ਭਾਰਤ-UK ਮੁਕਤ ਵਪਾਰ ਸਮਝੌਤੇ ਨਾਲ ਤਿੰਨ ਗੁਣਾ ਵਧੇਗਾ ਵਪਾਰ, ਟੈਕਸਟਾਈਲ ਬਰਾਮਦ ਲਈ ਵੱਡੀਆਂ ਉਮੀਦਾਂ

Saturday, Jun 20, 2026 - 05:26 PM (IST)

ਭਾਰਤ-UK ਮੁਕਤ ਵਪਾਰ ਸਮਝੌਤੇ ਨਾਲ ਤਿੰਨ ਗੁਣਾ ਵਧੇਗਾ ਵਪਾਰ, ਟੈਕਸਟਾਈਲ ਬਰਾਮਦ ਲਈ ਵੱਡੀਆਂ ਉਮੀਦਾਂ

ਨਵੀਂ ਦਿੱਲੀ : ਭਾਰਤ ਤੇ ਯੂਨਾਈਟਿਡ ਕਿੰਗਡਮ (ਯੂਕੇ) ਵਿਚਕਾਰ ਹੋਏ ਵਿਆਪਕ ਆਰਥਿਕ ਅਤੇ ਵਪਾਰਕ ਸਮਝੌਤੇ (CETA) ਦੇ ਲਾਗੂ ਹੋਣ ਦੀ ਤਰੀਕ ਸਪੱਸ਼ਟ ਹੋਣ ਨਾਲ ਭਾਰਤੀ ਟੈਕਸਟਾਈਲ ਅਤੇ ਪਹਿਰਾਵਾ ਉਦਯੋਗ ਵਿਚ ਖੁਸ਼ੀ ਦੀ ਲਹਿਰ ਹੈ। ਇਹ ਸਮਝੌਤਾ 15 ਜੁਲਾਈ ਤੋਂ ਲਾਗੂ ਹੋਣ ਜਾ ਰਿਹਾ ਹੈ, ਜਿਸ ਨਾਲ ਭਾਰਤੀ ਨਿਰਯਾਤਕਾਂ ਨੂੰ ਯੂਕੇ ਦੇ ਬਾਜ਼ਾਰ ਵਿਚ ਵੱਡੀ ਸਫਲਤਾ ਮਿਲਣ ਦੀ ਉਮੀਦ ਹੈ।

ਉਦਯੋਗ ਦੇ ਮਾਹਿਰਾਂ ਅਨੁਸਾਰ, ਇਸ ਸਮਝੌਤੇ ਸਦਕਾ ਯੂਕੇ ਦੇ ਟੈਕਸਟਾਈਲ ਬਾਜ਼ਾਰ ਵਿਚ ਭਾਰਤ ਦੀ ਹਿੱਸੇਦਾਰੀ ਮੌਜੂਦਾ 5 ਫੀਸਦੀ ਤੋਂ ਵਧ ਕੇ 10-15 ਫੀਸਦੀ ਤੱਕ ਪਹੁੰਚ ਸਕਦੀ ਹੈ। ਵਿੱਤੀ ਸਾਲ 2026 ਵਿੱਚ ਭਾਰਤ ਨੇ ਯੂਕੇ ਨੂੰ ਲਗਭਗ 1.8 ਬਿਲੀਅਨ ਡਾਲਰ ਦੇ ਕੱਪੜੇ ਅਤੇ ਘਰੇਲੂ ਟੈਕਸਟਾਈਲ ਨਿਰਯਾਤ ਕੀਤੇ ਸਨ।

ਸਮਝੌਤੇ ਦੇ ਤਹਿਤ, ਭਾਰਤ ਦੇ 99 ਫੀਸਦੀ ਨਿਰਯਾਤ ਨੂੰ ਯੂਕੇ ਵਿੱਚ ਜ਼ੀਰੋ-ਡਿਊਟੀ (ਬਿਨਾਂ ਕਿਸੇ ਟੈਕਸ) ਪਹੁੰਚ ਮਿਲੇਗੀ। ਟੈਕਸਟਾਈਲ ਅਤੇ ਕੱਪੜਿਆਂ 'ਤੇ ਲੱਗਣ ਵਾਲੀ 12 ਫੀਸਦੀ ਡਿਊਟੀ ਅਤੇ ਚਮੜੇ ਦੇ ਉਤਪਾਦਾਂ 'ਤੇ ਲੱਗਣ ਵਾਲੀ 16 ਫੀਸਦੀ ਡਿਊਟੀ ਪੂਰੀ ਤਰ੍ਹਾਂ ਖਤਮ ਕਰ ਦਿੱਤੀ ਜਾਵੇਗੀ। ਕਨਫੈਡਰੇਸ਼ਨ ਆਫ ਇੰਡੀਅਨ ਟੈਕਸਟਾਈਲ ਇੰਡਸਟਰੀ (CITI) ਦੇ ਚੇਅਰਮੈਨ ਅਸ਼ਵਿਨ ਚੰਦਰਨ ਅਨੁਸਾਰ, ਇਸ ਨਾਲ ਭਾਰਤ ਨੂੰ ਬੰਗਲਾਦੇਸ਼ ਅਤੇ ਵੀਅਤਨਾਮ ਵਰਗੇ ਦੇਸ਼ਾਂ ਦੇ ਮੁਕਾਬਲੇ ਬਰਾਬਰ ਦਾ ਮੈਦਾਨ ਮਿਲੇਗਾ, ਜਿਸ ਨਾਲ ਭਾਰਤੀ ਉਤਪਾਦਾਂ ਦੀਆਂ ਕੀਮਤਾਂ ਵਧੇਰੇ ਆਕਰਸ਼ਕ ਹੋ ਜਾਣਗੀਆਂ।

ਵਪਾਰ 'ਚ ਕਰੋੜਾਂ ਪੌਂਡ ਦਾ ਵਾਧਾ
ਯੂਕੇ ਦੇ ਵਪਾਰ ਵਿਭਾਗ ਦਾ ਅਨੁਮਾਨ ਹੈ ਕਿ ਇਸ ਫ੍ਰੀ ਟਰੇਡ ਐਗਰੀਮੈਂਟ (FTA) ਨਾਲ ਭਾਰਤ ਤੋਂ ਦਰਾਮਦ ਵਿੱਚ £2.9 ਬਿਲੀਅਨ ਦਾ ਵਾਧਾ ਹੋਵੇਗਾ। ਖਾਸ ਤੌਰ 'ਤੇ ਕੱਪੜਿਆਂ ਦੇ ਨਿਰਯਾਤ ਵਿੱਚ 45 ਫੀਸਦੀ (£475 ਮਿਲੀਅਨ) ਦਾ ਵਾਧਾ, ਟੈਕਸਟਾਈਲ ਵਿਚ 40 ਫੀਸਦੀ (£175 ਮਿਲੀਅਨ) ਦਾ ਵਾਧਾ, ਫੁਟਵੀਅਰ (ਜੁੱਤੀਆਂ) ਵਿਚ 30 ਫੀਸਦੀ (£55 ਮਿਲੀਅਨ) ਦਾ ਵਾਧਾ ਹੋਣ ਦੀ ਉਮੀਦ ਹੈ।

ਇੰਡੀਅਨ ਟੈਕਸਪ੍ਰੀਨਿਓਰਜ਼ ਫੈਡਰੇਸ਼ਨ (ITF) ਦੇ ਸਕੱਤਰ ਪ੍ਰਭੂ ਦਾਮੋਦਰਨ ਨੇ ਕਿਹਾ ਕਿ ਇਸ ਨਾਲ ਨਿਰਯਾਤ ਵਿੱਚ ਦੋਹਰੇ ਅੰਕਾਂ ਦੀ ਵਿਕਾਸ ਦਰ ਦੇਖਣ ਨੂੰ ਮਿਲੇਗੀ। ਇਸ ਦੇ ਨਾਲ ਹੀ, ਪੱਛਮੀ ਏਸ਼ੀਆ ਵਿੱਚ ਸਥਿਰਤਾ ਆਉਣ ਦੀ ਉਮੀਦ ਅਤੇ ਅਮਰੀਕਾ-ਈਰਾਨ ਸਮਝੌਤੇ ਕਾਰਨ ਭਾਰਤੀ ਕੰਪਨੀਆਂ ਨੂੰ ਆਪਣੇ ਵਪਾਰਕ ਸੌਦਿਆਂ ਦੀ ਯੋਜਨਾਬੰਦੀ ਕਰਨ ਵਿੱਚ ਸੌਖ ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Baljit Singh

Content Editor

Related News