ਭ੍ਰਿਸ਼ਟਾਚਾਰ ਬੇਨਕਾਬ ਹੋਣ ’ਤੇ ਲੋਕਤੰਤਰ ਖਤਰੇ ਵਿਚ ਦੱਸਣਾ ਠੱਗੀ: ਅਸ਼ਵਨੀ ਸ਼ਰਮਾ

Sunday, May 10, 2026 - 02:19 PM (IST)

ਭ੍ਰਿਸ਼ਟਾਚਾਰ ਬੇਨਕਾਬ ਹੋਣ ’ਤੇ ਲੋਕਤੰਤਰ ਖਤਰੇ ਵਿਚ ਦੱਸਣਾ ਠੱਗੀ: ਅਸ਼ਵਨੀ ਸ਼ਰਮਾ

ਚੰਡੀਗੜ੍ਹ (ਅੰਕੁਰ): ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਵਿਚ ਲੋਕਤੰਤਰ ਜਾਂ ਸੰਵਿਧਾਨ ਨਹੀਂ, ਸਗੋਂ ਭ੍ਰਿਸ਼ਟ ਲੀਡਰ ਖਤਰੇ ਵਿਚ ਹਨ। ਉਨ੍ਹਾਂ ਇਹ ਗੱਲ ਇਕ ਪ੍ਰੈੱਸ ਕਾਨਫਰੰਸ ਦੌਰਾਨ ਕਹੀ, ਜਿੱਥੇ ਉਨ੍ਹਾਂ ਨੇ ਕਿਹਾ ਕਿ ਜਦੋਂ ਵੀ ਆਮ ਆਦਮੀ ਪਾਰਟੀ ਦੇ ਕਿਸੇ ਆਗੂ ਖ਼ਿਲਾਫ਼ ਜਾਂਚ ਏਜੰਸੀਆਂ ਕਾਰਵਾਈ ਕਰਦੀਆਂ ਹਨ ਤਾਂ ਇਹ ਲੋਕ ਪੰਜਾਬ, ਪੰਜਾਬੀਅਤ ਅਤੇ ਸੰਵਿਧਾਨ ਨੂੰ ਖਤਰੇ ਵਿਚ ਦੱਸ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦੇ ਹਨ।

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕੱਲ੍ਹ ਜਦੋਂ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਮਨੀ ਲਾਂਡਰਿੰਗ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਤਾਂ ਪੰਜਾਬ ਦੇ ਵਿੱਤ ਮੰਤਰੀ ਅਤੇ ਹੋਰ ਆਗੂ ਮੀਡੀਆ ਸਾਹਮਣੇ ਆ ਕੇ ਕਹਿਣ ਲੱਗੇ ਕਿ ਪੰਜਾਬ, ਸੰਵਿਧਾਨ ਅਤੇ ਲੋਕਤੰਤਰ ਖਤਰੇ ਵਿਚ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨਾ ਪਹਿਲਾਂ ਕਦੇ ਖਤਰੇ ਵਿਚ ਸੀ, ਨਾ ਹੁਣ ਹੈ ਅਤੇ ਨਾ ਹੀ ਕਦੇ ਹੋਵੇਗਾ। ਖਤਰੇ ਵਿਚ ਸਿਰਫ ਉਹ ਲੋਕ ਹਨ ਜੋ ਭ੍ਰਿਸ਼ਟਾਚਾਰ ਵਿਚ ਲਿਪਤ ਹਨ।

ਉਨ੍ਹਾਂ ਆਮ ਆਦਮੀ ਪਾਰਟੀ ’ਤੇ ਦੋਸ਼ ਲਗਾਇਆ ਕਿ ਇਹ ਲੋਕ ਪੰਜਾਬੀਆਂ ਦੀਆਂ ਭਾਵਨਾਵਾਂ ਨਾਲ ਖੇਡਦੇ ਹੋਏ ਗੁਰੂਆਂ, ਸ਼ਹੀਦਾਂ ਅਤੇ ਪੰਜਾਬੀਅਤ ਦਾ ਨਾਮ ਲੈ ਕੇ ਆਪਣਾ ਰਾਜਨੀਤਿਕ ਫਾਇਦਾ ਲੈਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੇ ਪਹਿਲਾਂ ਹੀ ਬਹੁਤ ਸੰਤਾਪ ਹੰਡਾਇਆ ਤਾ ਹੈ ਅਤੇ ਹੁਣ ਪੰਜਾਬੀ ਇਸ ਤਰ੍ਹਾਂ ਦੀ ਰਾਜਨੀਤੀ ਨੂੰ ਸਮਝ ਚੁੱਕੇ ਹਨ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਜਿਹੜੇ ਲੋਕ ਕਿਸਾਨਾਂ ਦੀ ਜ਼ਮੀਨ ਕੋਡੀਆਂ ਦੇ ਭਾਅ ਖਰੀਦ ਕੇ ਬਾਅਦ ਵਿਚ ਉਸ ਦੀ ਲੈਂਡ ਯੂਜ਼ ਚੇਂਜ ਕਰਵਾ ਕੇ ਕਰੋੜਾਂ-ਅਰਬਾਂ ਦੇ ਘਪਲੇ ਕਰਦੇ ਹਨ, ਉਨ੍ਹਾਂ ਨੂੰ ਲੋਕਤੰਤਰ ਅਤੇ ਸੰਵਿਧਾਨ ਦੀ ਦੁਹਾਈ ਦੇਣ ਦਾ ਕੋਈ ਹੱਕ ਨਹੀਂ। ਉਨ੍ਹਾਂ ਕਿਹਾ ਕਿ ਜੇ ਈ.ਡੀ. ਨੇ ਤੀਜੀ ਵਾਰ ਰੇਡ ਕਰਕੇ ਗ੍ਰਿਫ਼ਤਾਰੀ ਕੀਤੀ ਹੈ ਤਾਂ ਇਸ ਦਾ ਮਤਲਬ ਹੈ ਕਿ ਮਾਮਲੇ ਵਿਚ ਪੱਕੇ ਸਬੂਤ ਮਿਲੇ ਹਨ।

ਉਨ੍ਹਾਂ ਕਿਹਾ ਕਿ ਜਦੋਂ ਪਹਿਲਾਂ ਹੋਰ ਪਾਰਟੀਆਂ ਦੇ ਨੇਤਾਵਾਂ ’ਤੇ ਜਾਂਚ ਏਜੰਸੀਆਂ ਨੇ ਕਾਰਵਾਈ ਕੀਤੀ ਸੀ, ਤਦ ਆਮ ਆਦਮੀ ਪਾਰਟੀ ਕਹਿੰਦੀ ਸੀ ਕਿ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ। ਹੁਣ ਜਦੋਂ ਉਨ੍ਹਾਂ ਦੇ ਆਪਣੇ ਮੰਤਰੀ ਫੜੇ ਗਏ ਹਨ ਤਾਂ ਇਹ ਇਸ ਨੂੰ ਸਿਆਸੀ ਬਦਲਾ ਦੱਸ ਰਹੇ ਹਨ। ਉਨ੍ਹਾਂ ਕਿਹਾ ਕਿ ਕਾਨੂੰਨ ਸਾਰਿਆਂ ਲਈ ਇੱਕੋ ਜਿਹਾ ਹੋਣਾ ਚਾਹੀਦਾ ਹੈ। ਭਾਜਪਾ ਆਗੂ ਨੇ ਦੋਸ਼ ਲਾਇਆ ਕਿ ਲੁਧਿਆਣਾ ਵਿਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਭਾਜਪਾ ਦਫ਼ਤਰ ਵਿਚ ਦਾਖ਼ਲ ਹੋ ਕੇ ਪਾਰਟੀ ਕਰਮਚਾਰੀਆਂ ਨਾਲ ਧੱਕਾ-ਮੁੱਕੀ ਅਤੇ ਦੁਰਵਿਵਹਾਰ ਕੀਤਾ। ਉਨ੍ਹਾਂ ਕਿਹਾ ਕਿ ਇਹ ਸਿੱਧਾ ਲੋਕਤੰਤਰ ’ਤੇ ਹਮਲਾ ਹੈ। ਉਨ੍ਹਾਂ ਕਿਹਾ ਕਿ ਇਸ ਦੌਰਾਨ ਭਾਜਪਾ ਕਾਰਕੁਨਾਂ ਨੂੰ ਸੱਟਾਂ ਵੀ ਲੱਗੀਆਂ, ਪਰ ਪੰਜਾਬ ਪੁਲਸ ਸਿਰਫ ਮੂਕ ਦਰਸ਼ਕ ਬਣੀ ਰਹੀ।


 


author

Anmol Tagra

Content Editor

Related News