ਪੰਜਾਬ ''ਚ ਪੈ ਰਹੀ ਭਿਆਨਕ ਗਰਮੀ ਤੋਂ ਇਸ ਦਿਨ ਮਿਲ ਸਕਦੀ ਹੈ ਰਾਹਤ, ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ

Wednesday, Jun 10, 2026 - 12:18 PM (IST)

ਪੰਜਾਬ ''ਚ ਪੈ ਰਹੀ ਭਿਆਨਕ ਗਰਮੀ ਤੋਂ ਇਸ ਦਿਨ ਮਿਲ ਸਕਦੀ ਹੈ ਰਾਹਤ, ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ

ਚੰਡੀਗੜ੍ਹ/ਅੰਮ੍ਰਿਤਸਰ : ਪੰਜਾਬ ਵਿਚ ਜੂਨ ਮਹੀਨੇ ਦੀ ਗਰਮੀ ਨੇ ਲੋਕਾਂ ਨੂੰ ਘਰਾਂ ਵਿਚ ਰਹਿਣ ਲਈ ਮਜ਼ਬੂਰ ਕਰ ਦਿੱਤਾ ਹੈ। ਗੁਰੂ ਨਗਰੀ ਵਿਚ ਬੀਤੇ ਦਿਨੀਂ ਤਾਪਮਾਨ 43 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਵੱਲੋਂ ਅੱਜ ਪਾਰਾ 45 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਜਤਾਈ ਹੈ, ਜਿਸ ਦੇ ਨਾਲ ਤਿੱਖੀ ਧੁੱਪ ਅਤੇ ਵਾਤਾਵਰਣ ’ਚ ਵੱਧਦੀ ਤਪਸ਼ ਕਾਰਨ ਲੋਕਾਂ ਨੂੰ ਇਹ ਤਾਪਮਾਨ ਲਗਭਗ 47 ਡਿਗਰੀ ਵਾਂਗ ਮਹਿਸੂਸ ਹੋ ਸਕਦਾ ਹੈ। ਦੁਪਹਿਰ ਵੇਲੇ ਘਰ ਤੋਂ ਬਾਹਰ ਨਿਕਲਣਾ ਹੁਣ ਕਿਸੇ ਚੁਣੌਤੀ ਤੋਂ ਘੱਟ ਨਹੀਂ ਰਿਹਾ। ਲੋਕ ਜ਼ਰੂਰੀ ਕੰਮ ਵੀ ਸਵੇਰ ਜਾਂ ਸ਼ਾਮ ਦੇ ਸਮੇਂ ਨਿਪਟਾਉਣ ਨੂੰ ਤਰਜੀਹ ਦੇ ਰਹੇ ਹਨ ਤਾਂ ਜੋ ਤਪਦੀ ਧੁੱਪ ਤੋਂ ਬਚਿਆ ਜਾ ਸਕੇ। ਇਸ ਭਿਆਨਕ ਗਰਮੀ ਦਾ ਅਸਰ ਸਿਰਫ਼ ਲੋਕਾਂ ਦੀ ਸਿਹਤ ਤੱਕ ਹੀ ਸੀਮਿਤ ਨਹੀਂ, ਸਗੋਂ ਰੋਜ਼ਾਨਾ ਦੇ ਕੰਮਕਾਜ ਅਤੇ ਆਰਥਿਕ ਗਤੀਵਿਧੀਆਂ ’ਤੇ ਵੀ ਸਾਫ਼ ਦਿਖਾਈ ਦੇ ਰਿਹਾ ਹੈ। ਡਿਲਵਰੀ ਕਰਮਚਾਰੀ, ਦਿਹਾੜੀਦਾਰ ਮਜ਼ਦੂਰ ਅਤੇ ਖੁੱਲ੍ਹੇ ਆਸਮਾਨ ਹੇਠ ਕੰਮ ਕਰਨ ਵਾਲੇ ਲੋਕ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਨ। ਭਿਆਨਕ ਗਰਮੀ ਵਿਚ ਲੰਬੇ ਸਮੇਂ ਤੱਕ ਕੰਮ ਕਰਨਾ ਸਿਹਤ ਲਈ ਖ਼ਤਰਨਾਕ ਸਾਬਤ ਹੋ ਸਕਦਾ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਬਾਰੇ ਵੱਡੀ ਖ਼ਬਰ, ਹੋਸ਼ ਉਡਾ ਦੇਣ ਵਾਲੀ ਰਿਪੋਰਟ ਆਈ ਸਾਹਮਣੇ

ਕਦੋਂ ਮਿਲੇਗੀ ਗਰਮੀ ਤੋਂ ਰਾਹਤ

ਮੌਸਮ ਵਿਭਾਗ ਅਨੁਸਾਰ ਮਾਨਸੂਨ ਅਜੇ ਪੰਜਾਬ ਨਹੀਂ ਪਹੁੰਚਿਆ ਹੈ। 11 ਜੂਨ ਤੋਂ ਬਾਅਦ ਪੱਛਮੀ ਗੜਬੜੀ ਅਤੇ ਟ੍ਰਫ ਦੇ ਪ੍ਰਭਾਵ ਕਾਰਨ ਕੁਝ ਇਲਾਕਿਆਂ ਵਿਚ ਗਰਜ, ਤੇਜ਼ ਹਵਾਵਾਂ ਅਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਇਸ ਦਰਮਿਆਨ ਕੁਝ ਜ਼ਿਲ੍ਹਿਆਂ ਵਿਚ ਗੜ੍ਹੇਮਾਰੀ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਮਾਨਸੂਨ ਦੇ ਜੂਨ ਦੇ ਆਖਰੀ ਹਫ਼ਤੇ ਦੇ ਆਸਪਾਸ ਪੰਜਾਬ ਪਹੁੰਚਣ ਦੀ ਉਮੀਦ ਹੈ ਹਾਲਾਂਕਿ ਇਸਦੀ ਰਫ਼ਤਾਰ ਆਉਣ ਵਾਲੇ ਦਿਨਾਂ ਵਿਚ ਮੌਸਮ 'ਤੇ ਨਿਰਭਰ ਕਰੇਗੀ। ਦੂਜੇ ਪਾਸੇ ਤਪਦੀ ਗਰਮੀ ਦਾ ਅਸਰ ਸਿਰਫ਼ ਇਨਸਾਨਾਂ ਤੱਕ ਹੀ ਸੀਮਿਤ ਨਹੀਂ ਰਿਹਾ, ਸਗੋਂ ਇਸ ਦਾ ਪ੍ਰਭਾਵ ਬੇਜ਼ੁਬਾਨ ਪਸ਼ੂਆਂ ਅਤੇ ਪੰਛੀਆਂ ’ਤੇ ਵੀ ਡੂੰਘਾ ਪੈ ਰਿਹਾ ਹੈ। ਜਿਥੇ ਲੋਕ ਗਰਮੀ ਤੋਂ ਬਚਣ ਲਈ ਏ. ਸੀ, ਕੂਲਰਾਂ ਅਤੇ ਪੱਖਿਆਂ ਦਾ ਸਹਾਰਾ ਲੈ ਰਹੇ ਹਨ, ਉਥੇ ਆਵਾਰਾ ਪਸ਼ੂ ਅਤੇ ਪੰਛੀ ਕੁਦਰਤ ਦੇ ਭਰੋਸੇ ਇਸ ਭਿਆਨਕ ਮੌਸਮ ਦਾ ਸਾਹਮਣਾ ਕਰਨ ਲਈ ਮਜਬੂਰ ਹਨ।

ਇਹ ਵੀ ਪੜ੍ਹੋ : ਪਟਿਆਲਾ ਵਿਚ ਲਗਾਈ ਗਈ ਧਾਰਾ 144, ਸਖ਼ਤ ਹੁਕਮ ਹੋਏ ਜਾਰੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

 


author

Gurminder Singh

Content Editor

Related News