ਆਯੁਸ਼ਮਾਨ ਭਾਰਤ : ਵੱਡੇ ਪੱਧਰ ’ਤੇ ਨਕਲੀ ਕਲੇਮ ਫੜੇ ਗਏ
Thursday, Jul 02, 2026 - 10:21 AM (IST)
ਦੁਨੀਆ ਦਾ ਸਭ ਤੋਂ ਵੱਡਾ ਪਬਲਿਕ ਸਿਹਤ ਬੀਮਾ ਪ੍ਰੋਗਰਾਮ, ਆਯੁਸ਼ਮਾਨ ਭਾਰਤ, ਹੁਣ ਹੋਰ ਜ਼ਿਆਦਾ ਸਖ਼ਤੀ ਨਾਲ ਨਿਯਮਾਂ ਦੀ ਪਾਲਣਾ ਕਰਨ ਦੇ ਦੌਰ ਵਿਚ ਜਾ ਰਿਹਾ ਹੈ। ਜਿਵੇਂ-ਜਿਵੇਂ ਇਹ ਸਕੀਮ 80 ਕਰੋੜ ਤੋਂ ਵੱਧ ਲੋਕਾਂ ਨੂੰ ਕਵਰ ਕਰਨ ਵੱਲ ਵਧ ਰਹੀ ਹੈ, ਕੇਂਦਰ ਇਹ ਸੰਕੇਤ ਦੇ ਰਿਹਾ ਹੈ ਕਿ ਹੁਣ ਵੱਡੇ ਪੱਧਰ ’ਤੇ ਸਖ਼ਤੀ ਨਾਲ ਜਾਂਚ ਕੀਤੀ ਜਾਵੇਗੀ। ਨਵੇਂ ਸਰਕਾਰੀ ਡਾਟਾ ਤੋਂ ਪਤਾ ਲੱਗਦਾ ਹੈ ਕਿ ਸਤੰਬਰ 2023 ਅਤੇ ਮਾਰਚ 2025 ਦੇ ਵਿਚਕਾਰ, ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ (ਏ.ਬੀ.-ਪੀ.ਐੱਮ.-ਜੇ.ਏ.ਵਾਈ.) ਦੇ ਤਹਿਤ ਲਗਭਗ 5 ਲੱਖ ਸ਼ੱਕੀ ਕਲੇਮ ਫੜੇ ਗਏ। ਇਨ੍ਹਾਂ ਵਿਚੋਂ, 272 ਕਰੋੜ ਰੁਪਏ ਦੇ 1.33 ਲੱਖ ਕਲੇਮਾਂ ਨੂੰ ਧੋਖਾਦੇਹੀ ਵਾਲਾ ਮੰਨਿਆ ਗਿਆ ਅਤੇ ਪੇਮੈਂਟ ਤੋਂ ਪਹਿਲਾਂ ਹੀ ਬਲਾਕ ਕਰ ਦਿੱਤਾ ਗਿਆ।
ਨੈਸ਼ਨਲ ਹੈਲਥ ਅਥਾਰਟੀ (ਐੱਨ.ਐੱਚ.ਏ.) ਦੀ 2024-25 ਦੀ ਸਾਲਾਨਾ ਰਿਪੋਰਟ ਦੇ ਮੁਤਾਬਕ, ਕੁੱਲ 4,63,669 ਮਾਮਲੇ ਕਾਰਵਾਈ ਲਈ ਸੂਬਿਆਂ ਨਾਲ ਸਾਂਝੇ ਕੀਤੇ ਗਏ ਹਨ। ਪੱਛਮੀ ਬੰਗਾਲ ਸਰਕਾਰ ਬਦਲਣ ਤੋਂ ਬਾਅਦ ਇਸ ਸਕੀਮ ਵਿਚ ਸ਼ਾਮਲ ਹੋਇਆ। ਐੱਨ.ਐੱਚ.ਏ. ਦਾ ਐਂਟੀ-ਫ੍ਰਾਡ ਈਕੋਸਿਸਟਮ ਤੇਜ਼ੀ ਨਾਲ ਵਧਿਆ ਹੈ, ਸੂਬਿਆਂ ਵਿਚ 120 ਜੁਆਇੰਟ ਫੀਲਡ ਮੈਡੀਕਲ ਆਡਿਟ ਅਤੇ 2,283 ਡੈਸਕ ਆਡਿਟ ਪੂਰੇ ਹੋ ਚੁੱਕੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਅਗਲਾ ਪੜਾਅ ਏ.ਆਈ. ਆਧਾਰਿਤ ਪ੍ਰੋਡਕਟਿਵ ਐਨਾਲਿਟਿਕਸ, ਰੀਅਲ-ਟਾਈਮ ਮਾਨੀਟਰਿੰਗ ਡੈਸ਼ਬੋਰਡ ਅਤੇ ਆਟੋਮੇਟਿਡ ਵੈਰੀਫਿਕੇਸ਼ਨ ’ਤੇ ਵੱਧ ਨਿਰਭਰ ਕਰੇਗਾ। ਟੀਚਾ : ਸਰਗਰਮ ਰੋਕਥਾਮ, ਨਾ ਕਿ ਬਾਅਦ ਵਿਚ ਸੁਧਾਰ।
ਲਾਂਚ ਦੇ 7 ਸਾਲਾਂ ਬਾਅਦ, ਆਯੁਸ਼ਮਾਨ ਭਾਰਤ ਨੇ 1.29 ਲੱਖ ਕਰੋੜ ਰੁਪਏ ਦੇ 9.19 ਕਰੋੜ ਹਸਪਤਾਲ ਦਾਖਲਿਆਂ ਦੀ ਸਹੂਲਤ ਦਿੱਤੀ ਹੈ। ਇਸ ਯੋਜਨਾ ਦੇ ਤਹਿਤ ਹਰ ਪਰਿਵਾਰ ਨੂੰ ਸਾਲਾਨਾ 5 ਲੱਖ ਰੁਪਏ ਤੱਕ ਦਾ ਇਲਾਜ ਮਿਲਦਾ ਹੈ। ਲਗਭਗ 52 ਫ਼ੀਸਦੀ ਦਾਖਲੇ ਪ੍ਰਾਈਵੇਟ ਹਸਪਤਾਲਾਂ ਵਿਚ ਹੋਏ, ਜੋ ਪ੍ਰਾਈਵੇਟ ਸਮਰੱਥਾ ਦਾ ਫਾਇਦਾ ਉਠਾਉਣ ਵਿਚ ਸਕੀਮ ਦੀ ਭੂਮਿਕਾ ਨੂੰ ਦਰਸਾਉਂਦਾ ਹੈ। ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ ਦੇ ਤਹਿਤ ਕਵਰੇਜ ਹੁਣ 15.14 ਕਰੋੜ ਪਰਿਵਾਰਾਂ ਤੱਕ ਪਹੁੰਚ ਗਈ ਹੈ ਅਤੇ ਸੂਬਿਆਂ ਦੀਆਂ ਸਕੀਮਾਂ ਦੇ ਤਹਿਤ 8.57 ਕਰੋੜ ਹੋਰ ਨਾਮਜ਼ਦ ਹਨ, ਕੁੱਲ ਮਿਲਾ ਕੇ 80 ਕਰੋੜ ਤੋਂ ਵੱਧ ਲੋਕ ਇਸ ਨਾਲ ਜੁੜੇ ਹੋਏ ਹਨ।
