ਓਂਟਾਰੀਓ ਦੇ ਸਕੂਲ ਖੋਲ੍ਹਣ ਦੇ ਫ਼ੈਸਲੇ 'ਤੇ ਟੀਚਰ ਸੰਗਠਨਾਂ ਦਾ ਨਿਸ਼ਾਨਾ

Saturday, Aug 01, 2020 - 03:32 PM (IST)

ਓਂਟਾਰੀਓ ਦੇ ਸਕੂਲ ਖੋਲ੍ਹਣ ਦੇ ਫ਼ੈਸਲੇ 'ਤੇ ਟੀਚਰ ਸੰਗਠਨਾਂ ਦਾ ਨਿਸ਼ਾਨਾ

ਟੋਰਾਂਟੋ— ਓਂਟਾਰੀਓ ਵੱਲੋਂ ਸਤੰਬਰ 'ਚ ਸਕੂਲ ਮੁੜ ਖੋਲ੍ਹਣ ਦੀ ਯੋਜਨਾ ਨੂੰ ਲੈ ਕੇ ਅਧਿਆਪਕ ਸੰਗਠਨਾਂ ਨੇ ਸੂਬਾ ਸਰਕਾਰ 'ਤੇ ਤਿੱਖਾ ਨਿਸ਼ਾਨਾ ਵਿੰਨ੍ਹਿਆ ਹੈ।

ਸੂਬੇ ਦੀਆਂ ਚਾਰ ਅਧਿਆਪਕ ਯੂਨੀਅਨਾਂ- ਐਲੀਮੈਂਟਰੀ ਟੀਚਰਜ਼ ਫੈਡਰੇਸ਼ਨ ਆਫ਼ ਓਂਟਾਰੀਓ (ਈ. ਟੀ. ਐੱਫ. ਓ.), ਓਂਟਾਰੀਓ ਸੈਕੰਡਰੀ ਸਕੂਲ ਟੀਚਰਜ਼ ਫੈਡਰੇਸ਼ਨ (ਓ. ਐੱਸ.ਐਸ.ਟੀ. ਐੱਫ./ਫੇਸੋ), ਐਸੋਸੀਏਸ਼ਨ ਡੇਸ ਐਨਸੈਗਨੈਂਟਸ ਐਟ ਡੇਸ ਐਂਸੀਜੈਂਟਸ ਫ੍ਰੈਂਕੋ-ਓਂਟਾਰੀਨਜ਼ (ਏ. ਈ. ਐੱਫ. ਓ.) ਤੇ ਓਂਟਾਰੀਓ ਇੰਗਲਿਸ਼ ਕੈਥੋਲਿਕ ਟੀਚਰਜ਼ ਐਸੋਸੀਏਸ਼ਨ (ਓ. ਈ. ਸੀ. ਟੀ. ਏ.) ਨੇ ਇਕ ਸਾਂਝਾ ਬਿਆਨ ਜਾਰੀ ਕਰਦਿਆਂ ਸੂਬਾ ਸਰਕਾਰ 'ਤੇ ਦੋਸ਼ ਲਾਇਆ ਕਿ ਉਹ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਖ਼ਤਰੇ 'ਚ ਪਾ ਰਹੀ ਹੈ।

ਏ. ਈ. ਐੱਫ. ਓ. ਦੇ ਪ੍ਰਧਾਨ ਰਮੀ ਸਬੌਰੀਨ ਨੇ ਇਸ ਯੋਜਨਾ ਨੂੰ ਨਾਕਾਮ ਕਰਾਰ ਦਿੱਤਾ ਅਤੇ ਕਿਹਾ, ''ਸਕੂਲਾਂ 'ਚ ਸੁਰੱਖਿਅਤ ਵਾਪਸੀ ਨੂੰ ਸਹਾਇਤਾ ਦੇਣ ਲਈ 3 ਬਿਲੀਅਨ ਡਾਲਰ ਦੀ ਫੰਡਿੰਗ ਬਹੁਤ ਘੱਟ ਪਵੇਗੀ।"
ਉਨ੍ਹਾਂ ਕਿਹਾ ਕਿ ਸਫ਼ਾਈ ਸੇਵਕਾਂ, ਮਾਸਕ ਅਤੇ ਨਿੱਜੀ ਸੁਰੱਖਿਆ ਉਪਕਰਣਾਂ, ਸਟਾਫ ਅਤੇ ਵਾਧੂ ਸਿਖਿਅਕਾਂ ਦੀ ਸਿਹਤ ਅਤੇ ਸੁਰੱਖਿਆ ਨੂੰ ਵਧਾਉਣ ਅਤੇ ਸੂਕਲਾਂ 'ਚ ਚੰਗੀ ਤਰ੍ਹਾਂ ਸਫਾਈ ਲਈ ਵਧੇਰੇ ਫੰਡ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਇਹ ਯੋਜਨਾ ਓਂਟਾਰੀਓ ਸੂਬੇ ਦੇ ਹਰ ਵਿਦਿਆਰਥੀ, ਹਰੇਕ ਮਾਪਿਆਂ ਅਤੇ ਹਰ ਸਿੱਖਿਅਕ ਦਾ ਅਪਮਾਨ ਹੈ। ਉਨ੍ਹਾਂ ਅੱਗੇ ਕਿਹਾ ਕਿ ਸੂਬਾ ਸਰਕਾਰ ਕੋਲ ਇਕ ਗੰਭੀਰ ਰਣਨੀਤੀ ਦੇ ਨਾਲ ਸਾਹਮਣੇ ਆਉਣ ਲਈ ਘੱਟੋ-ਘੱਟ ਚਾਰ ਮਹੀਨੇ ਸਨ ਪਰ ਹੁਣ ਦੀ ਘੋਸ਼ਣਾ ਨਾਲ ਇਹ ਸਪੱਸ਼ਟ ਹੈ ਕਿ ਸਰਕਾਰ ਨੇ ਸਮਾਂ ਬਰਾਬਦ ਕੀਤਾ ਹੈ। ਗੌਰਤਲਬ ਹੈ ਕਿ ਸਿੱਖਿਆ ਮੰਤਰੀ ਨੇ ਵੀਰਵਾਰ ਨੂੰ ਸਕੂਲ ਮੁੜ ਖੋਲ੍ਹਣ ਦਾ ਖਾਕਾ ਜਾਰੀ ਕੀਤਾ ਹੈ। ਸਕੂਲ ਮਹਾਮਾਰੀ ਕਾਰਨ ਮਾਰਚ ਤੋਂ ਬੰਦ ਹਨ। ਸਰਕਾਰ ਨੇ ਮਾਪਿਆਂ ਨੂੰ ਸਤੰਬਰ 'ਚ ਬੱਚਿਆਂ ਨੂੰ ਸਕੂਲ ਵਾਪਸ ਭੇਜਣ ਜਾਂ ਰਿਮੋਰਟ ਲਰਨਿੰਗ ਦਾ ਬਦਲ ਦਿੱਤਾ ਹੈ।


author

Sanjeev

Content Editor

Related News