ਨਾਮੀ ਕੰਪਨੀਆਂ ਦੇ ਨਾਂ ’ਤੇ ਨਕਲੀ ਤਾਰਾਂ ਵੇਚਣ ਵਾਲੇ ਖ਼ਿਲਾਫ਼ ਕੇਸ ਦਰਜ
Monday, Jun 15, 2026 - 01:29 PM (IST)
ਡੇਰਾਬੱਸੀ (ਵਿਕਰਮਜੀਤ) : ਡੇਰਾਬੱਸੀ ਪੁਲਸ ਨੇ ਨਾਮੀ ਕੰਪਨੀਆਂ ਦੇ ਨਾਂ ’ਤੇ ਨਕਲੀ ਬਿਜਲੀ ਤਾਰਾਂ ਵੇਚ ਕੇ ਦੁਕਾਨਦਾਰਾਂ ਨਾਲ ਧੋਖਾਧੜੀ ਕਰਨ ਦੇ ਦੋਸ਼ ਹੇਠ ਇੱਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਉਸ ਦੀ ਕਾਰ ਵਿੱਚੋਂ ਭਾਰੀ ਮਾਤਰਾ ਵਿੱਚ ਨਕਲੀ ਤਾਰਾਂ ਬਰਾਮਦ ਕੀਤੀਆਂ ਹਨ, ਜਦੋਂ ਕਿ ਮੁਲਜ਼ਮ ਅਜੇ ਫ਼ਰਾਰ ਹੈ। ਥਾਣਾ ਮੁਖੀ ਇੰਸਪੈਕਟਰ ਸੁਮਿਤ ਮੋਰ ਨੇ ਦੱਸਿਆ ਕਿ ਸੈਕਟਰ-34ਏ, ਚੰਡੀਗੜ੍ਹ ਸਥਿਤ ਇੱਕ ਕੰਪਨੀ ਦੇ ਫੀਲਡ ਅਫ਼ਸਰ ਸੁਖਪ੍ਰੀਤ ਪਾਉਲ ਦੀ ਸ਼ਿਕਾਇਤ ’ਤੇ ਕਾਰਵਾਈ ਕੀਤੀ ਗਈ।
ਸੂਚਨਾ ਮਿਲੀ ਸੀ ਕਿ ਇੱਕ ਵਿਅਕਤੀ ‘ਹੈਵਲ’ ਅਤੇ ‘ਪੋਲੀਕੈਬ’ ਕੰਪਨੀਆਂ ਦੇ ਨਾਂ ਹੇਠ ਨਕਲੀ ਤਾਰਾਂ ਵੇਚ ਰਿਹਾ ਹੈ। ਜਾਂਚ ਦੌਰਾਨ ਉਸ ਦੀ ਕਾਰ ਵਿੱਚੋਂ 60 ਡੱਬੇ ਨਕਲੀ ਪੋਲੀਕੈਬ ਅਤੇ 40 ਡੱਬੇ ਨਕਲੀ ਹੈਵਲ ਮਾਰਕਾ ਤਾਰਾਂ ਬਰਾਮਦ ਹੋਈਆਂ। ਪੁਲਸ ਨੇ ਮੁਲਜ਼ਮ ਦੀ ਪਛਾਣ ਸੁਮਿਤ ਪਵਾਰ ਵਾਸੀ ਕੁਰੂਕਸ਼ੇਤਰ (ਹਰਿਆਣਾ) ਵਜੋਂ ਕੀਤੀ ਹੈ। ਉਸ ਖ਼ਿਲਾਫ਼ ਕਾਪੀਰਾਈਟ ਐਕਟ ਅਤੇ ਬੀਐੱਨਐੱਸ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
