ਸਨੈਚਿੰਗ ਤੇ ਲੁੱਟਖੋਹ ਰੋਕਣ ਲਈ ਵਿਕਾਸ ਮਾਰਗ ਨਾਲ ਲੱਗੇ ਟਰੈਕਾਂ ’ਤੇ ਲੱਗਣਗੀਆਂ ਸਟਰੀਟ ਲਾਈਟਾਂ

Tuesday, Jun 23, 2026 - 01:07 PM (IST)

ਸਨੈਚਿੰਗ ਤੇ ਲੁੱਟਖੋਹ ਰੋਕਣ ਲਈ ਵਿਕਾਸ ਮਾਰਗ ਨਾਲ ਲੱਗੇ ਟਰੈਕਾਂ ’ਤੇ ਲੱਗਣਗੀਆਂ ਸਟਰੀਟ ਲਾਈਟਾਂ

ਚੰਡੀਗੜ੍ਹ (ਸ਼ੀਨਾ) : ਦੱਖਣੀ ਸੈਕਟਰਾਂ ’ਚ ਸਾਈਕਲ ਸਵਾਰਾਂ ਅਤੇ ਪੈਦਲ ਯਾਤਰੀਆਂ ਦੀ ਸੁਰੱਖਿਆ ਨੂੰ ਮਜ਼ਬੂਤ ਬਣਾਉਣ ਲਈ ਪ੍ਰਸ਼ਾਸਨ ਨੇ ਕਰੀਬ 1.95 ਕਰੋੜ ਰੁਪਏ ਦੀ ਲਾਗਤ ਨਾਲ ਸਾਈਕਲ ਟਰੈਕਾਂ ’ਤੇ ਸਟਰੀਟ ਲਾਈਟਾਂ ਲਾਉਣ ਦੀ ਯੋਜਨਾ ਤਿਆਰ ਕੀਤੀ ਹੈ। ਪ੍ਰਾਜੈਕਟ ਦਾ ਮਕਸਦ ਰਾਤ ਦੇ ਹਨ੍ਹੇਰੇ ’ਚ ਵਾਪਰਨ ਵਾਲੀਆਂ ਸਨੈਚਿੰਗ, ਲੁੱਟਖੋਹ ਤੇ ਹੋਰ ਅਪਰਾਧਿਕ ਘਟਨਾਵਾਂ ’ਤੇ ਰੋਕ ਲਾਉਣ ਦੇ ਨਾਲ-ਨਾਲ ਸਾਈਕਲ ਸਵਾਰਾਂ ਲਈ ਸੁਰੱਖਿਅਤ ਮਾਹੌਲ ਯਕੀਨੀ ਬਣਾਉਣਾ ਹੈ। ਅਧਿਕਾਰੀਆਂ ਮੁਤਾਬਕ ਇਨ੍ਹਾਂ ਟਰੈਕਾਂ ਦੇ ਆਲੇ-ਦੁਆਲੇ ਕਈ ਖਾਲੀ ਪਲਾਟ, ਦਰੱਖਤ ਤੇ ਘੱਟ ਆਬਾਦੀ ਵਾਲੇ ਖੇਤਰ ਹਨ, ਜਿਸ ਕਾਰਨ ਸ਼ਾਮ ਢਲਦੇ ਹੀ ਇਲਾਕਾ ਹਨੇਰੇ ’ਚ ਡੁੱਬ ਜਾਂਦਾ ਹੈ।

ਇਹੀ ਕਾਰਨ ਹੈ ਕਿ ਪਿਛਲੇ ਕੁਝ ਸਾਲਾਂ ਦੌਰਾਨ ਇੱਥੇ ਸੁਰੱਖਿਆ ਸਬੰਧੀ ਚਿੰਤਾਵਾਂ ਵਧੀਆਂ ਹਨ। ਪੁਲਸ ਰਿਕਾਰਡ ਵੀ ਦਰਸਾਉਂਦੇ ਹਨ ਕਿ ਘੱਟ ਰੌਸ਼ਨੀ ਅਤੇ ਸੁੰਨਸਾਨ ਇਲਾਕੇ ਅਪਰਾਧੀਆਂ ਲਈ ਆਸਾਨ ਨਿਸ਼ਾਨ ਬਣਦੇ ਰਹੇ ਹਨ। ਪ੍ਰਸ਼ਾਸਨ ਦਾ ਮੰਨਣਾ ਹੈ ਕਿ ਸਟਰੀਟ ਲਾਈਟਾਂ ਲੱਗਣ ਨਾਲ ਨਾ ਸਿਰਫ਼ ਦਿੱਖ ’ਚ ਸੁਧਾਰ ਆਵੇਗਾ, ਸਗੋਂ ਅਪਰਾਧਿਕ ਗਤੀਵਿਧੀਆਂ ’ਤੇ ਵੀ ਅੰਕੁਸ਼ ਲੱਗੇਗਾ। ਯੂ. ਟੀ. ਇੰਜੀਨੀਅਰਿੰਗ ਵਿਭਾਗ ਨੇ ਪ੍ਰਾਜੈਕਟ ਲਈ ਟੈਂਡਰ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਵਿਭਾਗ ਵੱਲੋਂ ਬੋਲੀਆਂ ਮੰਗੀਆਂ ਗਈਆਂ ਹਨ ਤੇ ਕੰਮ ਜਲਦ ਸ਼ੁਰੂ ਹੋਣ ਦੀ ਉਮੀਦ ਹੈ।
ਸ਼ਹਿਰ ’ਚ 200 ਕਿਲੋਮੀਟਰ ਤੋਂ ਵੱਧ ਲੰਬਾ ਸਾਈਕਲ ਟਰੈਕ
ਦੱਸਣਯੋਗ ਹੈ ਕਿ ਸ਼ਹਿਰ ’ਚ 200 ਕਿਲੋਮੀਟਰ ਤੋਂ ਵੱਧ ਲੰਬਾ ਸਾਈਕਲ ਟਰੈਕ ਹੈ, ਜਿਸ ਨੂੰ ਵਾਤਾਵਰਨ ਅਨੁਕੂਲ ਆਵਾਜਾਈ ਨੂੰ ਉਤਸ਼ਾਹਿਤ ਕਰਨ ਲਈ ਤਿਆਰ ਕੀਤਾ ਗਿਆ ਸੀ। ਹਾਲ ਹੀ ’ਚ ਡੀ. ਸੀ. ਨਿਸ਼ਾਂਤ ਕੁਮਾਰ ਯਾਦਵ ਨੇ ਵੀ ਇੰਜੀਨੀਅਰਿੰਗ ਵਿਭਾਗ ਨੂੰ ਸਾਈਕਲ ਟਰੈਕਾਂ ਦੀ ਉਸਾਰੀ ਲਈ ਕੰਕਰੀਟ ਦੀ ਥਾਂ ਬਿਟੂਮਨ ਦੀ ਵਰਤੋਂ ਕਰਨ ਦੇ ਨਿਰਦੇਸ਼ ਦਿੱਤੇ ਸਨ, ਤਾਂ ਜੋ ਸਾਈਕਲ ਸਵਾਰਾਂ ਨੂੰ ਹੋਰ ਸੁਵਿਧਾਜਨਕ ਤੇ ਆਰਾਮਦਾਇਕ ਸਫ਼ਰ ਮਿਲ ਸਕੇ।


author

Babita

Content Editor

Related News