ਰਾਣਾ ਕੇ.ਪੀ. ਵਲੋਂ ਕੈਨੇਡੀਅਨ ਵਫਦ ਨੂੰ ਮਾਂ ਭੂਮੀ ਲਈ ਲੋਗਦਾਨ ਪਾਉਣ ਦੀ ਅਪੀਲ

Saturday, Jan 13, 2018 - 12:12 AM (IST)

ਚੰਡੀਗੜ (ਭੁੱਲਰ)— ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨਾਲ ਅੱਜ ਉਨ੍ਹਾਂ ਦੇ ਦਫਤਰ ਵਿਖੇ ਇੰਡੋ-ਕੈਨੇਡਾ ਚੈਂਬਰ ਆਫ ਕਾਮਰਸ ਦੇ ਇਕ ਵਫਦ ਨੇ ਕੰਵਰ ਧੰਜਲ ਦੀ ਪ੍ਰਧਾਨਗੀ ਹੇਠ ਮੁਲਾਕਾਤ ਕੀਤੀ। ਇਸ ਦੌਰਾਨ ਪੰਜਾਬ ਅਤੇ ਕੈਨੇਡਾ ਵਿਚਕਾਰ ਵਪਾਰਕ ਮਾਹੌਲ ਨੂੰ ਵਧਾਉਣ ਲਈ ਵਿਚਾਰ-ਵਟਾਂਦਰਾ ਕੀਤਾ ਗਿਆ। ਰਾਣਾ ਕੇ.ਪੀ. ਸਿੰਘ ਨੇ ਵਫਦ ਮੈਂਬਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ 'ਚ ਇਸ ਸਮੇਂ ਵਪਾਰ ਲਈ ਢੁਕਵਾਂ ਮਾਹੌਲ ਹੈ ਅਤੇ ਬਹੁਤ ਸਾਰੀਆਂ ਉਦਯੋਗ ਪੱਖੀ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੈਨੇਡਾ ਦੀ ਧਰਤੀ 'ਤੇ ਜਾ ਕੇ ਭਾਰਤੀਆਂ ਖਾਸ ਤੌਰ 'ਤੇ ਪੰਜਾਬੀਆਂ ਨੇ ਚਰਚਾਯੋਗ ਤਰੱਕੀ ਕੀਤੀ ਹੈ ਅਤੇ ਕੈਨੇਡਾ ਦੀ ਆਰਥਿਕਤਾ ਨੂੰ ਵੱਡਾ ਹੁਲਾਰਾ ਦਿੱਤਾ ਹੈ। ਉਨ੍ਹਾਂ ਵਫਦ ਮੈਂਬਰਾਂ ਨੂੰ ਅਪੀਲ ਕੀਤੀ ਕਿ ਆਪਣੀ ਮਾਂ ਭੂਮੀ ਪੰਜਾਬ ਦੇ ਵਿਕਾਸ 'ਚ ਵੀ ਪ੍ਰਵਾਸੀ ਪੰਜਾਬੀ ਉਦਯੋਗਪਤੀਆਂ ਨੂੰ ਅਹਿਮ ਯੋਗਦਾਨ ਪਾਉਣ ਲਈ ਅੱਗੇ ਆਉਣਾ ਚਾਹੀਦਾ ਹੈ। 
ਇਸ ਮੌਕੇ ਵਫਦ ਮੈਂਬਰਾਂ ਵੱਲੋਂ ਫੂਡ ਸਕਿਓਰਿਟੀ, ਸਿੱਖਿਆ, ਐਗਰੋ ਆਧਾਰਿਤ ਸਨਅਤਾਂ ਅਤੇ ਹੋਰ ਖੇਤਰਾਂ 'ਚ ਦੁਵੱਲੇ ਵਪਾਰ 'ਚ ਰੂਚੀ ਵਿਖਾਈ ਗਈ। ਕੈਨੇਡੀਅਨ ਵਫਦ ਨੇ ਸਪੀਕਰ ਨੂੰ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਗੈਰ-ਸਿਆਸੀ ਹੈ ਅਤੇ ਉਨ੍ਹਾਂ ਦਾ ਮਕਸਦ ਸਿਰਫ ਆਰਥਿਕ ਮਸਲਿਆਂ ਨੂੰ ਵਿਚਾਰਨਾ ਹੈ। ਵਫਦ ਦੇ ਇੱਕ ਮੈਂਬਰ ਜਗਦੀਸ਼ ਸਿੰਘ ਗਰੇਵਾਲ ਨੇ ਇਸ ਗੱਲ ਦੀ ਚਿੰਤਾ ਪ੍ਰਗਟਾਈ ਕਿ ਕੈਨੇਡਾ ਤੋਂ ਆਉਣ ਵਾਲੇ ਬਹੁਤੇ ਸਿਆਸੀ ਆਗੂ ਪੰਜਾਬ ਆ ਕੇ ਸਿਰਫ ਤਸਵੀਰਾਂ ਖਿਚਵਾ ਕੇ ਕੈਨੇਡਾ ਪਰਤ ਜਾਂਦੇ ਹਨ ਪਰ ਇੱਥੇ ਵਪਾਰਕ ਮੌਕਿਆਂ ਦੀ ਤਲਾਸ਼ ਲਈ ਬਹੁਤ ਘੱਟ ਹੰਭਲੇ ਮਾਰਦੇ ਹਨ।


Related News