ਪੰਜਾਬ ''ਚ ਨਸ਼ੇ ਅਤੇ ਭ੍ਰਿਸ਼ਟਾਚਾਰ ਨੂੰ ਲੈ ਕੇ ਸ਼ਵੇਤ ਮਲਿਕ ਦਾ ਵੱਡਾ ਬਿਆਨ

Tuesday, Oct 06, 2026 - 06:28 PM (IST)

ਪੰਜਾਬ ''ਚ ਨਸ਼ੇ ਅਤੇ ਭ੍ਰਿਸ਼ਟਾਚਾਰ ਨੂੰ ਲੈ ਕੇ ਸ਼ਵੇਤ ਮਲਿਕ ਦਾ ਵੱਡਾ ਬਿਆਨ

ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸਾਬਕਾ ਸੂਬਾ ਪ੍ਰਧਾਨ ਸ਼ਵੇਤ ਮਲਿਕ ਨੇ ਮੰਗਲਵਾਰ ਨੂੰ ਪੰਜਾਬ ਦੀ ਵਿਗੜ ਰਹੀ ਕਾਨੂੰਨ ਵਿਵਸਥਾ 'ਤੇ ਡੂੰਘੀ ਚਿੰਤਾ ਜਤਾਈ। ਉਨ੍ਹਾਂ ਕਿਹਾ ਕਿ ਇਸ ਦਾ ਸਭ ਤੋਂ ਵੱਡਾ ਕਾਰਨ ਉੱਪਰੋਂ ਆ ਰਿਹਾ ਭ੍ਰਿਸ਼ਟਾਚਾਰ ਹੈ ਜਦੋਂ ਮੁੱਖ ਮੰਤਰੀ ਦਫ਼ਤਰ ਅਤੇ ਮੁੱਖ ਮੰਤਰੀ ਦੀ ਪਤਨੀ 'ਤੇ ਹੀ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲੱਗਣ ਲੱਗ ਜਾਣ ਤਾਂ ਹੇਠਾਂ ਥਾਣਿਆਂ ਅਤੇ ਜੇਲ੍ਹਾਂ ਵਿੱਚ ਇਹ ਸਭ ਹੋਣਾ ਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਢਹਿ-ਢੇਰੀ ਹੋ ਚੁੱਕੀ ਹੈ। ਅੱਜ ਹਾਲਾਤ ਇਹ ਹਨ ਕਿ ਸੂਬੇ ਦੀਆਂ ਜੇਲ੍ਹਾਂ ਵਿਚ ਖੁੱਲ੍ਹੇਆਮ ਨਸ਼ਾ ਮਿਲ ਰਿਹਾ ਹੈ, ਮੋਬਾਈਲ ਫੋਨ ਮਿਲ ਰਹੇ ਹਨ। ਜੇਲ੍ਹ ਦੇ ਅੰਦਰੋਂ ਹੀ ਗੈਂਗ ਚੱਲ ਰਹੇ ਹਨ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਅੱਖਾਂ ਬੰਦ ਕਰਕੇ ਬੈਠੀ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਸ਼ਰਮਨਾਕ ਗੱਲ ਇਹ ਹੈ ਕਿ ਹੁਣ ਤਾਂ ਪੁਲਸ ਵਾਲੇ ਹੀ ਨਸ਼ਾ ਵੇਚਦੇ ਫੜੇ ਜਾ ਰਹੇ ਹਨ। ਖੰਨਾ ਵਿਚ ਪੁਲਸ ਲਾਈਨ ਵਿਚ ਤਾਇਨਾਤ ਇਕ ਸਿਪਾਹੀ ਨਸ਼ਾ ਵੇਚਣ ਅਤੇ ਖੁਦ ਨਸ਼ਾ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਹੋਇਆ ਹੈ। ਇਕ ਹੋਮਗਾਰਡ ਦਾ ਜਵਾਨ ਨਸ਼ੇ ਦੀ ਹਾਲਤ ਵਿਚ ਫੜਿਆ ਗਿਆ ਹੈ, ਜੋ ਡੋਪ ਟੈਸਟ ਵਿੱਚ ਫੇਲ ਹੋ ਗਿਆ। ਇਹ ਦੋਵੇਂ ਮਾਮਲੇ ਦੱਸਦੇ ਹਨ ਕਿ ਵਰਦੀ ਦੇ ਅੰਦਰ ਤੱਕ ਨਸ਼ਾ ਵੜ ਚੁੱਕਾ ਹੈ,"।

ਸ਼ਵੇਤ ਮਲਿਕ ਨੇ ਕਿਹਾ ਕਿ ਜਦੋਂ ਰਾਖਾ ਹੀ ਭਖਾ ਬਣ ਜਾਵੇਗਾ ਤਾਂ ਆਮ ਪੰਜਾਬੀ ਕਿੱਥੇ ਜਾਵੇਗਾ? ਪੂਰਾ ਸਿਸਟਮ ਅੰਦਰੋਂ ਸੜ ਚੁੱਕਾ ਹੈ।" ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਕਿਹਾ ਸੀ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ, ਨਸ਼ਾ ਖਤਮ ਕਰਾਂਗੇ। ਪਰ ਅੱਜ ਇਨ੍ਹਾਂ ਨੇ ਪੰਜਾਬ ਨੂੰ ਨਸ਼ੇ ਵਾਲਾ ਪੰਜਾਬ ਬਣਾ ਦਿੱਤਾ ਹੈ। "ਖਾਕੀ ਦੇ ਅੰਦਰ ਚਿੱਟਾ ਅਤੇ ਜੇਲ੍ਹ ਦੇ ਅੰਦਰ ਮੋਬਾਈਲ, ਇਹੀ ਇਨ੍ਹਾਂ ਦੀ ਉਪਲੱਬਧੀ ਹੈ। ਇਨ੍ਹਾਂ ਮਾਮਲਿਆਂ ਨੇ ਫਿਰ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਸਰਕਾਰ ਨਸ਼ਾ ਤਸਕਰਾਂ ਨਾਲ ਮਿਲੀ ਹੋਈ ਹੈ।

ਸ਼ਵੇਤ ਮਲਿਕ ਨੇ ਮੰਗ ਕੀਤੀ ਕਿ ਜੇਲ੍ਹਾਂ ਵਿੱਚ ਨਸ਼ਾ ਸਪਲਾਈ ਅਤੇ ਪੁਲਿਸ ਮੁਲਾਜ਼ਮਾਂ ਦੀ ਨਸ਼ਾ ਤਸਕਰੀ ਵਿੱਚ ਸ਼ਮੂਲੀਅਤ ਦੀ ਜਾਂਚ ਹਾਈਕੋਰਟ ਦੇ ਮੌਜੂਦਾ ਜੱਜ ਤੋਂ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵਰਗਾ ਨਿਕੰਮਾ ਮੁੱਖ ਮੰਤਰੀ ਸੂਬੇ ਨੂੰ ਅੱਜ ਤੱਕ ਨਹੀਂ ਮਿਲਿਆ। ਇਹ ਸਰਕਾਰ ਨਸ਼ੇ ਅੱਗੇ ਗੋਡੇ ਟੇਕ ਚੁੱਕੀ ਹੈ।


author

Gurminder Singh

Content Editor

Related News