ਰਣਵੀਰ ਸਿੰਘ ਨੇ ਬ੍ਰਾਂਡ ਵੈਲਿਊ ’ਚ ਵਿਰਾਟ ਕੋਹਲੀ ਨੂੰ ਛੱਡਿਆ ਪਿੱਛੇ, 5 ਸਾਲਾਂ ਤੋਂ ਸੀ ਨੰਬਰ 1

03/22/2023 2:30:02 PM

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਉਨ੍ਹਾਂ ਕਲਾਕਾਰਾਂ ’ਚੋਂ ਇਕ ਹਨ, ਜੋ ਨਾ ਸਿਰਫ਼ ਆਪਣੀ ਅਦਾਕਾਰੀ ਲਈ ਜਾਣੇ ਜਾਂਦੇ ਹਨ, ਸਗੋਂ ਆਪਣੇ ਵਿਲੱਖਣ ਅੰਦਾਜ਼ ਲਈ ਵੀ ਮਸ਼ਹੂਰ ਹਨ। ਫੈਸ਼ਨ ਸੈਂਸ ਹੋਵੇ ਜਾਂ ਫੋਟੋਸ਼ੂਟ, ਉਹ ਕਿਸੇ ਨਾ ਕਿਸੇ ਕਾਰਨ ਸੁਰਖ਼ੀਆਂ ’ਚ ਬਣੇ ਰਹਿੰਦੇ ਹਨ। ਹੁਣ ਉਨ੍ਹਾਂ ਦੇ ਨਾਂ ਨਾਲ ਇਕ ਵੱਡੀ ਪ੍ਰਾਪਤੀ ਜੁੜ ਗਈ ਹੈ। ਦਰਅਸਲ ਕ੍ਰੋਲ ਦੀ ਰਿਪੋਰਟ ਮੁਤਾਬਕ ਸਾਲ 2022 ’ਚ ਰਣਵੀਰ ਸਿੰਘ ਟੀਮ ਇੰਡੀਆ ਦੇ ਸਟਾਰ ਕ੍ਰਿਕਟਰ ਵਿਰਾਟ ਕੋਹਲੀ ਨੂੰ ਪਛਾੜਦਿਆਂ ਭਾਰਤ ਦੇ ਮੋਸਟ ਵੈਲਿਊਡ ਸੈਲੇਬ੍ਰਿਟੀ ਬਣ ਗਏ ਹਨ।

ਬ੍ਰਾਂਡ ਵੈਲਿਊ ’ਚ ਜ਼ਬਰਦਸਤ ਵਾਧਾ
ਕਾਰਪੋਰੇਟ ਇਨਵੈਸਟੀਗੇਸ਼ਨ ਐਂਡ ਰਿਸਕ ਕੰਸਲਟਿੰਗ ਫਰਮ ਕ੍ਰੋਲ ਦੀ ਹਾਲ ਹੀ ’ਚ ਜਾਰੀ ਰਿਪੋਰਟ ’ਚ ਦੇਸ਼ ਦੀਆਂ ਸਭ ਤੋਂ ਅਮੀਰ ਹਸਤੀਆਂ ਦੀ ਸੂਚੀ ਜਾਰੀ ਕੀਤੀ ਗਈ ਹੈ। ਇਸ ਦੇ ਅਨੁਸਾਰ ਬਾਲੀਵੁੱਡ ਅਦਾਕਾਰ ਰਣਵੀਰ ਸਿੰਘ 181.7 ਮਿਲੀਅਨ ਡਾਲਰ ਦੀ ਬ੍ਰਾਂਡ ਵੈਲਿਊ ਨਾਲ ਸਾਲ 2022 ’ਚ ਭਾਰਤ ਦੇ ਸਭ ਤੋਂ ਕੀਮਤੀ ਸਟਾਰ ਬਣ ਗਏ ਹਨ। ਇਸ ਤੋਂ ਇਲਾਵਾ ਇਸ ਲਿਸਟ ’ਚ ਅਦਾਕਾਰਾ ਆਲੀਆ ਭੱਟ ਸਭ ਤੋਂ ਕੀਮਤੀ ਮਹਿਲਾ ਸੈਲੇਬ੍ਰਿਟੀ ਬਣ ਕੇ ਉੱਭਰੀ ਹੈ। ਉਸ ਦੀ ਬ੍ਰਾਂਡ ਵੈਲਿਊ 102.9 ਮਿਲੀਅਨ ਡਾਲਰ ਹੈ।

5 ਸਾਲਾਂ ਤੋਂ ਟਾਪ ’ਤੇ ਸਨ ਵਿਰਾਟ ਕੋਹਲੀ
ਵਿਰਾਟ ਕੋਹਲੀ ਪਿਛਲੇ ਲਗਾਤਾਰ ਪੰਜ ਸਾਲਾਂ ਤੋਂ ਦੇਸ਼ ਦੇ ਸਭ ਤੋਂ ਕੀਮਤੀ ਸੈਲੇਬ੍ਰਿਟੀ ਸਨ ਪਰ ਹੁਣ ਉਹ ਦੂਜੇ ਨੰਬਰ ’ਤੇ ਖਿਸਕ ਗਏ ਹਨ। ਜੇਕਰ ਤੁਸੀਂ ਸੈਲੇਬ੍ਰਿਟੀ ਬ੍ਰਾਂਡ ਵੈਲੂਏਸ਼ਨ ਰਿਪੋਰਟ ‘2022 : ਬਿਓਂਡ ਦਿ ਮੇਨਸਟ੍ਰੀਮ’ ’ਤੇ ਨਜ਼ਰ ਮਾਰੋ ਤਾਂ ਕੋਹਲੀ ਦੀ ਬ੍ਰਾਂਡ ਵੈਲਿਊ 176.9 ਮਿਲੀਅਨ ਡਾਲਰ ਹੈ। ਇਸ ਤੋਂ ਪਹਿਲਾਂ ਸਾਲ 2020 ’ਚ ਵਿਰਾਟ ਕੋਹਲੀ ਦੀ ਬ੍ਰਾਂਡ ਵੈਲਿਊ 237 ਮਿਲੀਅਨ ਡਾਲਰ ਸੀ ਤੇ 2021 ’ਚ ਇਹ 185.7 ਮਿਲੀਅਨ ਡਾਲਰ ਸੀ। ਤੁਹਾਨੂੰ ਦੱਸ ਦੇਈਏ ਕਿ ਰਣਵੀਰ ਸਿੰਘ ਦੀ ਬ੍ਰਾਂਡ ਵੈਲਿਊ ਇਕ ਸਾਲ ਪਹਿਲਾਂ ਦੇ ਮੁਕਾਬਲੇ ਕਰੀਬ 29 ਫ਼ੀਸਦੀ ਵਧੀ ਹੈ। ਰਣਵੀਰ ਦੀ 2021 ਦੀ ਬ੍ਰਾਂਡ ਵੈਲਿਊ 158.3 ਮਿਲੀਅਨ ਡਾਲਰ ਸੀ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦਾ ਬੁੱਤ ਦੇਖ ਭਾਵੁਕ ਹੋਏ ਅਫਸਾਨਾ ਖ਼ਾਨ ਤੇ ਸਾਜ, ਦੇਖੋ ਵੀਡੀਓ

ਤੀਜੇ ਨੰਬਰ ’ਤੇ ਅਕਸ਼ੇ ਕੁਮਾਰ
ਅਦਾਕਾਰ ਅਕਸ਼ੇ ਕੁਮਾਰ 153.6 ਮਿਲੀਅਨ ਡਾਲਰ ਦੀ ਬ੍ਰਾਂਡ ਵੈਲਿਊ ਨਾਲ ਕ੍ਰੋਲ ਦੀ ਸੂਚੀ ’ਚ ਤੀਜੇ ਸਥਾਨ ’ਤੇ ਕਾਬਜ਼ ਹੈ, ਜਦਕਿ ਆਲੀਆ ਭੱਟ 102.9 ਮਿਲੀਅਨ ਡਾਲਰ ਨਾਲ ਚੌਥੇ ਨੰਬਰ ’ਤੇ ਹੈ। ਦੀਪਿਕਾ ਪਾਦੁਕੋਣ ਨੇ 82.9 ਮਿਲੀਅਨ ਡਾਲਰ ਨਾਲ ਪੰਜਵਾਂ ਸਥਾਨ ਹਾਸਲ ਕੀਤਾ ਹੈ। ਇਸ ਤੋਂ ਇਲਾਵਾ ਅਮਿਤਾਭ ਬੱਚਨ, ਰਿਤਿਕ ਰੌਸ਼ਨ, ਸਾਬਕਾ ਕ੍ਰਿਕਟਰ ਐੱਮ. ਐੱਸ. ਧੋਨੀ, ਸਚਿਨ ਤੇਂਦੁਲਕਰ ਤੇ ਸ਼ਾਹਰੁਖ ਖ਼ਾਨ ਵੀ ਟਾਪ-10 ਕੀਮਤੀ ਹਸਤੀਆਂ ’ਚ ਜਗ੍ਹਾ ਬਣਾ ਚੁੱਕੇ ਹਨ।

ਸਾਊਥ ਦੇ ਕਲਾਕਾਰਾਂ ਦਾ ਵੀ ਰਿਹਾ ਦਬਦਬਾ
ਦੱਖਣ ਫ਼ਿਲਮ ਇੰਡਸਟਰੀ ਦੇ ਸਟਾਰ ਅੱਲੂ ਅਰਜੁਨ ਤੇ ਅਦਾਕਾਰਾ ਰਸ਼ਮਿਕਾ ਮੰਦਾਨਾ ਪਹਿਲੀ ਵਾਰ ਇਸ ਲਿਸਟ ’ਚ ਟਾਪ-25 ’ਚ ਸ਼ਾਮਲ ਹੋਏ ਹਨ। ਅੱਲੂ ਅਰਜੁਨ 31.4 ਮਿਲੀਅਨ ਡਾਲਰ ਦੀ ਬ੍ਰਾਂਡ ਵੈਲਿਊ ਨਾਲ 20ਵੇਂ ਸਥਾਨ ’ਤੇ ਹਨ, ਜਦਕਿ ਰਸ਼ਮਿਕਾ ਮੰਦਾਨਾ 25.3 ਮਿਲੀਅਨ ਡਾਲਰ ਦੀ ਬ੍ਰਾਂਡ ਵੈਲਿਊ ਨਾਲ 25ਵੇਂ ਸਥਾਨ ’ਤੇ ਹੈ। ਓਲੰਪਿਕ ਸੋਨ ਤਮਗਾ ਜੇਤੂ ਨੀਰਜ ਚੋਪੜਾ ਵੀ ਭਾਰਤ ਦੀਆਂ ਸਭ ਤੋਂ ਅਮੀਰ ਹਸਤੀਆਂ ਦੀ ਸੂਚੀ ’ਚ ਸ਼ਾਮਲ ਹੋਇਆ ਹੈ ਤੇ ਉਹ 26.5 ਮਿਲੀਅਨ ਡਾਲਰ ਦੀ ਬ੍ਰਾਂਡ ਵੈਲਿਊ ਨਾਲ 23ਵੇਂ ਨੰਬਰ ’ਤੇ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News