ਪੰਜਾਬ ’ਚ ਵਿਰੋਧੀ ਧਿਰ ਨੂੰ SIR ਪ੍ਰਵਾਨ ਤਾਂ ਦੂਜੇ ਸੂਬਿਆਂ ’ਚ ਇਤਰਾਜ਼ ਕਿਉਂ? : ਜਾਖੜ

Wednesday, Oct 14, 2026 - 11:47 PM (IST)

ਪੰਜਾਬ ’ਚ ਵਿਰੋਧੀ ਧਿਰ ਨੂੰ SIR ਪ੍ਰਵਾਨ ਤਾਂ ਦੂਜੇ ਸੂਬਿਆਂ ’ਚ ਇਤਰਾਜ਼ ਕਿਉਂ? : ਜਾਖੜ

ਚੰਡੀਗੜ੍ਹ/ਜਲੰਧਰ (ਅੰਕੁਰ, ਵਿਸ਼ੇਸ਼) - ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਾਂਗਰਸ ’ਤੇ ਦੋਸ਼ ਲਾਇਆ ਕਿ ਦੇਸ਼ ਭਰ ’ਚ ਆਪਣਾ ਜਨ ਆਧਾਰ ਗੁਆਉਣ ਤੋਂ ਬਾਅਦ ਉਹ ਚੋਣ ਕਮਿਸ਼ਨ ਵਰਗੀਆਂ ਸੰਵਿਧਾਨਕ ਸੰਸਥਾਵਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਪੰਜਾਬ ਦੇ ਮੁੱਖ ਚੋਣ ਅਫ਼ਸਰ ਦੇ ਦਫ਼ਤਰ ਬਾਹਰ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ’ਚ ਵੋਟਰ ਸੂਚੀਆਂ ਦਾ ਐੱਸ. ਆਈ. ਆਰ. ਮੁਕੰਮਲ ਹੋ ਚੁੱਕਾ ਹੈ ਪਰ ਇਸੇ ਕਾਂਗਰਸ ਨੇ ਇੱਥੇ ਇਸ ਪ੍ਰਕਿਰਿਆ ’ਤੇ ਕੋਈ ਇਤਰਾਜ਼ ਨਹੀਂ ਪ੍ਰਗਟਾਇਆ।

ਜਾਖੜ ਨੇ ਪੰਜਾਬ ਕਾਂਗਰਸ ਦੇ ਮੌਜੂਦਾ ਤੇ ਸਾਬਕਾ ਪ੍ਰਧਾਨਾਂ, ਮੁੱਖ ਮੰਤਰੀ, ਵਿੱਤ ਮੰਤਰੀ ਤੇ ‘ਆਪ’ ਪ੍ਰਧਾਨ ਦੇ ਵਿਧਾਨ ਸਭਾ ਹਲਕਿਆਂ ਦੇ ਵੋਟਰਾਂ ਦੇ ਅੰਕੜੇ ਸਾਂਝੇ ਕਰਦਿਆਂ ਕਿਹਾ ਕਿ ਇਨ੍ਹਾਂ ’ਚੋਂ ਕਿਸੇ ਵੀ ਆਗੂ ਨੇ ਨਾ ਆਪਣੇ ਹਲਕੇ ’ਚ ਅਤੇ ਨਾ ਹੀ ਸੂਬੇ ’ਚ ਇਸ ਪ੍ਰਕਿਰਿਆ ’ਤੇ ਕੋਈ ਇਤਰਾਜ਼ ਪ੍ਰਗਟਾਇਆ।

ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਨੇ ਹਰ ਪੜਾਅ ’ਤੇ ਇਨ੍ਹਾਂ ਏਜੰਟਾਂ ਨਾਲ ਜਾਣਕਾਰੀ ਸਾਂਝੀ ਕੀਤੀ ਤੇ ਪ੍ਰਕਿਰਿਆ ਸਬੰਧੀ ਉਨ੍ਹਾਂ ਦੀ ਲਿਖਤੀ ਸਹਿਮਤੀ ਵੀ ਲਈ। ਉਨ੍ਹਾਂ ਦਾਅਵਾ ਕੀਤਾ ਕਿ ਪੂਰੀ ਪ੍ਰਕਿਰਿਆ ਦੌਰਾਨ ਪੰਜਾਬ ’ਚ ਇਕ ਵੀ ਯੋਗ ਵੋਟਰ ਸਾਹਮਣੇ ਆ ਕੇ ਇਹ ਨਹੀਂ ਕਹਿ ਸਕਿਆ ਕਿ ਉਸ ਦਾ ਨਾਂ ਵੋਟਰ ਸੂਚੀ ’ਚੋਂ ਗ਼ਲਤ ਤਰੀਕੇ ਨਾਲ ਕੱਟਿਆ ਗਿਆ ਹੈ। ਇਸ ਦੇ ਬਾਵਜੂਦ ਪੰਜਾਬ ਕਾਂਗਰਸ ਦੇ ਆਗੂ ਐੱਸ. ਆਈ. ਆਰ. ਖ਼ਿਲਾਫ਼ ਪ੍ਰਦਰਸ਼ਨ ਕਰਨ ਲਈ ਦਿੱਲੀ ਜਾ ਰਹੇ ਹਨ। ‘ਆਪ’ ਆਗੂਆਂ ਨੇ ਵੀ 10 ਅਕਤੂਬਰ ਨੂੰ ਚੰਡੀਗੜ੍ਹ ’ਚ ਇਸ ਪ੍ਰਕਿਰਿਆ ਖ਼ਿਲਾਫ਼ ਪ੍ਰਦਰਸ਼ਨ ਕੀਤਾ ਸੀ ਜਦਕਿ 12 ਅਕਤੂਬਰ ਨੂੰ ਦੋਵਾਂ ਪਾਰਟੀਆਂ ਦੇ ਨੁਮਾਇੰਦੇ ਮੁੱਖ ਚੋਣ ਅਫ਼ਸਰ ਦਾ ਧੰਨਵਾਦ ਕਰਕੇ ਆਏ ਸਨ।

ਜਾਖੜ ਨੇ ਕਿਹਾ ਕਿ ਵਿਰੋਧੀ ਧਿਰ ਗੁਆਚਿਆ ਜਨ ਆਧਾਰ ਮੁੜ ਹਾਸਲ ਕਰਨ ਲਈ ਇਸ ਪ੍ਰਕਿਰਿਆ ਨੂੰ ਸਿਆਸੀ ਮੁੱਦਾ ਬਣਾ ਰਹੀ ਹੈ ਜਦਕਿ ਉਨ੍ਹਾਂ ਅਨੁਸਾਰ ਇਹ ਪੂਰੇ ਦੇਸ਼ ’ਚ ਇੱਕੋ ਜਿਹੀ ਵਿਧੀ ਨਾਲ ਹੋ ਰਹੀ ਹੈ ਤੇ ਅਜਿਹੀ ਸੁਧਾਈ ਪਹਿਲਾਂ ਵੀ ਕਈ ਵਾਰ ਹੋ ਚੁੱਕੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਆਪਣਾ ਸੰਗਠਨ ਮਜ਼ਬੂਤ ਕਰਨ ਦੀ ਬਜਾਏ ਕਾਂਗਰਸ ਆਪਣਾ ਸਾਰਾ ਜ਼ੋਰ ਸੰਵਿਧਾਨਕ ਸੰਸਥਾਵਾਂ ਨੂੰ ਕਮਜ਼ੋਰ ਕਰਨ ’ਤੇ ਲਾ ਰਹੀ ਹੈ।

ਜਾਖੜ ਨੇ ਸਵਾਲ ਕੀਤਾ ਕਿ ਜਦੋਂ ਪੰਜਾਬ ’ਚ ਐੱਸ.ਆਈ.ਆਰ. ਸਹੀ ਤਰੀਕੇ ਨਾਲ ਮੁਕੰਮਲ ਹੋ ਗਿਆ ਹੈ ਤਾਂ ਉਨ੍ਹਾਂ ਹੀ ਨਿਯਮਾਂ ਅਨੁਸਾਰ ਦੂਜੇ ਸੂਬਿਆਂ ’ਚ ਹੋ ਰਹੀ ਇਹੀ ਪ੍ਰਕਿਰਿਆ ਗ਼ਲਤ ਕਿਵੇਂ ਹੋ ਸਕਦੀ ਹੈ?

ਝੋਟਾ ਦੀ ਹੱਤਿਆ ਦੀ ਕੀਤੀ ਨਿਖੇਧੀ
ਮਾਨਸਾ ’ਚ ਪਰਮਿੰਦਰ ਸਿੰਘ ਝੋਟਾ ਦੀ ਹੱਤਿਆ ’ਤੇ ਦੁੱਖ ਪ੍ਰਗਟਾਉਂਦਿਆਂ ਜਾਖੜ ਨੇ ਕਿਹਾ ਕਿ ਭਗਵੰਤ ਮਾਨ ਮੁੱਖ ਮੰਤਰੀ ਕਹਾਉਣ ਦਾ ਹੱਕ ਗੁਆ ਚੁੱਕੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਦੀ ਸਰਪ੍ਰਸਤੀ ਹੇਠ ਨਸ਼ਾ ਵਿਕ ਰਿਹਾ ਹੈ। ਜਾਖੜ ਨੇ ਸਵਾਲ ਕੀਤਾ ਕਿ ਝੋਟਾ ਦੀ ਹੱਤਿਆ ਦੇ ਮੁਲਜ਼ਮ ਖ਼ਿਲਾਫ਼ ਚਾਰ ਕੇਸ ਦਰਜ ਹੋਣ ਦੇ ਬਾਵਜੂਦ ਉਸ ਦਾ ਅਸਲਾ ਲਾਇਸੈਂਸ ਕਿਵੇਂ ਬਣ ਗਿਆ। ਉਨ੍ਹਾਂ ਪੁੱਛਿਆ ਕਿ ਕੀ ਇਹ ਇਸ ਗੱਲ ਦਾ ਸੰਕੇਤ ਨਹੀਂ ਕਿ ਸਮੱਗਲਰਾਂ ਨੂੰ ਸਰਕਾਰੀ ਸਰਪ੍ਰਸਤੀ ਹਾਸਲ ਹੈ। ਉਨ੍ਹਾਂ ਦੋਸ਼ ਲਾਇਆ ਕਿ ‘ਆਪ’ ਸਰਕਾਰ ਦਾ ਏਜੰਡਾ ਸਮਾਜ ’ਚ ਇੰਨਾ ਡਰ ਪੈਦਾ ਕਰਨਾ ਹੈ ਕਿ ਕੋਈ ਵੀ ਆਵਾਜ਼ ਚੁੱਕਣ ਦੀ ਹਿੰਮਤ ਨਾ ਕਰੇ।
 


author

Inder Prajapati

Content Editor

Related News