ਪੰਜਾਬ ਕਾਂਗਰਸ 'ਚ ਵੱਡੇ ਫੇਰਬਦਲ ਦੀ ਆਹਟ! ਰਾਹੁਲ-ਸੋਨੀਆ ਨਾਲ ਮੰਥਨ ਮਗਰੋਂ ਫ਼ੈਸਲੇ ਦੀ ਉਡੀਕ
Sunday, Jun 21, 2026 - 12:39 PM (IST)
ਚੰਡੀਗੜ੍ਹ/ਨਵੀਂ ਦਿੱਲੀ (ਅੰਕੁਰ ਤਾਂਗੜੀ) : ਪੰਜਾਬ ਕਾਂਗਰਸ ਦੀ ਲੀਡਰਸ਼ਿਪ ਅਤੇ ਸੰਗਠਨਾਤਮਕ ਢਾਂਚੇ ਨੂੰ ਲੈ ਕੇ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਿਹਾ ਮੰਥਨ ਹੁਣ ਅੰਤਿਮ ਪੜਾਅ 'ਚ ਪਹੁੰਚ ਗਿਆ ਹੈ। ਦਿੱਲੀ 'ਚ ਐਤਵਾਰ ਨੂੰ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਦੀ ਮੌਜੂਦਗੀ 'ਚ ਪੰਜਾਬ ਦੇ ਪ੍ਰਮੁੱਖ ਆਗੂਆਂ ਨਾਲ ਕਰੀਬ ਡੇਢ ਤੋਂ ਦੋ ਘੰਟੇ ਤੱਕ ਅਹਿਮ ਬੈਠਕ ਹੋਈ। ਇਸ ਮੀਟਿੰਗ ਤੋਂ ਬਾਅਦ ਪੰਜਾਬ ਕਾਂਗਰਸ 'ਚ ਸੰਭਾਵਿਤ ਬਦਲਾਅ ਨੂੰ ਲੈ ਕੇ ਸਿਆਸੀ ਚਰਚਾਵਾਂ ਹੋਰ ਤੇਜ਼ ਹੋ ਗਈਆਂ ਹਨ। ਬੈਠਕ 'ਚ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ, ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਅਤੇ ਸੀਨੀਅਰ ਆਗੂ ਵਿਜੇਇੰਦਰ ਸਿੰਗਲਾ ਸ਼ਾਮਲ ਰਹੇ। ਮੀਟਿੰਗ ਦੇ ਖ਼ਤਮ ਹੋਣ ਮਗਰੋਂ ਭਾਵੇਂ ਜ਼ਿਆਦਾਤਰ ਆਗੂਆਂ ਨੇ ਮੀਡੀਆ ਨਾਲ ਕੋਈ ਵਿਸਥਾਰਤ ਗੱਲਬਾਤ ਨਹੀਂ ਕੀਤੀ ਪਰ ਪ੍ਰਤਾਪ ਸਿੰਘ ਬਾਜਵਾ ਨੇ ਇੰਨਾ ਜ਼ਰੂਰ ਕਿਹਾ ਕਿ ਹਾਈਕਮਾਨ ਦਾ ਜੋ ਵੀ ਫ਼ੈਸਲਾ ਹੋਵੇਗਾ, ਉਹ ਸਾਰਿਆਂ ਨੂੰ ਮਨਜ਼ੂਰ ਹੋਵੇਗਾ।
'ਜੋ ਜ਼ਿੰਮੇਵਾਰੀ ਮਿਲੇਗੀ, ਨਿਭਾਵਾਂਗੇ'
ਮੀਟਿੰਗ ਤੋਂ ਬਾਹਰ ਆਉਣ ਮਗਰੋਂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਕਾਂਗਰਸ ਅਤੇ ਪੰਜਾਬ ਦੋਵੇਂ ਹੀ ਉਨ੍ਹਾਂ ਲਈ ਮਹੱਤਵਪੂਰਨ ਹਨ। ਉਨ੍ਹਾਂ ਕਿਹਾ ਕਿ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਪਹਿਲਾਂ ਵੀ ਫ਼ੈਸਲੇ ਕਰਦੀ ਰਹੀ ਹੈ ਅਤੇ ਅੱਗੇ ਵੀ ਕਰੇਗੀ। ਜੋ ਵੀ ਜ਼ਿੰਮੇਵਾਰੀ ਦਿੱਤੀ ਜਾਵੇਗੀ, ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਇਆ ਜਾਵੇਗਾ। ਬਾਜਵਾ ਨੇ ਕਿਹਾ ਕਿ ਕਾਂਗਰਸ ਦੇ ਸਾਰੇ ਆਗੂਆਂ ਦੀ ਪਛਾਣ ਪਾਰਟੀ ਨਾਲ ਹੈ ਅਤੇ ਪੰਜਾਬ 'ਚ ਕਾਂਗਰਸ ਕੋਲ ਮਜ਼ਬੂਤ ਕੈਡਰ ਅਤੇ ਸਿਆਸੀ ਆਧਾਰ ਮੌਜੂਦ ਹੈ। ਉਨ੍ਹਾਂ ਨੇ 2024 ਦੀਆਂ ਲੋਕ ਸਭਾ ਚੋਣਾਂ 'ਚ ਪਾਰਟੀ ਦੇ ਪ੍ਰਦਰਸ਼ਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਾਂਗਰਸ ਨੇ ਪੰਜਾਬ ਅਤੇ ਚੰਡੀਗੜ੍ਹ 'ਚ ਵਧੀਆ ਨਤੀਜੇ ਦਿੱਤੇ ਹਨ ਅਤੇ ਆਉਣ ਵਾਲੇ ਸਮੇਂ 'ਚ ਵੀ ਪਾਰਟੀ ਇੱਕ ਮਜ਼ਬੂਤ ਦਾਅਵੇਦਾਰ ਵਜੋਂ ਉੱਭਰ ਸਕਦੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ 4 ਜੁਲਾਈ ਲਈ ਹੋ ਗਿਆ ਵੱਡਾ ਐਲਾਨ, ਸੂਬਾ ਵਾਸੀ ਹੋ ਜਾਣ ALERT
ਡੇਢ ਘੰਟੇ ਤੋਂ ਵੱਧ ਚੱਲੀ ਅਹਿਮ ਬੈਠਕ
ਦਿੱਲੀ 'ਚ ਹੋਈ ਇਹ ਬੈਠਕ ਕਈ ਮਾਇਨਿਆਂ 'ਚ ਅਹਿਮ ਮੰਨੀ ਜਾ ਰਹੀ ਹੈ। ਪਿਛਲੇ ਕੁੱਝ ਮਹੀਨਿਆਂ ਤੋਂ ਪੰਜਾਬ ਕਾਂਗਰਸ ਦੀ ਅੰਦਰੂਨੀ ਸਥਿਤੀ, ਸੰਗਠਨ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਰਣਨੀਤੀ ਨੂੰ ਲੈ ਕੇ ਲਗਾਤਾਰ ਮੀਟਿੰਗਾਂ ਦਾ ਦੌਰ ਚੱਲ ਰਿਹਾ ਸੀ। ਇਸੇ ਸਿਲਸਿਲੇ ਤਹਿਤ ਪਾਰਟੀ ਹਾਈਕਮਾਨ ਵੱਲੋਂ ਸੂਬੇ ਦੇ ਵੱਖ-ਵੱਖ ਆਗੂਆਂ ਨਾਲ ਵੱਖ-ਵੱਖ ਪੱਧਰਾਂ 'ਤੇ ਗੱਲਬਾਤ ਕੀਤੀ ਗਈ। ਸੂਤਰਾਂ ਮੁਤਾਬਕ ਬੈਠਕ 'ਚ ਪੰਜਾਬ ਕਾਂਗਰਸ ਦੇ ਸੰਗਠਨਾਤਮਕ ਢਾਂਚੇ, ਸੰਭਾਵਿਤ ਬਦਲਾਅ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੀ ਰਣਨੀਤੀ ਬਾਰੇ ਵਿਸਥਾਰ ਨਾਲ ਚਰਚਾ ਹੋਈ। ਹਾਲਾਂਕਿ ਮੀਟਿੰਗ 'ਚ ਕੀ ਫ਼ੈਸਲੇ ਲਏ ਗਏ, ਇਸ ਬਾਰੇ ਅਧਿਕਾਰਿਕ ਤੌਰ 'ਤੇ ਕੁੱਝ ਵੀ ਸਾਹਮਣੇ ਨਹੀਂ ਆਇਆ।
70 ਤੋਂ ਵੱਧ ਆਗੂਆਂ ਨਾਲ ਹੋ ਚੁੱਕੀ ਹੈ ਗੱਲਬਾਤ
ਪੰਜਾਬ ਕਾਂਗਰਸ ਨੂੰ ਲੈ ਕੇ ਹਾਈਕਮਾਨ ਨੇ ਪਿਛਲੇ ਸਮੇਂ 'ਚ ਇੱਕ ਵਿਸ਼ੇਸ਼ ਪ੍ਰਕਿਰਿਆ ਅਪਣਾਈ ਸੀ। ਪਾਰਟੀ ਵੱਲੋਂ ਨਿਯੁਕਤ ਅਬਜ਼ਰਵਰਾਂ ਨੇ ਸੂਬੇ ਦੇ ਮੌਜੂਦਾ ਅਤੇ ਸਾਬਕਾ ਸੰਸਦ ਮੈਂਬਰਾਂ, ਵਿਧਾਇਕਾਂ, ਜ਼ਿਲ੍ਹਾ ਪ੍ਰਧਾਨਾਂ ਅਤੇ ਹੋਰ ਸੀਨੀਅਰ ਆਗੂਆਂ ਸਮੇਤ 70 ਤੋਂ ਵੱਧ ਨੇਤਾਵਾਂ ਨਾਲ ਵੱਖ-ਵੱਖ ਮੀਟਿੰਗਾਂ ਕੀਤੀਆਂ ਸਨ। ਇਨ੍ਹਾਂ ਮੀਟਿੰਗਾਂ ਦੌਰਾਨ ਸੰਗਠਨ ਦੀ ਮੌਜੂਦਾ ਸਥਿਤੀ, ਚੁਣੌਤੀਆਂ, ਸਿਆਸੀ ਮਾਹੌਲ ਅਤੇ ਆਉਣ ਵਾਲੀਆਂ ਚੋਣਾਂ ਲਈ ਸੁਝਾਅ ਇਕੱਠੇ ਕੀਤੇ ਗਏ ਸਨ। ਇਸ ਪੂਰੀ ਕਵਾਇਦ ਤੋਂ ਬਾਅਦ ਇੱਕ ਵਿਸਤ੍ਰਿਤ ਰਿਪੋਰਟ ਤਿਆਰ ਕਰਕੇ ਹਾਈਕਮਾਨ ਨੂੰ ਸੌਂਪੀ ਗਈ ਸੀ। ਮੰਨਿਆ ਜਾ ਰਿਹਾ ਹੈ ਕਿ ਐਤਵਾਰ ਦੀ ਬੈਠਕ 'ਚ ਇਸੇ ਰਿਪੋਰਟ ਦੇ ਆਧਾਰ 'ਤੇ ਅੰਤਿਮ ਮੰਥਨ ਕੀਤਾ ਗਿਆ।
ਇੱਕਜੁੱਟਤਾ ਦਾ ਸੰਦੇਸ਼
ਦਿੱਲੀ ਦੀ ਬੈਠਕ ਦਾ ਇੱਕ ਹੋਰ ਅਹਿਮ ਪੱਖ ਪੰਜਾਬ ਕਾਂਗਰਸ ਨੂੰ ਇੱਕਜੁੱਟਤਾ ਦਾ ਸੰਦੇਸ਼ ਦੇਣਾ ਵੀ ਮੰਨਿਆ ਜਾ ਰਿਹਾ ਹੈ। ਪਾਰਟੀ ਹਾਈਕਮਾਨ ਵੱਲੋਂ ਇਹ ਸਪੱਸ਼ਟ ਸੰਕੇਤ ਦਿੱਤੇ ਗਏ ਹਨ ਕਿ ਆਉਣ ਵਾਲੀਆਂ ਚੋਣਾਂ 'ਚ ਸਫਲਤਾ ਲਈ ਸਾਰੇ ਆਗੂਆਂ ਨੂੰ ਮਿਲ ਕੇ ਕੰਮ ਕਰਨਾ ਹੋਵੇਗਾ। ਕਾਂਗਰਸ ਪਿਛਲੇ ਕੁੱਝ ਸਾਲਾਂ ਦੌਰਾਨ ਅੰਦਰੂਨੀ ਖਿੱਚੋਤਾਣ ਅਤੇ ਧੜੇਬੰਦੀ ਦੇ ਮੁੱਦਿਆਂ ਨਾਲ ਜੂਝਦੀ ਰਹੀ ਹੈ। ਅਜਿਹੇ 'ਚ ਪਾਰਟੀ ਲੀਡਰਸ਼ਿਪ ਦੀ ਕੋਸ਼ਿਸ਼ ਹੈ ਕਿ ਕਿਸੇ ਵੀ ਸੰਭਾਵਿਤ ਫ਼ੈਸਲੇ ਤੋਂ ਪਹਿਲਾਂ ਸਾਰੇ ਸੀਨੀਅਰ ਆਗੂਆਂ ਨੂੰ ਭਰੋਸੇ 'ਚ ਲਿਆ ਜਾਵੇ ਅਤੇ ਇੱਕ ਸਾਂਝੀ ਰਣਨੀਤੀ ਤਿਆਰ ਕੀਤੀ ਜਾਵੇ।
ਇਹ ਵੀ ਪੜ੍ਹੋ : ਪੰਜਾਬ 'ਚ ਇਸ ਵੱਡੇ ਪ੍ਰਾਜੈਕਟ ਨੂੰ ਮਿਲੀ ਮਨਜ਼ੂਰੀ, ਲੱਖਾਂ ਪੰਜਾਬੀਆਂ ਨੂੰ ਮਿਲੇਗਾ ਵੱਡਾ ਫ਼ਾਇਦਾ
ਦਿੱਲੀ ਤੋਂ ਆਈਆਂ ਤਸਵੀਰਾਂ ਨੇ ਖਿੱਚਿਆ ਧਿਆਨ
ਬੈਠਕ ਦੌਰਾਨ ਸਾਹਮਣੇ ਆਈਆਂ ਤਸਵੀਰਾਂ ਵੀ ਸਿਆਸੀ ਚਰਚਾ ਦਾ ਕੇਂਦਰ ਬਣੀਆਂ ਰਹੀਆਂ। ਕਈ ਆਗੂ ਆਪਸ 'ਚ ਗੱਲਬਾਤ ਕਰਦੇ ਅਤੇ ਇਕੱਠੇ ਬੈਠਕ ਲਈ ਜਾਂਦੇ ਨਜ਼ਰ ਆਏ। ਸਿਆਸੀ ਮਾਹਿਰ ਇਨ੍ਹਾਂ ਤਸਵੀਰਾਂ ਨੂੰ ਪਾਰਟੀ ਦੇ ਅੰਦਰ ਏਕਤਾ ਦੇ ਸੰਦੇਸ਼ ਵਜੋਂ ਦੇਖ ਰਹੇ ਹਨ, ਹਾਲਾਂਕਿ ਇਸ ਨੂੰ ਲੈ ਕੇ ਵੱਖ-ਵੱਖ ਸਿਆਸੀ ਅਰਥ ਵੀ ਕੱਢੇ ਜਾ ਰਹੇ ਹਨ। ਫਿਲਹਾਲ, ਪਾਰਟੀ ਵੱਲੋਂ ਕਿਸੇ ਵੀ ਅਹੁਦੇ 'ਚ ਤਬਦੀਲੀ ਜਾਂ ਨਵੀਂ ਨਿਯੁਕਤੀ ਬਾਰੇ ਕੋਈ ਅਧਿਕਾਰਿਕ ਐਲਾਨ ਨਹੀਂ ਕੀਤਾ ਗਿਆ ਹੈ। ਇਸ ਕਰਕੇ ਸਾਰੀਆਂ ਅਟਕਲਾਂ ਸਿਰਫ਼ ਚਰਚਾਵਾਂ ਦੇ ਪੱਧਰ 'ਤੇ ਹੀ ਹਨ।
ਹੁਣ ਨਜ਼ਰਾਂ ਹਾਈਕਮਾਨ ਦੇ ਫ਼ੈਸਲੇ 'ਤੇ
ਦਿੱਲੀ ਦੀ ਇਸ ਬੈਠਕ ਤੋਂ ਬਾਅਦ ਹੁਣ ਪੰਜਾਬ ਕਾਂਗਰਸ ਦੇ ਆਗੂਆਂ ਅਤੇ ਵਰਕਰਾਂ ਦੀਆਂ ਨਜ਼ਰਾਂ ਹਾਈਕਮਾਨ ਦੇ ਅਗਲੇ ਕਦਮ 'ਤੇ ਟਿਕੀਆਂ ਹੋਈਆਂ ਹਨ। ਸਿਆਸੀ ਹਲਕਿਆਂ 'ਚ ਇਹ ਚਰਚਾ ਹੈ ਕਿ ਪੰਜਾਬ ਕਾਂਗਰਸ ਨਾਲ ਜੁੜੇ ਸੰਗਠਨਾਤਮਕ ਫ਼ੈਸਲਿਆਂ ਦਾ ਐਲਾਨ ਜਲਦੀ ਕੀਤਾ ਜਾ ਸਕਦਾ ਹੈ। ਹਾਲਾਂਕਿ ਇਹ ਸਪੱਸ਼ਟ ਹੈ ਕਿ ਪਾਰਟੀ ਹਾਈਕਮਾਨ ਪੰਜਾਬ ਨੂੰ ਸਿਆਸੀ ਤੌਰ 'ਤੇ ਅਹਿਮ ਸੂਬਾ ਮੰਨਦੀ ਹੈ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ 'ਚ ਰੱਖਦਿਆਂ ਹਰ ਫ਼ੈਸਲਾ ਸੋਚ-ਵਿਚਾਰ ਤੋਂ ਬਾਅਦ ਲੈਣਾ ਚਾਹੁੰਦੀ ਹੈ। ਇਸੇ ਕਰਕੇ ਦਿੱਲੀ 'ਚ ਹੋਈ ਇਹ ਬੈਠਕ ਸਿਰਫ਼ ਇੱਕ ਰੂਟੀਨ ਮੀਟਿੰਗ ਨਹੀਂ, ਸਗੋਂ ਪੰਜਾਬ ਕਾਂਗਰਸ ਦੇ ਭਵਿੱਖੀ ਸਿਆਸੀ ਰਾਹ ਨੂੰ ਤੈਅ ਕਰਨ ਵਾਲੇ ਮਹੱਤਵਪੂਰਨ ਪੜਾਅ ਵਜੋਂ ਦੇਖੀ ਜਾ ਰਹੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਹਾਈਕਮਾਨ ਆਉਣ ਵਾਲੇ ਦਿਨਾਂ 'ਚ ਕੀ ਫ਼ੈਸਲਾ ਕਰਦੀ ਹੈ ਅਤੇ ਉਸ ਦਾ ਪੰਜਾਬ ਦੀ ਸਿਆਸਤ 'ਤੇ ਕੀ ਅਸਰ ਪੈਂਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
