ਕੱਚੇ ਤੇਲ ਦੀਆਂ ਕੀਮਤਾਂ ’ਚ 7 ਡਾਲਰ ਪ੍ਰਤੀ ਬੈਰਲ ਦੀ ਕਟੌਤੀ, ਪੈਟਰੋਲ ਅਤੇ ਡੀਜ਼ਲ ਦੇ ਮੁੱਲ ਵੀ ਡਿੱਗੇ

08/20/2019 3:59:53 PM

ਨਵੀਂ ਦਿੱਲੀ — ਅਗਸਤ ਦੇ ਮਹੀਨੇ ’ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਕਟੌਤੀ ਦੇਖਣ ਨੂੰ ਮਿਲ ਰਹੀ ਹੈ ਜਿਸ ਦਾ ਕਾਰਣ ਹੈ ਕੌਮਾਂਤਰੀ ਬਾਜ਼ਾਰ ’ਚ ਕੱਚੇ ਤੇਲ ਦੇ ਭਾਅ ਡਿੱਗਣਾ। ਅਗਸਤ ਮਹੀਨੇ ’ਚ ਕੱਚੇ ਤੇਲ ਦੀਆਂ ਕੀਮਤਾਂ ’ਚ 7 ਡਾਲਰ ਪ੍ਰਤੀ ਬੈਰਲ ਦੀ ਕਮੀ ਆ ਚੁੱਕੀ ਹੈ। ਇਸ ਦਾ ਅਸਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਤੇ ਵੀ ਦੇਖਣ ਨੂੰ ਮਿਲ ਚੁੱਕਿਆ ਹੈ। ਆਈ. ਓ. ਸੀ. ਐੱਲ. ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਅਗਸਤ ਮਹੀਨੇ ’ਚ ਲਗਭਗ 1 ਰੁਪਏ ਦੀ ਕਟੌਤੀ ਆ ਚੁੱਕੀ ਹੈ। ਜਾਣਕਾਰਾਂ ਦੀ ਮੰਨੀਏ ਤਾਂ ਆਉਣ ਵਾਲੇ ਦਿਨਾਂ ’ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਹੋਰ ਕਟੌਤੀ ਦੇਖਣ ਨੂੰ ਮਿਲ ਸਕਦੀ ਹੈ। ਕੌਮਾਂਤਰੀ ਬਾਜ਼ਾਰ ’ਚ ਇਸ ਮਹੀਨੇ ਕੱਚੇ ਤੇਲ ’ਚ ਆਈ ਨਰਮੀ ਨਾਲ ਭਾਰਤ ’ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਗਿਰਾਵਟ ਆਈ ਹੈ। ਬੈਂਚਮਾਰਕ ਬਰੇਂਟ ਕਰੂਡ ਦਾ ਭਾਅ 31 ਜੁਲਾਈ ਨੂੰ 65.17 ਡਾਲਰ ਪ੍ਰਤੀ ਬੈਰਲ ਸੀ, ਜਦੋਂ ਕਿ ਬੀਤੇ ਕਾਰੋਬਾਰੀ ਹਫ਼ਤੇ ਦੇ ਆਖਰੀ ਸੈਸ਼ਨ ’ਚ ਸ਼ੁੱਕਰਵਾਰ ਨੂੰ ਕੌਮਾਂਤਰੀ ਵਾਅਦਾ ਬਾਜ਼ਾਰ ਇੰਟਰਕਾਂਟੀਨੈਂਟਲ ਐਕਸਚੇਂਜ ’ਤੇ ਬਰੇਂਟ ਕਰੂਡ ਦਾ ਅਕਤੂਬਰ ਡਲਿਵਰੀ ਵਾਅਦਾ ਕਰਾਰ 58.64 ਡਾਲਰ ਪ੍ਰਤੀ ਬੈਰਲ ’ਤੇ ਬੰਦ ਹੋਇਆ। ਇਸ ਤਰ੍ਹਾਂ ਬਰੇਂਟ ਕਰੂਡ ਦੇ ਭਾਅ ’ਚ ਇਸ ਮਹੀਨੇ ਹੁਣ ਤੱਕ 7 ਡਾਲਰ ਪ੍ਰਤੀ ਬੈਰਲ ਤੋਂ ਜ਼ਿਆਦਾ ਦੀ ਗਿਰਾਵਟ ਆਈ ਹੈ।

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਕਟੌਤੀ ਦੇਖਣ ਨੂੰ ਮਿਲੀ

ਜਾਣਕਾਰੀ ਅਨੁਸਾਰ ਦੇਸ਼ ਦੇ ਚਾਰਾਂ ਮਹਾਨਗਰਾਂ ’ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਅਗਸਤ ਮਹੀਨੇ ’ਚ ਕਟੌਤੀ ਦੇਖਣ ਨੂੰ ਮਿਲੀ ਹੈ। ਪਹਿਲਾਂ ਗੱਲ ਪੈਟਰੋਲ ਦੀਆਂ ਕਰੀਏ ਤਾਂ ਦੇਸ਼ ਦੀ ਰਾਜਧਾਨੀ ਦਿੱਲੀ ’ਚ ਅਗਸਤ ਮਹੀਨੇ ’ਚ ਹੁਣ ਤੱਕ ਪੈਟਰੋਲ 1.02 ਰੁਪਏ ਪ੍ਰਤੀ ਲਿਟਰ ਸਸਤਾ ਹੋ ਗਿਆ ਹੈ। ਉਥੇ ਹੀ ਡੀਜ਼ਲ ਦੇ ਭਾਅ ’ਚ 82 ਪੈਸੇ ਪ੍ਰਤੀ ਲਿਟਰ ਦੀ ਕਮੀ ਆਈ ਹੈ। ਆਈ. ਓ. ਸੀ. ਐੱਲ. ਤੋਂ ਮਿਲੀ ਜਾਣਕਾਰੀ ਅਨੁਸਾਰ ਅਗਸਤ ਮਹੀਨੇ ’ਚ ਪੈਟਰੋਲ ਦੀ ਕੀਮਤ ’ਚ 8 ਦਿਨਾਂ ਤੱਕ ਜਦਕਿ ਡੀਜ਼ਲ ਦੇ ਮੁੱਲ ’ਚ ਲਗਭਗ 10 ਦਿਨਾਂ ਤੱਕ ਕੋਈ ਬਦਲਾਅ ਦੇਖਣ ਨੂੰ ਨਹੀਂ ਮਿਲਿਆ।

ਹੋਰ ਵੀ ਘੱਟ ਹੋਣਗੇ ਦੋਵਾਂ ਈਂਧਨਾਂ ਦੇ ਮੁੱਲ

ਏਂਜੇਲ ਬਰੋਕਿੰਗ ਰਿਸਰਚ ਐਂਡ ਕਮੋਡਿਟੀਜ਼ ਦੇ ਡਿਪਟੀ ਵਾਈਸ ਪ੍ਰੈਜ਼ੀਡੈਂਟ ਅਨੁਜ ਗੁਪਤਾ ਅਨੁਸਾਰ ਅਗਸਤ ਮਹੀਨੇ ’ਚ ਕਰੂਡ ਆਇਲ ਦੇ ਮੁੱਲ ’ਚ ਹਲਕੀ ਨਰਮੀ ਹੋਰ ਰਹਿ ਸਕਦੀ ਹੈ ਜਿਸ ਦਾ ਅਸਰ ਦੋਵਾਂ ਈਂਧਨਾਂ (ਪੈਟਰੋਲ ਅਤੇ ਡੀਜ਼ਲ) ਦੀਆਂ ਕੀਮਤਾਂ ’ਚ ਦੇਖਣ ਨੂੰ ਮਿਲ ਸਕਦਾ ਹੈ। ਉਨ੍ਹਾਂ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਬਾਕੀ 10 ਦਿਨਾਂ ’ਚ ਇਕ ਰੁਪਿਆ ਪ੍ਰਤੀ ਲਿਟਰ ਹੋਰ ਸਸਤੇ ਹੋ ਸਕਦੇ ਹਨ।


Related News