ਚੰਨ ਦੀ ਸੈਰ ਕਰਨਗੇ ਤਾਮਿਲਨਾਡੂ ਦੇ ਵੋਟਰ!

Wednesday, Mar 31, 2021 - 04:28 PM (IST)

ਚੰਨ ਦੀ ਸੈਰ ਕਰਨਗੇ ਤਾਮਿਲਨਾਡੂ ਦੇ ਵੋਟਰ!

ਨਵੀਂ ਦਿੱਲੀ—ਭਾਰਤ 'ਚ ਜਦੋਂ ਵੀ ਇਲੈਕਸ਼ਨਾਂ ਦਾ ਉਤਸਵ ਆਉਂਦਾ ਹੈ ਤਾਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਵਲੋਂ ਕੀਤੇ ਜਾਂਦੇ ਵੱਡੇ-ਵੱਡੇ ਵਾਅਦਿਆਂ ਨੂੰ ਸੁਣ ਕੇ ਮਿਰਜ਼ਾ ਗਾਲ਼ਿਬ ਦਾ ਇਕ ਸ਼ੇਅਰ ਯਾਦ ਆ ਜਾਂਦਾ ਹੈ ਕਿ :
ਤੇਰੇ ਵਾਅਦੇ ਪੇ ਜੀਏ ਹਮ ਤੋ ਯੇਹ ਜਾਨ ਝੂਠ ਜਾਨਾਂ, 
ਕਿ ਖੁਸ਼ੀ ਸੇ ਮਰ ਨਾ ਜਾਤੇ, ਅਗਰ ਐਤਬਾਰ ਹੋਤਾ! 


ਸਿਆਸੀ ਪਾਰਟੀਆਂ ਵਲੋਂ ਲੋਕਾਂ ਨਾਲ ਚੋਣਾਂ ਸਮੇਂ ਜੋ ਵੀ ਵਾਅਦੇ ਕੀਤੇ ਜਾਂਦੇ ਹਨ ਉਨ੍ਹਾਂ 'ਚੋਂ ਅਕਸਰ ਕੁਝ ਕੁ ਲੋਕਾਂ ਵਿਚ ਚਰਚਾ ਦਾ ਵਿਸ਼ਾ ਬਣ ਜਾਂਦੇ ਹਨ। ਭਾਰਤ 'ਚ ਇਕ ਵਾਰ ਫਿਰ ਚਾਰ ਰਾਜਾਂ ਅਤੇ ਇਕ ਕੇਂਦਰ ਸ਼ਾਸ਼ਤ ਪ੍ਰਦੇਸ਼ ਵਿਚ ਅਸੈਂਬਲੀ ਚੋਣਾਂ ਦਾ ਦੰਗਲ ਭਖਿਆ ਹੋਇਆ ਹੈ ਭਾਵੇਂ ਉਕਤ ਚੋਣਾਂ ਨੂੰ ਲੈ ਕੇ ਅੱਜ ਕਲ ਸਭ ਤੋਂ ਵੱਧ ਮੀਡੀਆ ਵਿਚ ਜਿਹੜਾ ਪ੍ਰਦੇਸ਼ ਖਿਚ ਦਾ ਕੇਂਦਰ ਬਣਿਆ ਹੋਇਆ ਹੈ ਉਹ ਮਮਤਾ ਬੈਨਰਜੀ ਵਾਲਾ ਪੱਛਮੀ ਬੰਗਾਲ ਹੈ, ਇਥੇ ਮਮਤਾ ਨੂੰ ਹਰਾਉਣ ਲਈ ਜਿਥੇ ਭਾਜਪਾ ਹਰ ਹਰਬਾ ਅਪਨਾਉਣ 'ਚ ਜੁਟੀ ਹੈ ਉਥੇ ਹੀ ਵਾਮਪੰਥੀ ਅਤੇ ਕਾਂਗਰਸ ਗਠਬੰਧਨ ਵੀ ਆਪਣੀ ਖੋਈ ਜ਼ਮੀਨ ਹਾਸਲ ਕਰਨ ਲਈ ਪੁਰ-ਉਮੀਦ ਹਨ । ਦੂਜੇ ਪਾਸੇ ਇਨ੍ਹਾਂ ਇਲੈਕਸ਼ਨ 'ਚ ਅੱਜ ਕਲ੍ਹ ਤਾਮਿਲਨਾਡੂ ਦੇ ਇਕ ਆਜ਼ਾਦ ਉਮੀਦਵਾਰ ਦੇ ਲੁਭਾਉਣੇ ਵਾਅਦਿਆਂ ਵਾਲੀ ਇਕ ਨਿਊਜ਼ ਲੋਕਾਂ ਲਈ ਇਕ ਵੱਡੀ ਖਿਚ ਦਾ ਕੇਂਦਰ ਬਣੀ ਹੋਈ ਹੈ। 

ਚੰਨ ਦੀ ਸੈਰ ਕਰਵਾਉਣ ਦੇ ਵਾਅਦੇ
ਦਰਅਸਲ ਤਾਮਿਲਨਾਡੂ ਅਸੈਂਬਲੀ ਦੇ ਮਦੁਰਾਇ ਦੱਖਣੀ ਹਲਕੇ ਵਿਚ 12 ਉਮੀਦਵਾਰਾਂ ਦਾ ਮੁਕਾਬਲਾ ਕਰ ਰਹੇ ਇਕ ਆਜ਼ਾਦ ਉਮੀਦਵਾਰ ਤੁਲਮ ਸਰਵਨਨ ਨੇ ਵੋਟਰਾਂ ਨਾਲ ਅਜਿਹੇ ਵਾਅਦੇ ਕੀਤੇ ਹਨ ਜਿਨ੍ਹਾਂ ਦੇ ਚੱਲਦਿਆਂ ਅਕਸਰ ਲੋਕਾਂ ਦਾ ਉਸ ਵਲ ਮੱਲੋ-ਮਲੀ ਚਲਿਆ ਜਾਂਦਾ ਹੈ। ਉਸ ਆਜ਼ਾਦ ਉਮੀਦਵਾਰ ਨੇ ਵਾਅਦਾ ਕੀਤਾ ਹੈ ਕਿ ਜੇ ਉਹ ਉਸ ਨੂੰ ਕਾਮਯਾਬ ਬਣਾਉਣਗੇ ਤਾਂ ਉਹ ਹਰੇਕ ਘਰ ਨੂੰ ਇਕ ਮਿੰਨੀ ਹੈਲੀਕਾਪਟਰ, ਸਾਲਾਨਾ ਇਕ ਕਰੋੜ ਰੁਪਏ, ਵਿਆਹ ਲਈ ਸੋਨੇ ਦੇ ਗਹਿਣੇ ਤੇ ਤਿੰਨ ਮੰਜ਼ਿਲਾ ਘਰ ਦੇਵੇਗਾ। ਚੰਨ ਦੀ ਸੈਰ ਕਰਾਉਣ ਦਾ ਵੀ ਉਸ ਨੇ ਵਾਅਦਾ ਕੀਤਾ ਹੈ | 33 ਸਾਲਾ ਪੱਤਰਕਾਰ ਸਰਵਨਨ ਦਾ ਆਖਣਾ ਹੈ  ਕਿ ਮੇਰਾ ਉਦੇਸ਼ ਲੋਕਾਂ ਨੂੰ ਸਿਆਸੀ ਪਾਰਟੀਆਂ ਵੱਲੋਂ ਲਾਏ ਜਾਂਦੇ ਲਾਰਿਆਂ ਪ੍ਰਤੀ ਚੌਕਸ ਕਰਨਾ ਹੈ। ਮੇਰਾ ਚੋਣ ਨਿਸ਼ਾਨ 'ਕੂੜਾਦਾਨ' ਹੈ।ਜੇ ਵੋਟਰ ਕਦੇ ਪੂਰੇ ਨਾ ਹੋਣ ਵਾਲੇ ਲਾਰਿਆਂ ਵਿਚ ਫਸਣਾ ਚਾਹੁੰਦੇ ਹਨ ਤਾਂ ਵੋਟ 'ਕੂੜੇਦਾਨ' 'ਚ ਹੀ ਪਾ ਦੇਣ।  ਸਰਵਨਨ ਦਾ ਕਹਿਣਾ ਹੈ। ਮੇਰੇ ਕੋਲ ਚੋਣ ਮੁਹਿੰਮ ਚਲਾਉਣ ਲਈ ਪੈਸੇ ਨਹੀਂ ਹਨ। ਉਸ ਨੇ ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਕਿਹਾ ਕਿ ਉਹ ਉਸ ਦਾ ਸੁਨੇਹਾ ਲੋਕਾਂ ਤੱਕ ਪਹੁੰਚਾਉਣ। ਮੇਰਾ ਵਟਸਐਪ ਸੁਨੇਹਾ ਵਾਇਰਲ ਹੋ ਚੁੱਕਾ ਹੈ ਤੇ ਲੋਕ ਮੇਰੇ ਲੰਮੇ-ਚੌੜੇ ਵਾਅਦਿਆਂ ਤੇ ਇਸ ਪਿਛਲੀ ਸੋਚ ਬਾਰੇ ਗੱਲਾਂ ਕਰ ਰਹੇ ਹਨ। ਇਹੀ ਮੇਰੀ ਜਿੱਤ ਹੈ, ਚੋਣ ਮੈਂ ਭਾਵੇਂ ਨਾ ਜਿੱਤਾਂ। ਉਸ ਦਾ ਇਹ ਵੀ ਕਹਿਣਾ ਹੈ ਕਿ ਜਿੱਤਣ 'ਤੇ ਉਹ ਗ੍ਰਹਿਣੀਆਂ ਦਾ ਕੰਮ ਦਾ ਭਾਰ ਘਟਾਉਣ ਲਈ ਰੋਬੋਟ ਦੇਵੇਗਾ, ਹਰੇਕ ਪਰਿਵਾਰ ਨੂੰ ਕਿਸ਼ਤੀ ਦੇਵੇਗਾ ਤੇ ਇਸ ਲਈ ਝੀਲਾਂ ਵੀ ਬਣਾਏਗਾ, ਆਪਣੇ ਹਲਕੇ ਨੂੰ ਠੰਢਾ ਰੱਖਣ ਲਈ 300 ਫੁੱਟ ਉੱਚਾ ਬਰਫ ਦਾ ਪਹਾੜ ਉਸਾਰੇਗਾ, ਇਕ ਪੁਲਾੜ ਖੋਜ ਕੇਂਦਰ ਤੇ ਰਾਕਟ ਲਾਂਚ ਪੈਡ ਬਣਾਏਗਾ। 

 ਸਿਆਸਤ ਬਣੀ ਪੈਸੇ ਦੀ ਖੇਡ 
ਸਰਵਨਨ, ਜਿਹੜਾ ਆਪਣੇ ਗਰੀਬ ਮਾਪਿਆਂ ਨਾਲ ਰਹਿੰਦਾ ਹੈ ਤੇ ਅਜੇ ਕੁਆਰਾ ਹੈ, ਦਾ ਕਹਿਣਾ ਹੈ ਕਿ ਉਸ ਨੇ ਨਾਮਜ਼ਦਗੀ ਕਾਗਜ਼ ਦਾਖਲ ਕਰਾਉਣ ਲਈ 20 ਹਜ਼ਾਰ ਰੁਪਏ ਵਿਆਜੀ ਚੁੱਕੇ ਹਨ। ਉਸ ਨੇ ਕਿਹਾ ਕਿ ਸਿਆਸੀ ਪਾਰਟੀਆਂ ਨੇ ਸਿਆਸਤ ਨੂੰ ਪੈਸੇ ਦੀ ਖੇਡ ਬਣਾ ਦਿੱਤਾ ਹੈ। ਸੱਤਾ ਵਿਚ ਆ ਕੇ ਉਹ ਨੌਕਰੀਆਂ ਦਾ ਬੰਦੋਬਸਤ ਨਹੀਂ ਕਰਦੀਆਂ, ਖੇਤੀਬਾੜੀ ਨੂੰ ਲਾਹੇਵੰਦੀ ਨਹੀਂ ਬਣਾਉਂਦੀਆਂ, ਸਾਫ ਪਾਣੀ ਯਕੀਨੀ ਨਹੀਂ ਬਣਾਉਂਦੀਆਂ, ਦਰਿਆਵਾਂ ਨੂੰ ਸਾਫ ਨਹੀਂ ਕਰਦੀਆਂ। ਚੋਣਾਂ ਵੇਲੇ ਪੈਸੇ ਦੀ ਵਰਖਾ ਕਰਦੀਆਂ ਹਨ, ਤਾਂ ਕਿ ਲੋਕ ਠੀਕ ਢੰਗ ਨਾਲ ਫੈਸਲਾ ਨਾ ਕਰ ਸਕਣ। ਉਨ੍ਹਾਂ ਸਿਆਸਤ ਨੂੰ ਗੰਧਲਾ ਕਰ ਦਿੱਤਾ ਹੈ ਤੇ ਅਮੀਰਾਂ ਦੀ ਰਖੇਲ ਬਣਾ ਦਿੱਤਾ ਹੈ। 

ਕਰਜ਼ਾ ਮੁਆਫ ਕਰਨ ਦੇ ਵਾਅਦੇ 
ਤਾਮਿਲਨਾਡੂ ਉੱਤੇ ਪੰਜ ਲੱਖ ਕਰੋੜ ਦਾ ਕਰਜ਼ਾ ਹੈ ਪਰ ਪਾਰਟੀਆਂ ਲਾਲਚ ਦੀ ਡੋਜ਼ ਵਧਾਈ ਜਾ ਰਹੀਆਂ ਹਨ। ਹੁਕਮਰਾਨ ਅੰਨਾ ਡੀ. ਐੱਮ ਕੇ ਨੇ ਫਰੀ ਵਾਸ਼ਿੰਗ ਮਸ਼ੀਨ, ਗ੍ਰਹਿਣੀਆਂ ਨੂੰ 1500 ਰੁਪਏ ਮਹੀਨਾ, ਹਰੇਕ ਪਰਿਵਾਰ ਨੂੰ ਗੈਸ ਦੇ ਛੇ ਫਰੀ ਸਿਲੰਡਰ ਤੇ ਹਰੇਕ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਦਾ ਵਾਅਦਾ ਕੀਤਾ ਹੈ। ਮੁੱਖ ਵਿਰੋਧੀ ਡੀ. ਐੱਮ. ਕੇ ਨੇ ਪੈਟਰੋਲ ਦਾ ਰੇਟ ਪੰਜ ਰੁਪਏ ਤੇ ਡੀਜ਼ਲ ਦਾ ਚਾਰ ਰੁਪਏ ਪ੍ਰਤੀ ਲੀਟਰ ਘਟਾਉਣ, ਇੰਟਰਨੈੱਟ ਨਾਲ ਫਰੀ ਟੈਬ ਤੇ ਵਿਦਿਆ ਕਰਜ਼ਾ ਮੁਆਫ ਕਰਨ ਦਾ ਵਾਅਦਾ ਕੀਤਾ ਹੈ। ਉਧਰ ਦੱਖਣ ਦੇ ਪ੍ਰਸਿੱਧ ਅਦਾਕਾਰ ਕਮਲ ਹਾਸਨ (ਫਿਲਮ ਚਾਚੀ 420  ਵਾਲੇ) ਦੀ ਪਾਰਟੀ ਐੱਮ. ਐੱਨ. ਐੱਮ. ਨੇ ਹਰੇਕ ਗ੍ਰਹਿਣੀ ਨੂੰ ਤਿੰਨ ਹਜ਼ਾਰ ਰੁਪਏ ਪ੍ਰਤੀ ਮਹੀਨਾ, ਸਰਕਾਰੀ ਸਕੀਮਾਂ ਤੱਕ ਪਹੁੰਚ ਲਈ ਸਾਰੇ ਘਰਾਂ ਨੂੰ ਇੰਟਰਨੈੱਟ ਨਾਲ ਫਰੀ ਕੰਪਿਊਟਰ, ਚੰਗਾ ਪ੍ਰਸ਼ਾਸਨ ਤੇ 50 ਲੱਖ ਨੌਕਰੀਆਂ ਦੇਣ ਵਾਅਦਾ ਕੀਤਾ ਹੈ। ਜਦੋਂ ਕਿ ਇਸ ਤੋਂ ਪਹਿਲੀਆਂ ਚੋਣਾਂ ਵਿਚ ਫਰੀ ਕਲਰ ਟੀ ਵੀ, ਲੈਪਟਾਪ ਤੇ ਮਿਕਸਰ ਗਰਾਈਂਡਰ ਦੇ ਵਾਅਦੇ ਵੀ ਕੀਤੇ ਜਾਂਦੇ ਰਹੇ ਹਨ।  ਜੇਕਰ ਚੋਣਾਂ ਦੌਰਾਨ ਹੋਣ ਵਾਲੇ ਵਾਅਦਿਆਂ ਦੀ ਹਕੀਕਤ ਦੀ ਗੱਲ ਕਰੀਏ ਅਕਸਰ ਵੇਖਣ ਚ' ਆਉਂਦਾ ਹੈ ਕਿ ਇਲੈਕਸ਼ਨ ਜਿੱਤਣ ਤੋਂ ਅਕਸਰ ਵਾਅਦਿਆਂ ਨੂੰ ਭੁਲਾ ਦਿੱਤਾ ਜਾਂਦਾ ਹੈ । ਅੱਜ ਵੀ ਉਕਤ ਵਾਅਦਿਆਂ ਨੂੰ ਵੇਖ ਕੇ ਪੁਰਾਣੇ ਸਮਿਆਂ ਦਾ ਇਕ ਮਸ਼ਹੂਰ ਗੀਤ ਯਾਦ ਆ ਰਿਹਾ ਹੈ ਜਿਸ ਦੇ ਬੋਲ ਸਨ :
ਕਸਮੇਂ ਵਾਅਦੇ ਪਿਆਰ ਵਫਾ ਸਭ, 
ਬਾਤੇਂ ਹੈਂ.. ਬਾਤੋਂ ਕਾ ਕਿਆ...

ਇਸ ਦੇ ਨਾਲ ਨਾਲ ਜਦੋਂ ਚੋਣਾਂ ਸਮੇਂ ਕੀਤੇ ਵਾਅਦਿਆਂ ਨੂੰ ਅਕਸਰ ਟੁੱਟਦਿਆਂ ਵੇਖਦੇ ਹਾਂ ਤਾਂ ਹਿੰਦੀ ਫ਼ਿਲਮਾਂ ਦੇ ਪਹਿਲੇ ਸੁਪਰ ਸਟਾਰ ਰਾਜੇਸ਼ ਖੰਨਾ ਤੇ ਫ਼ਿਲਮਾਇਆ ਗਿਆ ਇਕ ਗੀਤ ਚੇਤੇ ਆ ਜਾਂਦਾ ਹੈ ਜਿਸ ਦੇ ਬੋਲ ਸਨ ਕਿ :
ਵਾਅਦਾ ਤੇਰਾ ਵਾਅਦਾ....ਵਾਅਦਾ ਤੇਰਾ ਵਾਅਦਾ।
ਵਾਅਦੇ ਪੇ ਤੇਰੇ ਮਾਰਾ ਗਿਆ, ਬੰਦਾ ਮੈਂ ਸੀਧਾ ਸਾਧਾ। 


ਅੱਬਾਸ ਧਾਲੀਵਾਲ, 
ਮਲੇਰਕੋਟਲਾ। 
ਸੰਪਰਕ ਨੰਬਰ 9855259650
 

ਨੋਟ: ਕੀ ਉਮੀਦਵਾਰਾਂ ਵੱਲੋਂ ਕੀਤੇ ਵਾਅਦਿਆਂ ਨੂੰ ਕਾਨੂੰਨੀ ਦਾਇਰੇ ’ਚ ਲਿਆਉਣਾ ਚਾਹੀਦਾ ਹੈ ਕੁਮੈਂਟ ਕਰਦੇ ਦਿਓ ਆਪਣੀ ਰਾਏ?


author

Aarti dhillon

Content Editor

Related News