ਟਾਈਪ-2 ਡਾਇਬਟੀਜ਼ ਨਾਲ ਦਿਲ ਦੀ ਬੀਮਾਰੀ ਦਾ ਖਤਰਾ ਜ਼ਿਆਦਾ
Wednesday, Mar 27, 2019 - 09:21 AM (IST)
ਨਵੀਂ ਦਿੱਲੀ, (ਅਨਸ)- ਸ਼ੂਗਰ ਯਾਨੀ ਡਾਇਬਟੀਜ਼ ਨਾਲ ਪੀੜਤ ਲੋਕਾਂ ਨੂੰ ਦਿਲ ਦੀਆਂ ਬੀਮਾਰੀਆਂ ਨਾਲ ਮੌਤ ਦਾ ਖਤਰਾ ਵੱਧ ਜਾਂਦਾ ਹੈ। ਟਾਈਪ-2 ਡਾਇਬਟੀਜ਼ ਵਾਲੇ ਲੋਕਾਂ ’ਚ ਲਗਭਗ 58 ਫੀਸਦੀ ਮੌਤਾਂ ਦਿਲ ਦੇ ਰੋਗ ਸਬੰਧੀ ਪ੍ਰੇਸ਼ਾਨੀਆਂ ਕਾਰਨ ਹੁੰਦੀਆਂ ਹਨ। ਸ਼ੂਗਰ ਦੇ ਨਾਲ ਜੁੜੇ ਗਲੂਕੋਜ਼ ਦੇ ਉੱਚ ਪੱਧਰ ਨਾਲ ਖੂਨ ਦੀਆਂ ਨਾੜਾਂ ਨੂੰ ਨੁਕਸਾਨ ਪਹੁੰਚਦਾ ਹੈ, ਜਿਸ ਨਾਲ ਬਲੱਡ ਪ੍ਰੈਸ਼ਰ ਅਤੇ ਨਜ਼ਰ, ਜੋੜਾਂ ’ਚ ਦਰਦ ਅਤੇ ਹੋਰ ਪ੍ਰੇਸ਼ਾਨੀਆਂ ਹੋ ਜਾਂਦੀਆਂ ਹਨ।
ਡਾਕਟਰਾਂ ਮੁਤਾਬਕ ਟਾਈਪ-2 ਡਾਇਬਟੀਜ਼ ਆਮ ਤੌਰ ’ਤੇ ਬਾਲਗਾਂ ਨੂੰ ਪ੍ਰਭਾਵਿਤ ਕਰਦੀ ਹੈ ਪਰ ਨੌਜਵਾਨ ਭਾਰਤੀਆਂ ’ਚ ਵੀ ਇਹ ਹੁਣ ਤੇਜ਼ੀ ਨਾਲ ਫੈਲ ਰਹੀ ਹੈ। ਉਹ ਗੁਰਦੇ ਦੀ ਸਮੱਸਿਆ ਅਤੇ ਦਿਲ ਦੇ ਰੋਗਾਂ ਦੇ ਨਾਲ-ਨਾਲ ਹੋਰ ਵੀ ਕਈ ਮੁਸ਼ਕਲਾਂ ਝੱਲ ਰਹੇ ਹਨ। ਪਦਮਸ਼੍ਰੀ ਨਾਲ ਸਨਮਾਨਿਤ ਡਾ. ਕੇ. ਕੇ. ਅਗਰਵਾਲ ਨੇ ਕਿਹਾ ਕਿ ਦੇਸ਼ ’ਚ ਨੌਜਵਾਨਾਂ ਦੇ ਸ਼ੂਗਰ ਨਾਲ ਪੀੜਤ ਹੋਣ ਪਿੱਛੇ ਜੋ ਕਾਰਕ ਜ਼ਿੰਮੇਵਾਰ ਹਨ, ਉਨ੍ਹਾਂ ਵਿਚ ਮੁੱਖ ਹਨ ਪ੍ਰੋਸੈਸਡ ਅਤੇ ਜੰਕ ਫੂਡ ਨਾਲ ਭਰਪੂਰ ਕੈਲੋਰੀ ਵਾਲਾ ਭੋਜਨ ਆਦਿ। ਸਮੇਂ ’ਤੇ ਢੰਗ ਨਾਲ ਜਾਂਚ ਨਾ ਕਰਵਾ ਸਕਣਾ ਅਤੇ ਡਾਕਟਰ ਦੀ ਸਲਾਹ ਮੁਤਾਬਕ ਨਾ ਚੱਲਣਾ ਉਨ੍ਹਾਂ ਲਈ ਹੋਰ ਵੀ ਜੋਖਮ ਭਰਿਆ ਹੋ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਲੋਕਾਂ ’ਚ ਇਕ ਆਮ ਧਾਰਨਾ ਹੈ ਕਿ ਟਾਈਪ-2 ਡਾਇਬਟੀਜ਼ ਵਾਲੇ ਨੌਜਵਾਨਾਂ ਨੂੰ ਇੰਸੁਲਿਨ ਦੀ ਲੋੜ ਨਹੀਂ ਹੁੰਦੀ ਹੈ, ਇਸ ਲਈ ਅਜਿਹਾ ਲੱਗਦਾ ਹੈ ਕਿ ਇਹ ਭਿਆਨਕ ਸਥਿਤੀ ਨਹੀਂ ਹੈ। ਹਾਲਾਂਕਿ, ਅਜਿਹਾ ਸੋਚਣਾ ਗਲਤ ਹੈ। ਇਸ ਸਥਿਤੀ ’ਚ ਤਤਕਾਲ ਇਲਾਜ ਦੀ ਲੋੜ ਹੁੰਦੀ ਹੈ। ਇਸ ਦੇ ਲੱਛਣ ਹੁੰਦੇ ਹਨ ਜਿਵੇਂ ਜ਼ਿਆਦਾ ਪਿਆਸ ਲੱਗਣੀ ਅਤੇ ਵਾਰ-ਵਾਰ ਪਿਸ਼ਾਬ ਆਉਣਾ।
ਡਾ. ਅਗਰਵਾਲ ਨੇ ਦੱਸਿਆ ਕਿ ਜੇਕਰ ਘਰ ਦੇ ਵੱਡੇ ਲੋਕ ਚੰਗੀ ਜੀਵਨ ਸ਼ੈਲੀ ਦਾ ਉਦਾਹਰਣ ਪੇਸ਼ ਕਰਦੇ ਹਨ ਤਾਂ ਇਹ ਨੌਜਵਾਨਾਂ ਲਈ ਵੀ ਪ੍ਰੇਰਣਾਦਾਈ ਹੋਵੇਗਾ। ਇਸ ਤਰ੍ਹਾਂ ਦੇ ਬਦਲਾਅ ਇਕ ਨੌਜਵਾਨ ਨੂੰ ਆਪਣਾ ਭਾਰ ਘੱਟ ਕਰਨ ’ਚ ਮਦਦ ਕਰ ਸਕਦੇ ਹਨ ਜਾਂ ਉਨ੍ਹਾਂ ਨੂੰ ਖਾਣ-ਪੀਣ ਦੇ ਬਿਹਤਰ ਬਦਲ ਲੱਭਣ ’ਚ ਮਦਦ ਕਰ ਸਕਦੇ ਹਨ, ਜਿਸ ਨਾਲ ਟਾਈਪ-2 ਡਾਇਬਟੀਜ਼ ਵਿਕਸਤ ਹੋਣ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ।
