ ਸਹਿਯੋਗੀ ਸਟਾਫ ਨੂੰ ਪਾਣੀ ਵਿਚ ਉਤਰਨਾ ਪਿਆ। ਇਸ ਨਾਲ ਪਤਾ ਲੱਗਾ ਕਿ ਸ਼ਰਾਬ ਕੱਢਣ ਵਾਲਿਆਂ ਵੱਲੋਂ ਤਰਪਾਲ ਦੇ ਮੋਟੇ ਪਲਾਸਟਿਕ ਵਾਲੇ ਬੈਗਾਂ ਵਿਚ ਸ਼ਰਾਬ ਨੂੰ ਭਰ ਕੇ ਦਰਿਆ ਦੇ ਪਾਣੀ ਵਿਚ ਲੁਕੋ ਕੇ ਰੱਖਿਆ ਗਿਆ ਸੀ। ਮੁਹਿੰਮ ਦੌਰਾਨ ਮੰਡ ਦੇ ਪਿੰਡ ਵੇਹਰਾਂ, ਭੋਡੇ, ਗਦਰੇ, ਬੁਰਜ, ਸੰਗੋਵਾਲ ਸਮੇਤ ਵੱਖ-ਵੱਖ ਇਲਾਕਿਆਂ ਵਿਚ ਸ਼ਰਾਬ ਫੜਨ ਵਿਚ ਸਫਲਤਾ ਮਿਲੀ। ਵਿਭਾਗ ਨੇ 15 ਵੱਡੇ ਤਰਪਾਲ ਬਰਾਮਦ ਕੀਤੇ ਹਨ, ਜਿਨ੍ਹਾਂ ਵਿਚ 18 ਹਜ਼ਾਰ ਲਿਟਰ ਸ਼ਰਾਬ ਦੱਸੀ ਗਈ।

ਇਸ ਮੌਕੇ ਐਕਸਾਈਜ਼ ਆਫਿਸਰ ਸੁਨੀਲ ਗੁਪਤਾ, ਸਾਹਿਲ ਰੰਗਾ, ਸਰਵਣ ਸਿੰਘ ਢਿੱਲੋਂ, ਹਰਪ੍ਰੀਤ ਸਿੰਘ ਸਮੇਤ ਵੱਡੀ ਗਿਣਤੀ ਵਿਚ ਵਿਭਾਗੀ ਪੁਲਸ ਫੋਰਸ ਮੌਜੂਦ ਰਹੀ। ਅਧਿਕਾਰੀਆਂ ਨੇ ਦੱਸਿਆ ਕਿ ਵਿਭਾਗ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਨੇੜਲੇ ਕਈ ਪਿੰਡਾਂ ਵਿਚ ਛਾਣਬੀਣ ਕਰਦੇ ਹੋਏ ਜਾਣਕਾਰੀ ਇਕੱਤਰ ਕੀਤੀ ਹੈ, ਜਿਸ ਦੇ ਆਧਾਰ ’ਤੇ ਆਉਣ ਵਾਲੇ ਦਿਨਾਂ ਵਿਚ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਜਾਵੇਗਾ। ਅਧਿਕਾਰੀਆਂ ਨੇ ਦੱਸਿਆ ਕਿ 15 ਕਿਲੋਮੀਟਰ ਇਲਾਕੇ ਵਿਚ ਚੱਲੀ ਲੰਮੀ ਸਰਚ ਤੋਂ ਬਾਅਦ ਵਿਭਾਗ ਨੂੰ ਲਾਹਣ ਬਰਾਮਦ ਹੋ ਸਕੀ। ਉਨ੍ਹਾਂ ਦੱਸਿਆ ਕਿ ਉਕਤ ਬਰਾਮਦ ਲਾਹਣ ਨੂੰ ਮੌਕੇ ’ਤੇ ਨਸ਼ਟ ਕਰਵਾ ਦਿੱਤਾ ਗਿਆ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, 16 ਸਾਲ ਦੀ ਕੁੜੀ ਨਾਲ ਗੈਂਗਰੇਪ, 8 ਨੌਜਵਾਨਾਂ ਨੇ ਕੀਤੀ ਘਿਨੌਣੀ ਹਰਕਤ

ਚਾਲੂ ਭੱਠੀ ਫੜਨ ਲਈ ਵਿਭਾਗ ਨੇ ਵਿਛਾਇਆ ਜਾਲ
ਐਕਸਾਈਜ਼ ਅਧਿਕਾਰੀਆਂ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਸ਼ੱਕੀ ਇਲਾਕਿਆਂ ਵਿਚ ਛਾਪੇਮਾਰੀ ਕੀਤੀ ਗਈ। ਵਿਭਾਗ ਨੇ ਜਾਲ ਵਿਛਾਇਆ ਸੀ ਤਾਂ ਕਿ ਚਾਲੂ ਭੱਠੀ ਅਤੇ ਸ਼ਰਾਬ ਬਣਾਉਣ ਵਾਲਿਆਂ ਨੂੰ ਵੀ ਫੜਿਆ ਜਾ ਸਕੇ। ਇਸੇ ਕਾਰਨ ਦਰਿਆ ਨੇਡ਼ਲੇ ਖੇਤਾਂ ਵਿਚ ਲੰਮੇ ਸਮੇਂ ਤਕ ਸਰਚ ਕੀਤੀ ਗਈ। ਇਸ ਦੌਰਾਨ ਦਰਿਆ ਦੇ ਅੰਦਰ ਕਈ ਥਾਵਾਂ ’ਤੇ ਵਿਭਾਗ ਨੂੰ ਬਾਂਸ ਨਜ਼ਰ ਆਏ, ਜਿਸ ’ਤੇ ਟੀਮ ਨੇ ਪਾਣੀ ਵਿਚ ਜਾ ਕੇ ਦੇਖਿਆ ਤਾਂ ਉਹ ਹੈਰਾਨ ਰਹਿ ਗਏ। ਉਕਤ ਲੱਕੜੀ ਦੇ ਬਾਂਸ ਦਰਿਆ ਦੇ ਕੰਢਿਆਂ ’ਤੇ ਕਈ ਫੁੱਟ ਹੇਠਾਂ ਦਬਾ ਕੇ ਉਨ੍ਹਾਂ ਦੇ ਨਾਲ ਤਰਪਾਲ ਦੇ ਬੈਗ ਬੰਨ੍ਹੇ ਹੋਏ ਸਨ। ਉਨ੍ਹਾਂ ਦੱਸਿਆ ਕਿ ਬਰਾਮਦ ਕੀਤੇ ਬੈਗਾਂ ਅੰਦਰ ਲਾਹਣ ਲੁਕੋ ਕੇ ਰੱਖੀ ਗਈ ਸੀ। ਸ਼ਰਾਬ ਲੁਕੋਣ ਵਾਲੇ ਇੰਨੇ ਮਾਹਿਰ ਹੋ ਚੁੱਕੇ ਹਨ ਕਿ ਦੂਰੋਂ ਦੇਖਣ ’ਤੇ ਤਰਪਾਲਾਂ ਦਾ ਪਤਾ ਹੀ ਨਹੀਂ ਲੱਗਦਾ। ਕੁਝ-ਕੁਝ ਫੁੱਟ ਦੀ ਦੂਰੀ ’ਤੇ ਇੰਨੀ ਜ਼ਿਆਦਾ ਗਿਣਤੀ ਵਿਚ ਬਾਂਸ ਦੱਬੇ ਦੇਖ ਕੇ ਵਿਭਾਗ ਨੂੰ ਸ਼ੱਕ ਹੋਇਆ, ਜਿਸ ’ਤੇ ਟੀਮਾਂ ਨੇ ਪਾਣੀ ਵਿਚ ਜਾ ਕੇ ਲਾਹਣ ਨੂੰ ਬਰਾਮਦ ਕੀਤਾ।

ਇਹ ਵੀ ਪੜ੍ਹੋ- ਕੁਝ ਸਮਾਂ ਪਹਿਲਾਂ ਵਿਦੇਸ਼ ਤੋਂ ਪਰਤੇ ਨੌਜਵਾਨ ਦੀ ਰੇਲਵੇ ਟਰੈਕ 'ਤੇ ਮਿਲੀ ਲਾਸ਼, ਪਿਤਾ ਨੇ ਖੋਲ੍ਹੇ ਵੱਡੇ ਰਾਜ਼

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News