ਖ਼ਾਲਿਸਤਾਨੀ ਸਮਰਥਕਾਂ ਨੇ ਕੱਢੀ ਇੰਦਰਾ ਗਾਂਧੀ ਦੇ ਕਤਲ ਦੀ ਝਾਕੀ, ਜੈਸ਼ੰਕਰ ਬੋਲੇ, ‘‘ਕੈਨੇਡਾ ਲਈ ਇਹ ਬਿਲਕੁਲ ਠੀਕ ਨਹੀਂ’’

06/10/2023 1:22:12 AM

ਬ੍ਰੈਂਪਟਨ (ਇੰਟ.)–ਕੈਨੇਡਾ ’ਚ ਖ਼ਾਲਿਸਤਾਨੀ ਸਮਰਥਕਾਂ ਨੇ ਸਾਕਾ ਨੀਲਾ ਤਾਰਾ ਦੀ ਬਰਸੀ ’ਤੇ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਦੀ ਝਾਕੀ ਕੱਢੀ। ਇਸ ਝਾਕੀ ’ਚ ਇੰਦਰਾ ਗਾਂਧੀ ਦਾ ਕਤਲ ਕਰਦੇ ਹੋਏ ਦਿਖਾਇਆ ਗਿਆ ਹੈ। ਕੈਨੇਡਾ ਸਰਕਾਰ ਨੇ ਇਸ ਮੁੱਦੇ ’ਤੇ ਚੁੱਪ ਧਾਰੀ ਹੋਈ ਹੈ। ਮਾਮਲਾ ਕੈਨੇਡਾ ਦੇ ਬ੍ਰੈਂਪਟਨ ਸ਼ਹਿਰ ਦਾ ਹੈ। ਖ਼ਾਲਿਸਤਾਨੀ ਸਮਰਥਕਾਂ ਨੇ ਸਾਕਾ ਨੀਲਾ ਤਾਰਾ (ਆਪ੍ਰੇਸ਼ਨ ਬਲਿਊ ਸਟਾਰ) ਦੀ 39ਵੀਂ ਬਰਸੀ ’ਤੇ 4 ਜੂਨ ਨੂੰ ਪਰੇਡ ਕੱਢੀ ਸੀ। ਪਰੇਡ ’ਚ ਇਕ ਅਜਿਹੀ ਝਾਕੀ ਵੀ ਸੀ, ਜਿਸ ’ਚ ਸਾਕਾ ਨੀਲਾ ਤਾਰਾ ਦਾ ਹੁਕਮ ਦੇਣ ਵਾਲੀ ਤੱਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਗੋਲ਼ੀ ਮਾਰਦੇ ਹੋਏ ਦਿਖਾਇਆ ਗਿਆ। ਇਸ ਝਾਕੀ ਦਾ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਹੈ। ਵੀਡੀਓ ’ਚ ਇੰਦਰਾ ਗਾਂਧੀ ਖੂਨ ਨਾਲ ਲਿੱਬੜੀ ਚਿੱਟੀ ਸਾੜ੍ਹੀ ’ਚ ਹੱਥ ਉੱਪਰ ਚੁੱਕੀ ਦਿਸ ਰਹੀ ਹੈ, ਜਦਕਿ ਪੱਗ ਬੰਨ੍ਹੀ ਆਦਮੀ ਉਨ੍ਹਾਂ ਵੱਲ ਬੰਦੂਕ ਤਾਣ ਕੇ ਖੜ੍ਹੇ ਹਨ। ਇਸ ਝਾਕੀ ਦੇ ਪੋਸਟਰ ਦੇ ਪਿੱਛੇ ਲਿਖਿਆ ਸੀ,‘ਬਦਲਾ’।

ਇਸ ਵੀਡੀਓ ਨੂੰ ਟਵੀਟ ਕਰਦੇ ਹੋਏ ਕਾਂਗਰਸ ਦੇ ਨੇਤਾ ਮਿਲਿੰਦ ਦੇਵੜਾ ਨੇ ਕੈਨੇਡਾ ਸਰਕਾਰ ’ਤੇ ਸਵਾਲ ਉਠਾਇਆ ਹੈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਲੋਕ ਸੋਸ਼ਲ ਮੀਡੀਆ ’ਤੇ ਸਖਤ ਪ੍ਰਤੀਕਿਰਿਆਵਾਂ ਦੇ ਰਹੇ ਹਨ। ਉੱਧਰ ਭਾਰਤ ਦੇ ਵਿਦੇਸ਼ ਮੰਤਰਾਲਾ ਨੇ ਕੈਨੇਡਾ ਨੂੰ ਫਿਟਕਾਰ ਲਗਾਈ ਹੈ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਇਸ ’ਚ ਇਕ ਵੱਡਾ ਮੁੱਦਾ ਸ਼ਾਮਲ ਹੈ। ਸਾਨੂੰ ਵੋਟ ਬੈਂਕ ਦੀ ਸਿਆਸਤ ਤੋਂ ਉੱਪਰ ਉੱਠਣਾ ਪਵੇਗਾ। ਇਹ ਵੱਡਾ ਮੁੱਦਾ ਹੈ ਕਿ ਕੀ ਕੈਨੇਡਾ ਆਪਣੀ ਜ਼ਮੀਨ ਵੱਖਵਾਦੀਆਂ, ਕੱਟੜਪੰਥੀਆਂ, ਹਿੰਸਾ ਦੀ ਵਕਾਲਤ ਕਰਨ ਵਾਲੇ ਲੋਕਾਂ ਨੂੰ ਦੇ ਰਿਹਾ ਹੈ। ਮੈਨੂੰ ਲੱਗਦਾ ਹੈ ਕਿ ਇਹ ਰਿਸ਼ਤਿਆਂ ਲਈ ਚੰਗਾ ਨਹੀਂ ਹੈ ਅਤੇ ਖਾਸ ਤੌਰ ’ਤੇ ਕੈਨੇਡਾ ਲਈ ਤਾਂ ਬਿਲਕੁਲ ਸਹੀ ਨਹੀਂ ਹੈ।

ਇੰਦਰਾ ਗਾਂਧੀ ਦੀ ਝਾਕੀ ’ਤੇ ਵਿਰੋਧ ਤੋਂ ਬਾਅਦ ਭਾਰਤ ’ਚ ਕੈਨੇਡਾ ਦੇ ਰਾਦਜੂਤ ਕੈਮਰੂਨ ਮੈਕੇ ਨੇ ਇਸ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ’ਚ ਭਾਰਤੀ ਪ੍ਰਧਾਨ ਮੰਤਰੀ ਦੇ ਕਤਲ ਦਾ ਜਸ਼ਨ ਮਨਾਉਣ ਦੀਆਂ ਖਬਰਾਂ ਤੋਂ ਉਹ ਹੈਰਾਨ ਹਨ। ਉਨ੍ਹਾਂ ਕਿਹਾ ਕਿ ਕੈਨੇਡਾ ’ਚ ਨਫ਼ਰਤ ਜਾਂ ਹਿੰਸਾ ਦੇ ਗੁਣਗਾਨ ਲਈ ਕੋਈ ਜਗ੍ਹਾ ਨਹੀਂ ਹੈ। ਮੈਂ ਇਨ੍ਹਾਂ ਗਤੀਵਿਧੀਆਂ ਦੀ ਸਖਤ ਨਿੰਦਾ ਕਰਦਾ ਹਾਂ। ਕੁਝ ਦਿਨ ਪਹਿਲਾਂ ਹੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਰਕਾਰ ’ਚ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੋਡੀ ਥਾਮਸ ਨੇ ਕਿਹਾ ਸੀ ਕਿ ਭਾਰਤ ਉਨ੍ਹਾਂ ਦੇ ਦੇਸ਼ ਦੇ ਅੰਦਰੂਨੀ ਮਾਮਲਿਆਂ ’ਚ ਦਖਲ ਦਿੰਦਾ ਹੈ। ਉਸ ਤੋਂ ਬਾਅਦ ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ ਸੀ,‘ਉਲਟਾ ਚੋਰ ਕੋਤਵਾਲ ਨੂੰ ਡਾਂਟੇ।’

ਵੋਟ ਬੈਂਕ ਦੀ ਸਿਆਸਤ ਕਾਰਨ ਕੈਨੇਡਾ ਸਰਕਾਰ ਨਰਮ

ਕੈਨੇਡਾ ’ਚ ਪੰਜਾਬ ਤੋਂ ਜਾ ਕੇ ਵਸਣ ਵਾਲੇ ਸਿੱਖਾਂ ਦੀ ਕਾਫ਼ੀ ਵੱਡੀ ਆਬਾਦੀ ਹੈ। ਉਥੋਂ ਦੀ ਮੌਜੂਦਾ ਸਰਕਾਰ ਵੋਟ ਬੈਂਕ ਦੀ ਸਿਆਸਤ ਦੇ ਕਾਰਨ ਖ਼ਾਲਿਸਤਾਨੀਆਂ ’ਤੇ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕਰਦੀ ਹੈ। ਇਸ ਕਾਰਨ ਖ਼ਾਲਿਸਤਾਨੀ ਸਮਰਥਕ ਕੈਨੇਡਾ ’ਚ ਖੁੱਲ੍ਹੇਆਮ ਭਾਰਤ ਵਿਰੋਧੀ ਕਾਰਵਾਈਆਂ ’ਚ ਲੱਗੇ ਰਹਿੰਦੇ ਹਨ। ਉਥੇ ਹਾਲ ਦੇ ਦਿਨਾਂ ’ਚ ਹਿੰਦੂ ਮੰਦਿਰਾਂ ’ਤੇ ਹਮਲਿਆਂ ’ਚ ਵੀ ਵਾਧਾ ਹੋਇਆ ਹੈ।

‘ਰਾਹੁਲ ਗਾਂਧੀ ਨੂੰ ਵਿਦੇਸ਼ ’ਚ ਭਾਰਤ ਦੀ ਆਲੋਚਨਾ ਕਰਨ ਦੀ ਆਦਤ’ 

ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਰਾਹੁਲ ਗਾਂਧੀ ਨੂੰ ਲੰਮੇ ਹੱਥੀਂ ਲੈਂਦੇ ਹੋਏ ਵੀਰਵਾਰ ਕਿਹਾ ਕਿ ਕਾਂਗਰਸ ਨੇਤਾ ਨੂੰ ਵਿਦੇਸ਼ ’ਚ ਭਾਰਤ ਦੀ ਆਲੋਚਨਾ ਕਰਨ ਦੀ ਆਦਤ ਹੈ ਪਰ ਆਪਣੇ ਅੰਦਰੂਨੀ ਮਾਮਲਿਆਂ ਨੂੰ ਦੁਨੀਆ ਸਾਹਮਣੇ ਉਠਾਉਣਾ ਦੇਸ਼ ਦੇ ਹਿੱਤ ’ਚ ਨਹੀਂ ਹੈ। ਅਮਰੀਕਾ ’ਚ ਇਕ ਪ੍ਰੋਗਰਾਮ ’ਚ ਰਾਹੁਲ ਗਾਂਧੀ ਦੀ ਟਿੱਪਣੀ ਦੇ ਸਬੰਧ ’ਚ ਵਿਦੇਸ਼ ਮੰਤਰੀ ਨੇ ਕਿਹਾ, ‘‘ਦੁਨੀਆ ਸਾਨੂੰ ਵੇਖ ਰਹੀ ਹੈ। ਇਕ ਸਵਾਲ ਦੇ ਜਵਾਬ ’ਚ ਜੈਸ਼ੰਕਰ ਨੇ ਕਿਹਾ, ‘‘ਰਾਹੁਲ ਗਾਂਧੀ ਨੂੰ ਵਿਦੇਸ਼ ’ਚ ਭਾਰਤ ਦੀ ਆਲੋਚਨਾ ਕਰਨ ਦੀ ਆਦਤ ਹੈ। ਉਨ੍ਹਾਂ ਕਿਹਾ, ‘‘ਮੈਂ ਨਹੀਂ ਸਮਝਦਾ ਕਿ ਰਾਸ਼ਟਰੀ ਰਾਜਨੀਤੀ ਨੂੰ ਦੇਸ਼ ਤੋਂ ਬਾਹਰ ਲਿਜਾਣਾ ਰਾਸ਼ਟਰੀ ਹਿੱਤ ’ਚ ਹੋਵੇਗਾ।’’ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਸੰਸਦ ਮੈਂਬਰ ਗਾਂਧੀ ਨੇ ਹਾਲ ਹੀ ਵਿਚ ਅਮਰੀਕਾ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਲੋਚਨਾ ਕੀਤੀ ਸੀ ਅਤੇ ਵੱਖ-ਵੱਖ ਮੋਰਚਿਆਂ ’ਤੇ ਸਰਕਾਰ ਦੀਆਂ ਨੀਤੀਆਂ ਨੂੰ ਲੈ ਕੇ ਉਨ੍ਹਾਂ ’ਤੇ ਨਿਸ਼ਾਨਾ ਵਿੰਨ੍ਹਿਆ ਸੀ।


Manoj

Content Editor

Related News