ਦੇਸ਼ ਦੇ ਸਮੁੱਚੇ ਵਿਕਾਸ ’ਚ ਉੱਦਮੀਆਂ ਦੀ ਮਹੱਤਵਪੂਰਨ ਭੂਮਿਕਾ

08/21/2021 11:01:40 AM

ਬੜੀ ਤੀਬਰਤਾ ਨਾਲ ਹੋ ਰਹੀ ਵਿਸ਼ਵ ਪੱਧਰੀ ਤਬਦੀਲੀ ’ਚ ਅੱਜ ਉੱਦਮਸ਼ੀਲਤਾ ਮਨੁੱਖੀ ਜ਼ਿੰਦਗੀ ’ਚ ਇਕ ਮਹੱਤਵਪੂਰਨ ਲੋੜ ਬਣ ਗਈ ਹੈ। ਉੱਦਮਸ਼ੀਲਤਾ ਭਾਰਤ ਵਰਗੀ ਅਰਥਵਿਵਸਥਾ ਦੀ ਤਬਦੀਲੀ ਲਈ ਮਹੱਤਵਪੂਰਨ ਕੰਮ ਕਰ ਸਕਦੀ ਹੈ। ਦੇਸ਼ ’ਚ ਮਨੁੱਖੀ ਸਰੋਤਾਂ ਦਾ ਮੁਹੱਈਆ ਹੋਣਾ, ਨੌਜਵਾਨ ਆਬਾਦੀ, ਕੱਚਾ ਮਾਲ ਅਤੇ ਸਰਕਾਰ ਦੀ ਨੀਤੀ ਤੇ ਯੋਜਨਾਵਾਂ ਉਦਮਿਤਾ ਨੂੰ ਵਧਾਉਣ ’ਚ ਯਕੀਨੀ ਤੌਰ ’ਤੇ ਸਹਾਇਕ ਹੋਣਗੀਆਂ।

ਦੇਸ਼ ’ਚ ਸਕਿੱਲ ਇੰਡੀਆ, ਸਟਾਰਟਅਪ ਇੰਡੀਆ, ਸਟੈਂਡਅਪ ਇੰਡੀਆ ਅਤੇ ਮੇਕ ਇਨ ਇੰਡੀਆ ਵਰਗੀਆਂ ਕਈ ਪਹਿਲਾਂ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਧੰਨਵਾਦ ਹੈ, ਜਿਨ੍ਹਾਂ ਨੇ ਭਾਰਤ ਨੂੰ ਉੱਦਮੀ ਕੇਂਦਰ ਦੇ ਰੂਪ ’ਚ ਬਦਲਣ ਲਈ ਮੈਦਾਨ ਤਿਆਰ ਕੀਤਾ ਹੈ। ਇਹ ਦੇਸ਼ ਨੂੰ ਬੇਰੋਜ਼ਗਾਰੀ ਦੀ ਚੁਣੌਤੀ ਨੂੰ ਘਟਾਉਣ ’ਚ ਇਕ ਮੀਲ ਦਾ ਪੱਥਰ ਸਾਬਤ ਹੋਵੇਗਾ।

ਇਕ ਉਦਯੋਗਿਕ ਅਨੁਮਾਨ ਅਨੁਸਾਰ, ਭਾਰਤ ’ਚ ਮੌਜੂਦਾ ’ਚ 53 ਅਜਿਹੇ ਸਟਾਰਟਅਪ ਹਨ, ਜਿਨ੍ਹਾਂ ਦਾ ਕੁਲ ਮੁਲਾਂਕਣ 1.4 ਲੱਖ ਕਰੋੜ ਰੁਪਏ ਹੈ। ਭਾਰਤੀ ਸਟਾਰਟਅਪ ਈਕੋ-ਸਿਸਟਮ ਨੂੰ ਵਿਸ਼ਵ ਪੱਧਰ ’ਤੇ ਤੀਸਰੇ ਸਭ ਤੋਂ ਵੱਡੇ ਈਕੋ-ਸਿਸਟਮ ਦੇ ਰੂਪ ’ਚ ਮਾਨਤਾ ਮਿਲੀ ਹੈ। ਕੇਂਦਰ ਦੇ ਅੰਦਰੂਨੀ ਵਪਾਰ ਅਤੇ ਉਦਯੋਗਿਕ ਵਿਕਾਸ ਰਾਹੀਂ ਜੁਲਾਈ 2021 ਤੱਕ ਕੁਲ 52,391 ਸੰਸਥਾਵਾਂ ਨੂੰ ਸਟਾਰਟਅਪ ਦੇ ਰੂਪ ’ਚ ਮਾਨਤਾ ਪ੍ਰਾਪਤ ਹੋ ਚੁੱਕੀ ਹੈ ਜਿਨ੍ਹਾਂ ’ਚੋਂ 50 ਹਜ਼ਾਰ ਤੋਂ ਵੱਧ ਸਟਾਰਟਅਪ ਰਾਹੀਂ 5.7 ਲੱਖ ਤੋਂ ਵੱਧ ਨੌਕਰੀਆਂ ਦੀ ਸਿਰਜਣਾ ਕੀਤੀ ਹੈ।

ਇਸ ਯੋਜਨਾ ਨੂੰ ਹੋਰ ਵੱਧ ਪ੍ਰਭਾਵਸ਼ਾਲੀ ਬਣਾਉਣ ਲਈ ਕੇਂਦਰ ਸਰਕਾਰ ਵੱਲੋਂ 1200 ਤੋਂ ਵੀ ਵੱਧ ਵਿਅਰਥ ਕਾਨੂੰਨਾਂ ਨੂੰ ਖਤਮ ਕੀਤਾ ਗਿਆ ਹੈ, ਵਿਕਸਿਤ ਖੇਤਰਾਂ ’ਚ ਪ੍ਰਤੱਖ ਨਿਵੇਸ਼ ਲਈ 87 ਨਿਯਮਾਂ ’ਚ ਢਿੱਲ ਦਿੱਤੀ ਗਈ ਅਤੇ ਸਾਰੀਆਂ ਸਰਕਾਰੀ ਪ੍ਰਕਿਰਿਆਵਾਂ ਨੂੰ ਆਨਲਾਈਨ ਕੀਤਾ ਗਿਆ ਹੈ। ਦੇਸ਼ ’ਚ ਕਾਰੋਬਾਰ ਨੂੰ ਬਿਹਤਰ ਬਣਾਉਣ ਲਈ ਕਈ ਮਹੱਤਵਪੂਰਨ ਕਦਮ ਚੁੱਕੇ ਗਏ ਹਨ। ਵਿਸ਼ਵ ਦੀ ‘ਈਜ਼ ਆਫ ਡੂਇੰਗ’ ’ਚ ਭਾਰਤ ਦੀ ਰੈਂਕਿੰਗ ’ਚ ਪਿਛਲੇ 7 ਸਾਲਾਂ ’ਚ 142 ਤੋਂ 60 ਤੱਕ ਉਛਾਲ ਆਉਣਾ ਇਸੇ ਦਾ ਨਤੀਜਾ ਹੈ।

ਸਾਡੇ ਕੋਲ ਲੋਕਾਂ ਨੂੰ ਹੁਨਰਮੰਦ ਬਣਾ ਕੇ ਵੱਧ ਤੋਂ ਵੱਧ ਆਬਾਦੀ ਨੂੰ ਲਾਭਵੰਦ ਕਰਨ ਦਾ ਇਕ ਵੱਡਾ ਮੌਕਾ ਹੈ। ਦੁਨੀਆ ਦੀ ਸਭ ਤੋਂ ਜਵਾਨ ਆਬਾਦੀ ਭਾਰਤ ’ਚ ਹੀ ਹੈ। ਇੱਥੇ ਕੁਲ ਆਬਾਦੀ ’ਚੋਂ 65 ਫੀਸਦੀ ਜਵਾਨ ਹਨ। ਇਨ੍ਹਾਂ ਨੌਜਵਾਨਾਂ ਨੂੰ ਹੁਨਰ ਅਤੇ ਅਰਧ-ਹੁਨਰਮੰਦ ਬਣਾਉਣਾ ਆਤਮਨਿਰਭਰ ਭਾਰਤ ਦੇ ਟੀਚੇ ਨੂੰ ਹਾਸਲ ਕਰਨ ਦੀ ਦਿਸ਼ਾ ’ਚ ਇਕ ਮਹੱਤਵਪੂਰਨ ਕਦਮ ਹੋਵੇਗਾ।

ਆਤਮਨਿਰਭਰ ਭਾਰਤ ਮੁਹਿੰਮ ਨੂੰ ਦਿਸ਼ਾ ਦੇਣ ’ਚ ਪ੍ਰਧਾਨ ਮੰਤਰੀ ਹੁਨਰ ਵਿਕਾਸ ਯੋਜਨਾ (ਪੀ. ਐੱਮ. ਕੇ. ਵੀ. ਵਾਈ.) ਨੂੰ ਮਿਸ਼ਨ ਮੋਡ ’ਚ ਲਾਗੂ ਕਰਨ ਦੀ ਲੋੜ ਹੈ। ਇਸ ਯੋਜਨਾ ਤਹਿਤ 2022 ਤੱਕ 40 ਕਰੋੜ ਲੋਕਾਂ ਨੂੰ ਟ੍ਰੇਂਡ ਕਰਨ ਦਾ ਟੀਚਾ ਰੱਖਿਆ ਗਿਆ ਹੈ। ਇਹ ਅਸਲ ’ਚ ਖੁਸ਼ੀ ਦੀ ਗੱਲ ਹੈ ਕਿ ਨਵੀਂ ਰਾਸ਼ਟਰੀ ਸਿੱਖਿਆ ਨੀਤੀ-2020 (ਐੱਨ. ਈ. ਪੀ.-2020) ’ਚ 8ਵੀਂ ਜਮਾਤ ਤੋਂ ਹੀ ਸਕੂਲਾਂ ’ਚ ਕਿੱਤੇ ਸਬੰਧੀ ਸਿੱਖਿਆ ਅਤੇ ਕਾਰੋਬਾਰੀ ਸਿੱਖਿਆ ’ਤੇ ਬਹੁਤ ਜ਼ੋਰ ਦਿੱਤਾ ਗਿਆ ਹੈ। ਬੱਚਿਆਂ ਨੂੰ ਸਕੂਲ ਪੱਧਰ ਤੋਂ ਹੀ ਹੁਨਰਮੰਦ ਬਣਾਉਣ ਲਈ ਸਖਤ ਲੋੜ ਹੈ ਤਾਂ ਕਿ 12ਵੀਂ ਦੀ ਸਿੱਖਿਆ ਪੂਰੀ ਕਰਨ ਦੇ ਬਾਅਦ ਉਨ੍ਹਾਂ ਕੋਲ ਨੌਕਰੀ ਹਾਸਲ ਕਰਨ ਜਾਂ ਆਤਮਨਿਰਭਰ ਹੋਣ ਦਾ ਹੁਨਰ ਹੋਵੇ। ਇਸ ਨਾਲ ਉਨ੍ਹਾਂ ਦੇ ਰੋਜ਼ਗਾਰ ਦਾ ਰਾਹ ਸੌਖਾ ਹੋਵੇਗਾ। ਨਾਲ ਹੀ ਆਤਮਨਿਰਭਰ ਭਾਰਤ ਦੇ ਟੀਚੇ ਦੀ ਦਿਸ਼ਾ ’ਚ ਸਾਡੇ ਯਤਨ ਸਾਰਥਕ ਹੋਣਗੇ।

ਅੱਜ ਦੇ ਸਮੇਂ ’ਚ ਡਿਜੀਟਲ ਸਕਿੱਲ, ਸੋਸ਼ਲ ਮੀਡੀਆ, ਟੈਲੀਵਿਜ਼ਨ ਤੇ ਮੋਬਾਇਲ ਰਿਪੇਅਰ, ਇਲੈਕਟ੍ਰਾਨਿਕ, ਪਲੰਬਰ, ਟੂਰਿਸਟ ਗਾਈਡ, ਟਵਿਟਰ, ਇੰਸਟਾਗ੍ਰਾਮ, ਵਿਜ਼ੂਅਲਾਈਜ਼ੇਸ਼ਨ ਆਦਿ ਨੇ ਰੋਜ਼ਗਾਰ, ਸਵੈ-ਰੋਜ਼ਗਾਰ ਅਤੇ ਰੋਜ਼ਗਾਰ ਸਿਰਜਨ ਦੀਆਂ ਜੋ ਅਥਾਹ ਸੰਭਾਵਨਾਵਾਂ ਪੈਦਾ ਕੀਤੀਆਂ ਹਨ, ਮੌਜੂਦਾ ਸਮੇਂ ’ਚ ਉਨ੍ਹਾਂ ਦੀ ਵਰਤੋਂ ਕਰਨੀ ਜ਼ਰੂਰੀ ਹੈ।

ਇਹ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ ਕਿ ਸਾਡੇ ਕੋਲ ਹੁਨਰਮੰਦ ਡਰਾਈਵਰ, ਕਾਰਪੈਂਟਰ, ਮਕੈਨਿਕ ਅਤੇ ਇਲੈਕਟ੍ਰੀਸ਼ੀਅਨ ਨਹੀਂ ਹਨ ਅਤੇ ਜੋ ਇਸ ਸਮੇਂ ਇਨ੍ਹਾਂ ਸਮਰੱਥਾਵਾਂ ਨਾਲ ਕੰਮ ਕਰ ਰਹੇ ਹਨ, ਉਹ ਅਰਧ-ਹੁਨਰਮੰਦ ਹਨ। ਇਸ ਲਈ, ਉਨ੍ਹਾਂ ਨੂੰ ਸਮੁੱਚੇ ਤੌਰ ’ਤੇ ਹੁਨਰਮੰਦ ਬਣਾਉਣ ਲਈ ਬਹੁਤ ਕੁਝ ਕਰਨਾ ਹੋਵੇਗਾ। ਇਕ ਵਾਰ ਵਿਸ਼ਵ ਪੱਧਰੀ ਮਾਪਦੰਡਾਂ ਅਨੁਸਾਰ ਹੁਨਰਮੰਦ ਹੋਣ ਦੇ ਬਾਅਦ, ਸਾਰੇ ਲੋਕ ਵਿਦੇਸ਼ਾਂ ’ਚ ਜਾ ਕੇ ਲਾਭਕਾਰੀ ਕਿੱਤੇ ਨਾਲ ਜੁੜ ਸਕਣਗੇ। ਦੇਸ਼ ਦੇ ਰਾਸ਼ਟਰੀ ਅਤੇ ਨਿੱਜੀ ਖੇਤਰ ਦੇ ਬੈਂਕਾਂ ਨੇ ਵਿੱਤੀ ਸਮਾਵੇਸ਼ ਖੇਤਰ ’ਚ ਬਹੁਤ ਸ਼ਲਾਘਾਯੋਗ ਕੰਮ ਕੀਤਾ ਹੈ। ਉਦਮਿਤਾ ਨੂੰ ਉਤਸ਼ਾਹਿਤ ਕਰਨ ਲਈ ਸਟੈਂਡਅਪ ਇੰਡੀਆ ਅਤੇ ਸਟਾਰਟਅਪ ਇੰਡੀਆ ਵਰਗੀਆਂ ਵੱਖ-ਵੱਖ ਯੋਜਨਾਵਾਂ ਰਾਹੀਂ ਬੈਂਕਾਂ ਨੂੰ ਨੌਜਵਾਨਾਂ ਨੂੰ ਕਰਜ਼ਾ ਦੇਣ ਦੇ ਮਾਮਲੇ ’ਚ ਹੋਰ ਸਰਗਰਮ ਭੂਮਿਕਾ ਨਿਭਾਉਣੀ ਹੋਵੇਗੀ। ਖਾਸ ਤੌਰ ’ਤੇ ਸਮਾਜ ਦੇ ਕਮਜ਼ੋਰ ਵਰਗਾਂ ਜਿਵੇਂ ਕਿ ਪੱਛੜਾ ਵਰਗ, ਅਨੁਸੂਚਿਤ ਜਾਤੀ/ਐੱਸ. ਟੀ. ਅਤੇ ਘੱਟ ਗਿਣਤੀ ਵਰਗਾਂ ਦੇ ਲੋਕਾਂ ਨੂੰ ਕੇਂਦਰ ਤੇ ਸੂਬਾ ਸਰਕਾਰ ਦੀਆਂ ਯੋਜਨਾਵਾਂ ਨਾਲ ਜੋੜ ਕੇ ਸਟਾਰਟਅਪ ਲਈ ਅੱਗੇ ਲਿਆਉਣਾ ਹੋਵੇਗਾ।

ਸਾਨੂੰ ਉਦਮਿਤਾ ਨੂੰ ਉਤਸ਼ਾਹਿਤ ਕਰਨ ਲਈ ਪੂੰਜੀ ਨਿਵੇਸ਼ ਦੇ ਨਾਲ-ਨਾਲ ਘਰੇਲੂ ਖਪਤ ਨੂੰ ਵੀ ਵਧਾਉਣਾ ਹੋਵੇਗਾ ਅਤੇ ਸਥਾਨਕ ਉੱਦਮੀਆਂ ਨੂੰ ਹੋਰ ਜ਼ਿਆਦਾ ਉਤਸ਼ਾਹਿਤ ਕਰਨਾ ਹੋਵੇਗਾ। ਅੱਜ ਸਾਡੇ ਉੱਦਮੀ ਚੀਨ ’ਚ ਫੈਕਟਰੀਆਂ ਲਗਾ ਕੇ ਉੱਥੇ ਮਾਲ ਬਣਾ ਕੇ ਭਾਰਤ ਅਤੇ ਹੋਰਨਾਂ ਦੇਸ਼ਾਂ ਨੂੰ ਬਰਾਮਦ ਕਰ ਰਹੇ ਹਨ।

ਦੇਸ਼ ਦੀਆਂ ਸਾਰੀਆਂ ਯੂਨੀਵਰਸਿਟੀਆਂ ਅਤੇ ਸਿੱਖਿਆ ਸੰਸਥਾਨਾਂ ’ਚ ਇਨਕਿਊਬੇਸ਼ਨ ਸੈਂਟਰ ਸਥਾਪਿਤ ਕੀਤੇ ਜਾਣ ਦੇ ਨਾਲ-ਨਾਲ ਰੋਜ਼ਗਾਰ ਕੇਂਦਰਾਂ ’ਚ ਬਲਾਕ ਤੇ ਤਹਿਸੀਲ ਪੱਧਰ ’ਤੇ ਕਰੀਅਰ ਕਾਊਂਸਲਿੰਗ ਸੈਂਟਰ ਸਥਾਪਿਤ ਕਰਨ ਦੀ ਲੋੜ ਹੈ, ਜੋ ਨਾ ਸਿਰਫ ਨੌਜਵਾਨਾਂ ਦੀ ਅਗਵਾਈ ਕਰਨਗੇ ਸਗੋਂ ਅੱਜ ਨਸ਼ੇ ਅਤੇ ਡਰੱਗ ਐਬਿਊਜ਼ ਦੀ ਸਮੱਸਿਆ ਨਾਲ ਨਜਿੱਠਣ ’ਚ ਵੀ ਫੈਸਲਾਕੁੰਨ ਭੂਮਿਕਾ ਨਿਭਾਉਣਗੇ, ਜਿਸ ਨਾਲ ਰਚਨਾਤਮਕ ਹੁਨਰ ਸੰਪੰਨ ਨਾਗਰਿਕਾਂ ਦਾ ਨਿਰਮਾਣ ਹੋਵੇਗਾ ਅਤੇ ਉਦਮਿਤਾ ਦੇ ਖੇਤਰ ਨੂੰ ਨਵੇਂ ਖੰਭ ਲੱਗ ਜਾਣਗੇ।


Harinder Kaur

Content Editor

Related News