ਓਂਟਾਰੀਓ ਦੇ ਸ਼ਹਿਰ 'ਚ ਨਵਾਂ ਖਤਰਾ, ਮੱਛਰ ਨਾਲ ਹੋ ਸਕਦੈ ਇਹ ਵਾਇਰਸ

Saturday, Aug 08, 2020 - 03:31 PM (IST)

ਓਂਟਾਰੀਓ ਦੇ ਸ਼ਹਿਰ 'ਚ ਨਵਾਂ ਖਤਰਾ, ਮੱਛਰ ਨਾਲ ਹੋ ਸਕਦੈ ਇਹ ਵਾਇਰਸ

ਟੋਰਾਂਟੋ— ਕੋਰੋਨਾ ਵਾਇਰਸ ਮਹਾਮਾਰੀ ਵਿਚਕਾਰ ਖ਼ਬਰ ਹੈ ਕਿ ਸਿਹਤ ਅਧਿਕਾਰੀਆਂ ਵੱਲੋਂ ਓਂਟਾਰੀਓ ਦੇ ਸ਼ਹਿਰ ਮਰਖ਼ਮ 'ਚ ਮੱਛਰ ਨਾਲ ਫੈਲਣ ਵਾਲੇ 'ਵੈਸਟ ਨਾਈਲ ਵਾਇਰਸ' ਦੀ ਪੁਸ਼ਟੀ ਕੀਤੀ ਗਈ ਹੈ।

ਯੌਰਕ ਰੀਜ਼ਨ ਨੇ ਸ਼ੁੱਕਰਵਾਰ ਦੇਰ ਰਾਤ ਜਾਰੀ ਇਕ ਸਮਾਚਾਰ 'ਚ ਪਾਜ਼ੀਟਿਵ ਟੈਸਟਾਂ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਵਾਰਡ ਐਵੇਨਿਊ ਅਤੇ ਰਾਜਮਾਰਗ-7 ਦੇ ਚੌਰਾਹੇ ਕੋਲ ਇਕ ਜਾਲੇ 'ਚ ਇਹ ਮੱਛਰ ਪਾਏ ਗਏ। ਯੌਰਕ ਰੀਜ਼ਨ ਦੇ ਸਿਹਤ ਵਿਭਾਗ ਦੇ ਮੈਡੀਕਲ ਅਧਿਕਾਰੀ ਡਾ. ਕਰੀਮ ਕੁਰਜੀ ਨੇ ਇਕ ਬਿਆਨ 'ਚ ਕਿਹਾ, ''ਹਾਲਾਂਕਿ, ਇਕ ਸੰਕ੍ਰਮਿਤ ਮੱਛਰ ਵੱਲੋਂ ਕੱਟੇ ਜਾਣ ਦੀ ਸੰਭਾਵਨਾ ਬਹੁਤ ਘੱਟ ਹੈ ਪਰ ਮੱਛਰਾਂ ਦੇ ਕੱਟਣ ਤੋਂ ਬਚਣ ਅਤੇ 'ਵੈਸਟ ਨਾਈਲ ਵਾਇਰਸ' ਹੋਣ ਦੀ ਸੰਭਾਵਨਾ ਨੂੰ ਘੱਟ ਕਰਨ ਲਈ ਸ਼ਹਿਰ ਦੇ ਲੋਕਾਂ ਨੂੰ ਸਵੇਰੇ-ਸ਼ਾਮ ਬਾਹਰ ਜਾਂਦੇ ਸਮੇਂ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਜਾਂਦੀ ਹੈ।''

ਉਨ੍ਹਾਂ ਕਿਹਾ ਕਿ ਇਕ ਸੰਕ੍ਰਮਿਤ ਮੱਛਰ ਦੇ ਕੱਟਣ ਨਾਲ ਵੈਸਟ ਨਾਈਲ ਵਾਇਰਸ ਹੋ ਸਕਦਾ ਹੈ ਅਤੇ ਗੰਭੀਰ ਬਿਮਾਰੀ ਹੋ ਸਕਦੀ ਹੈ। ਲੱਛਣਾਂ 'ਚ ਬੁਖਾਰ, ਮਾਸਪੇਸ਼ੀਆਂ ਦੀ ਕਮਜ਼ੋਰੀ, ਧੱਫੜ, ਸਿਰ ਦਰਦ ਅਤੇ ਰੋਸ਼ਨੀ ਪ੍ਰਤੀ ਅਚਾਨਕ ਸੰਵੇਦਨਸ਼ੀਲਤਾ ਸ਼ਾਮਲ ਹਨ। ਬਹੁਤ ਘੱਟ ਮਾਮਲਿਆਂ 'ਚ ਇਹ ਗੰਭੀਰ ਨਿਊਰੋਲਾਜੀਕਲ ਬਿਮਾਰੀ ਦਾ ਕਾਰਨ ਬਣ ਸਕਦਾ ਹੈ। ਸੰਕਰਮਣ ਤੋਂ ਬਾਅਦ ਲੱਛਣ ਆਮ ਤੌਰ 'ਤੇ ਦੋ ਅਤੇ 15 ਦਿਨਾਂ ਵਿਚਕਾਰ ਦਿਖਾਈ ਦਿੰਦੇ ਹਨ। ਅਧਿਕਾਰੀਆਂ ਨੇ ਕਿਹਾ ਕਿ ਲੋਕਾਂ ਨੂੰ ਘਰ ਦੇ ਆਸਪਾਸ ਸਫਾਈ ਰੱਖਣੀ ਦੀ ਲੋੜ ਹੈ, ਨਾਲ ਹੀ ਕਿਸੇ ਵੀ ਜਗ੍ਹਾ ਪਾਣੀ ਨਾ ਖੜ੍ਹਾ ਰੱਖੋ। ਫਿਲਹਾਲ ਓਂਟਾਰੀਓ 'ਚ ਹੁਣ ਤੱਕ ਨਾਈਲ ਵਾਇਰਸ ਦੇ ਕੋਈ ਵੀ ਮਨੁੱਖੀ ਮਾਮਲੇ ਸਾਹਮਣੇ ਨਹੀਂ ਆਏ ਹਨ।


author

Sanjeev

Content Editor

Related News